ਸਾਕਾ ਸਰਹਿੰਦ : ਸਾਹਿਬਜਾਦਿਆਂ ਦੀ ‘ਸ਼ਹਾਦਤ’ ਤਾਂ ਬਿਲਕੁਲ ਲਾਸਾਨੀ ਹੈ

ਸਾਕਾ ਸਰਹਿੰਦ : ਸਾਹਿਬਜਾਦਿਆਂ ਦੀ ‘ਸ਼ਹਾਦਤ’ ਤਾਂ ਬਿਲਕੁਲ ਲਾਸਾਨੀ ਹੈ

ਸਿੱਖ ਧਰਮ ਦੀਆਂ ਸ਼ਹਾਦਤਾਂ ਵਰਗੀ ਮਿਸਾਲ ਦੁਨੀਆ ਵਿਚ ਹੋਰ ਕਿੱਧਰੇ ਨਹੀਂ ਮਿਲਦੀ ਅਤੇ ਇਨ੍ਹਾਂ ਸ਼ਹਾਦਤਾਂ ਵਿਚੋਂ ਹੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਤਾਂ ਬਿਲਕੁਲ ਲਾਸਾਨੀ ਹੈ, ਜੋ ਸਿੱਖ ਧਰਮ ਨੂੰ ਨਿਵੇਕਲਾ ਅਤੇ ਵਿਲੱਖਣ ਧਰਮ ਬਣਾਉਂਦੀ ਹੈ। ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਧ ਦਰਦਨਾਕ ਘਟਨਾ ਹੈ। ਮੁਗਲ ਸ਼ਾਸਕਾਂ ਦੀ ਦਰਿੰਦਗੀ ਅਤੇ ਸਿੱਖੀ ਸਿਦਕ ਦੇ ਸਿਖਰ ਦਾ ਸਾਕਾ ਹੈ ਸਾਕਾ ਸਰਹਿੰਦ। ਸ਼ਹੀਦੀ ਦਾ ਦਿ੍ਰਸ਼ ਜਦੋਂ ਖਿਆਲਾਂ ਵਿਚ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ।
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ (9 ਸਾਲ) ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ (7 ਸਾਲ) ਦੀ ਸ਼ਹੀਦੀ ਦਾ ਦਿ੍ਰਸ਼ ਜਦੋਂ ਖਿਆਲਾਂ ਵਿਚ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ। ਸੱਤ ਸਾਲ ਅਤੇ ਨੌਂ ਸਾਲ ਦੀ ਛੋਟੀ ਉਮਰ, ਪਹਾੜ ਵਰਗੇ ਜਿਗਰੇ, ਪੋਹ ਮਹੀਨੇ ਦੀ ਹੱਡ-ਚੀਰਵੀਂ ਠੰਡ, ਠੰਡੇ ਬੁਰਜ ਵਿਚ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਬਰਫ ਵਾਂਗ ਠਰੇ ਹੋਏ ਫਰਸ਼ ਉੱਪਰ ਬੈਠ ਕੇ ਦਾਦੀ ਮਾਂ ਨੂੰ ਹੌਸਲਾ ਦਿੰਦੇ ਹੋਏ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ, ਜ਼ਾਲਮ ਸਾਨੂੰ ਧਰਮ ਤੋਂ ਨਹੀਂ ਡੁਲਾ ਸਕਦਾ। ਸਰਹਿੰਦ ਦੇ ਸੂਬੇ ਵਜੀਦ ਖਾਂ ਦੇ ਡਰਾਵੇ ਅਤੇ ਮੌਤ ਦਾ ਭੈਅ ਵੀ ਕਲਗੀਧਰ ਦੇ ਲਾਲਾਂ ਨੂੰ ਡਰਾ ਨਹੀਂ ਸਕਿਆ। ਜਦੋਂ ਵੀ ਸੂਬਾ ਸਰਹਿੰਦ ਇਸਲਾਮ ਕਬੂਲ ਕਰਨ ਲਈ ਕਹਿੰਦਾ ਤਾਂ ਦਸਮੇਸ਼ ਦੇ ਲਾਡਲੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਹੋਏ ਮੰਨਣ ਤੋਂ ਇਨਕਾਰ ਕਰ ਦਿੰਦੇ। ਇਸ ਦਿ੍ਰਸ਼ ਨੂੰ ਮੈਂ ਜਦੋਂ ਵੀ ਆਪਣੇ ਖਿਆਲਾਂ ’ਚ ਲਿਆਉਂਦਾ ਹਾਂ ਤਾਂ ਦਿਲ ਕੰਬ ਜਾਂਦਾ ਹੈ ਅਤੇ ਨਾਲ ਹੀ ਇਸ ਗੱਲ ’ਤੇ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਕਲਗੀਧਰ ਦੇ ਸਿੱਖ ਹਾਂ, ਜਿਨ੍ਹਾਂ ਦੇ ਛੋਟੇ-ਛੋਟੇ ਪੁੱਤਰ ਵੀ ਜਾਲਮ ਦੇ ਜੁਲਮ ਦੀਆਂ ਜੜ੍ਹਾਂ ਹਿਲਾਉਣ ਦੀ ਤਾਕਤ ਰੱਖਦੇ ਸਨ। ਸਾਨੂੰ ਪ੍ਰੇਰਨਾ ਮਿਲਦੀ ਹੈ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਤੋਂ।
