ਸਾਕਾ ਨੀਲਾ ਤਾਰਾ ਦੇ 40 ਸਾਲ ਪੂਰੇ!

ਸਾਕਾ ਨੀਲਾ ਤਾਰਾ ਦੇ 40 ਸਾਲ ਪੂਰੇ!

ਪੰਜਾਬ ਵਸਦੇ ਸਿੱਖ ਤੇ ਵਿਸ਼ਵ ਭਰ ਵਿਚ ਵਸਦਾ ਖਾਲਸਾ ਪੰਥ, ਜੂਨ 1984 ਤੋਂ ਬਾਅਦ, ਹਰ ਸਾਲ 1–7 ਜੂਨ ਤੱਕ ਦਾ ਸਮਾਂ ਤੀਜੇ ਘੱਲੂਘਾਰਾ, ਦੇ ਸਪਤਾਹ ਵਝੋ ਮਨਾਇਆ ਜਾਂਦਾ ਹੈ!!

19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵੱਲੋਂ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨੇ ਦੇ ਵਿਰੋਧ ਵਿੱਚ ਤੇ ਉਨ੍ਹਾਂ ਦੀ, ਬਿਨਾ ਸ਼ਰਤ ਰਿਹਾਈ ਲਈ ਡੀ ਸੀ ਅੰਮ੍ਰਿਤਸਰ ਦੀ ਕੋਠੀ ਸਾਹਮਣੇ ਧਰਨਾ ਲਾ ਕੇ ਮੋਰਚੇ ਦਾ ਆਰੰਭ ਕੀਤਾ ਸੀ !! ਸੰਤ ਜਰਨੈਲ ਸਿੰਘ ਆਪ ਦਰਬਾਰ ਸਾਹਿਬ ਅੰਦਿਰ ਗੁਰੂ ਨਾਨਕ ਨਿਵਾਸ ਵਿੱਚ ਆ ਗਏ!! ਹਰ ਰੋਜ਼ 51 ਮੈਂਬਰੀ ਜਥਾ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕਰਦਾ ਸੀ, ਜਿਨਾ ਨੂੰ ਕੋਤਵਾਲੀ ਨੇੜਿਉ ਗ੍ਰਿਫਤਾਰ ਕਰਕੇ ਜੇਲ ਵਿੱਚ ਭੇਜ ਦਿੱਤਾ ਸੀ !!
ਕਪੂਰੀ ਵਿਖੇ, ਸਤਲੁਜ ਯੁਮਨਾ ਲਿੰਕ ਨਹਿਰ ਦੀ ਖੁਦਾਈ ਵਿਰੁੱਧ, ਅਪ੍ਰੈਲ 1982 ਤੋਂ ਲਗਾ ਅਕਾਲੀ ਦਲ ਦਾ ਮੋਰਚਾ ਵੀ 4 ਅਗਸਤ 1