ਔਰੰਗਜ਼ੇਬ ਦੇ ਜ਼ੁਲਮ ਵਿਰੁੱਧ ਡਟ ਕੇ ਨੌਵੇਂ ਪਾਤਸ਼ਾਹ ਨੇ 1675 ਈਸਵੀ ਵਿਚ ਧਰਮ ਦੀ ਰਾਖੀ ਲਈ ਸ਼ਹਾਦਤ ਦੇ ਦਿੱਤੀ ਤਾਂ ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਜ਼ੁਲਮ ਦੇ ਟਾਕਰੇ ਲਈ ਸਿੱਖ ਕੌਮ ਅੰਦਰ ਕਮਾਲ ਦਾ ਜਜ਼ਬਾ ਭਰਿਆ ਤੇ 1699 ਈ. ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ। ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਫੌਜ ਕਿਸੇ ਉੱਪਰ ਹਮਲਾ ਕਰਨ ਲਈ ਤਿਆਰ ਨਹੀਂ ਸੀ ਕੀਤੀ ਸਗੋਂ ਮਜ਼ਲੂਮਾਂ ਅਤੇ ਬੇਸਹਾਰਿਆਂ ਦਾ ਸਹਾਰਾ ਬਣਨ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਕਾਰਣ ਆਮ ਲੋਕ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਲੱਗੇ ਸਨ। ਅਨੰਦਪੁਰ ਸਾਹਿਬ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਗੁਰੂ ਸਾਹਿਬ ਦਰਬਾਰ ਲਾਉਂਦੇ ਸਨ ਤਾਂ ਇਸ ਸਮੇਂ ਜੋ ਸ਼ਿਕਾਇਤਾਂ ਆਉਂਦੀਆਂ, ਉਹ ਮੁਗਲਾਂ ਨਾਲੋਂ ਵੀ ਵੱਧ ਪਹਾੜੀ ਰਾਜਪੂਤ ਰਾਜਿਆਂ ਵਿਰੁੱਧ ਆਉਂਦੀਆਂ ਸਨ।
ਮੁਗਲਾਂ ਨੇ ਗੁਰੂ ਸਾਹਿਬ ਸਾਹਮਣੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ
ਇਹ ਰਾਜੇ ਆਮ ਲੋਕਾਂ ’ਤੇ ਬਹੁਤ ਜੁਲਮ ਕਰਦੇ ਸਨ। ਪਹਾੜੀ ਰਾਜੇ ਖਾਲਸਾ ਫੌਜ ਦੀ ਮਹਾਨਤਾ ਦੇਖ ਕੇ ਈਰਖਾ ਕਰਨ ਲੱਗੇ, ਜਿਸ ਕਾਰਣ ਇਹ ਰਾਜੇ ਮੁਗਲਾਂ ਦੇ ਨਾਲ ਮਿਲ ਗਏ ਅਤੇ ਅਨੰਦਪੁਰ ਸਾਹਿਬ ਦਾ ਘਿਰਾਓ ਕਰ ਦਿੱਤਾ। ਇਸ ਸਮੇਂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਗੁਰੂ ਸਾਹਿਬ ਸਾਹਮਣੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਤੇ ਇਸ ਬਾਰੇ ਸਿੱਖਾਂ ਨੇ ਵੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਬੇਨਤੀ ਪਰਵਾਨ ਕਰਦਿਆਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਪਰ ਰਾਜਪੂਤ ਰਾਜਿਆਂ ਅਤੇ ਮੁਗਲਾਂ ਨੇ ਵਿਸ਼ਵਾਸਘਾਤ ਕਰਦਿਆਂ ਪਿੱਛੋਂ ਹਮਲਾ ਕਰ ਦਿੱਤਾ। ਇਸੇ ਦੌਰਾਨ ਰੋਪੜ ਨੇੜੇ ਸਰਸਾ ਨਦੀ ਕੋਲ ਪਹੁੰਚ ਕੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਗੁਰੂਘਰ ਦਾ ਰਸੋਈਆ ਗੰਗੂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਖੇੜੀ ਲੈ ਗਿਆ। ਇਸੇ ਦੌਰਾਨ ਹੀ ਸੂਬਾ ਸਰਹਿੰਦ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਜੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਫੜਾਏਗਾ, ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ, ਜਦੋਂ ਗੰਗੂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਚਿਆ ਕਿ ਇਕ ਤਾਂ ਇਨਾਮ ਦੀ ਰਕਮ ਮਿਲੇਗੀ ਅਤੇ ਦੂਜਾ ਮਾਤਾ ਗੁਜਰੀ ਜੀ ਕੋਲ ਜੋ ਸੋਨਾ, ਚਾਂਦੀ ਅਤੇ ਮਾਇਆ ਹੈ, ਉਹ ਵੀ ਮੇਰੀ ਹੋ ਜਾਵੇਗੀ। ਗੰਗੂ ਨੇ ਲਾਲਚ ਵਿਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਿ੍ਰਫਤਾਰ ਕਰਵਾ ਦਿੱਤਾ।
ਠੰਡੇ ਬੁਰਜ ਵਿਚ ਰੱਖਿਆ ਗਿਆ : ਦਸੰਬਰ 1704 ਈ. ਨੂੰ ਮਾਤਾ ਜੀ ਅਤੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਰਹਿੰਦ ਨੇੜੇ ਇਕ ਠੰਡੇ ਬੁਰਜ ਵਿਚ ਕੈਦ ਕਰ ਲਿਆ ਗਿਆ। ਪੋਹ ਦਾ ਮਹੀਨਾ ਸੀ, ਅੰਤਾਂ ਦੀ ਠੰਡ ਵਿਚ ਉਨ੍ਹਾਂ ਨੂੰ ਬਿਨਾਂ ਕੋਈ ਗਰਮ ਕੱਪੜਾ ਦਿੱਤੇ ਠੰਡੇ ਬੁਰਜ ਵਿਚ ਰੱਖਿਆ ਗਿਆ। ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆਂ ਉੱਪਰ ਮੁਕੱਦਮਾ ਚਲਾਉਂਦੇ ਹੋਏ ਕਾਜ਼ੀ ਨੂੰ ਬੁਲਾਇਆ ਗਿਆ ਅਤੇ ਪੁੱਛਿਆ ਗਿਆ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ। ਕਾਜ਼ੀ ਨੇ ਕਿਹਾ ਕਿ ਕੁਰਾਨ ਮੁਤਾਬਿਕ ਛੋਟੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਸ ਲਈ ਇਨ੍ਹਾਂ ਨੂੰ ਛੱਡ ਦਿੱਤਾ ਜਾਵੇ। ਸੂਬਾ ਸਰਹਿੰਦ ਬੱਚਿਆਂ ਨੂੰ ਛੱਡਣ ਦਾ ਹੁਕਮ ਦੇਣ ਹੀ ਵਾਲਾ ਸੀ ਤਾਂ ਸੁੱਚਾ ਨੰਦ ਨੇ ਕਿਹਾ ਕਿ ਬੱਚਿਓ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਬਾਹਰ ਜਾ ਕੇ ਕੀ ਕਰੋਗੇ? ਨਾਲ ਹੀ ਇਹ ਵੀ ਝੂਠ ਬੋਲਿਆ ਕਿ ਤੁਹਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੀ ਮਾਰੇ ਗਏ ਹਨ। ਸਾਹਿਬਜਾਦਿਆਂ ਨੇ ਇਕੋ ਆਵਾਜ਼ ਵਿਚ ਕਿਹਾ ਕਿ ਅਸੀਂ ਬਾਹਰ ਜਾ ਕੇ ਆਪਣੇ ਪਿਤਾ ਜੀ ਵਾਂਗ ਫੌਜ ਤਿਆਰ ਕਰ ਕੇ ਜ਼ੁਲਮ ਵਿਰੁੱਧ ਡਟ ਕੇ ਲੜਾਂਗੇ। ਇਹ ਸੁਣਦਿਆਂ ਹੀ ਸੁੱਚਾ ਨੰਦ ਨੇ ਕਿਹਾ ਕਿ ਇਨ੍ਹਾਂ ਨੂੰ ਬੱਚੇ ਸਮਝ ਕੇ ਜਿਊਂਦੇ ਛੱਡਣ ਦੀ ਗਲਤੀ ਨਾ ਕਰੋ। ਇਹ ਆਮ ਬੱਚੇ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਨ ਤੇ ਵੱਡੇ ਹੋ ਕੇ ਤੁਹਾਡੇ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦੇਣਗੇ। ਸਰਹਿੰਦ ਦੇ ਸੂਬੇ ਵਜੀਦ ਖਾਨ ਨੇ ਸੁੱਚਾ ਨੰਦ ਦੀ ਗੱਲ ਸੁਣ ਕੇ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਤੂੰ ਗੁਰੂ ਗੋਬਿੰਦ ਸਿੰਘ ਤੋਂ ਆਪਣੇ ਭਰਾ ਅਤੇ ਭਤੀਜੇ ਦੀ ਮੌਤ ਦਾ ਬਦਲਾ ਲੈਣਾ ਹੈ ਤਾਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਲੈ ਸਕਦਾ ਹੈਂ ਪਰ ਨਵਾਬ ਸ਼ੇਰ ਮੁਹੰਮਦ ਖਾਂ ਨੇ ਕਿਹਾ ਕਿ ਮੈਂ ਇਨ੍ਹਾਂ ਮਾਸੂਮ ਬੱਚਿਆਂ ਤੋਂ ਬਦਲਾ ਨਹੀਂ ਲੈਣਾ, ਜੇਕਰ ਕਦੇ ਗੁਰੂ ਗੋਬਿੰਦ ਸਿੰਘ ਨਾਲ ਟਾਕਰਾ ਹੋਇਆ ਤਾਂ ਮੈਦਾਨ ਵਿਚ ਲੜਾਂਗਾ। ਨਵਾਬ ਸ਼ੇਰ ਮੁਹੰਮਦ ਖਾਂ ਦੇ ਜਵਾਬ ਮਗਰੋਂ ਸੂਬਾ ਸਰਹਿੰਦ ਨੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਵਿਚ ਚਿਣਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਸਮੇਂ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਤੁਸੀਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਨਾ ਮਾਰੋ, ਇਹ ਇਸਲਾਮ ਧਰਮ ਦੇ ਅਸੂਲਾਂ ਦੇ ਉਲਟ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਿਓ ਪਰ ਸੁੱਚਾ ਨੰਦ ਨੇ ਫਿਰ ਜੋਰ ਦੇ ਕੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਬੱਚੇ ਸ਼ੇਰ ਦੇ ਹਨ ਅਤੇ ਸ਼ੇਰ ਅਤੇ ਸੱਪ ਦੇ ਬੱਚੇ ਵੱਡਿਆਂ ਵਾਂਗ ਹੀ ਖਤਰਨਾਕ ਹੁੰਦੇ ਹਨ। ਸੁੱਚਾ ਨੰਦ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸੂਬੇ ਨੇ ਸਾਹਿਬਜਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ। ਇਸੇ ਦੌਰਾਨ ਮਾਤਾ ਗੁਜਰੀ ਜੀ ਵੀ ਜੋਤੀ-ਜੋਤਿ ਸਮਾ ਗਏ।
ਇਸ ਸਾਕੇ ਤੋਂ ਪਹਿਲਾਂ ਵੱਡੇ ਸਾਹਿਬਜਾਦਿਆਂ ਨੇ ਵੀ ਇਸੇ ਦਸੰਬਰ ਦੇ ਮਹੀਨੇ ’ਚ ਹੀ ਚਮਕੌਰ ਸਾਹਿਬ ’ਚ ਮੁਗਲਾਂ ਦੀ ਫੌਜ ਨਾਲ ਟਾਕਰਾ ਕਰਦੇ ਹੋਏ ਸ਼ਹਾਦਤ ਦੇ ਦਿੱਤੀ। ਧੰਨ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਹੈ ਉਨ੍ਹਾਂ ਦਾ ਜਿਗਰਾ, ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਕੌਮ ਦੇ ਲੇਖੇ ਲਾ ਦਿੱਤਾ। ਉਨ੍ਹਾਂ ਇਹ ਲੜਾਈ ਭਾਰਤ ਦੇ ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜੀ। ਇਸ ਲਈ ਭਾਰਤ ਦੇ ਲੋਕ ਕਦੇ ਵੀ ਉਨ੍ਹਾਂ ਦੇ ਅਹਿਸਾਨ ਦਾ ਮੁੱਲ ਨਹੀਂ ਚੁਕਾ ਸਕਦੇ ਕਿਉਂਕਿ ਜੇਕਰ ਦਸਵੀਂ ਪਾਤਸ਼ਾਹੀ ਨਾ ਹੁੰਦੀ ਤਾਂ ਭਾਰਤ ਦਾ ਕੀ ਹਾਲ ਹੁੰਦਾ। ਇਸ ਬਾਰੇ ਬਾਬਾ ਬੁੱਲ੍ਹੇ ਸ਼ਾਹ ਨੇ ਕਿਹਾ ਹੈ ‘‘ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਰੂੰ ਅਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਬ ਕੀ।’’
ਮਨਜਿੰਦਰ ਸਿੰਘ ਸਿਰਸਾ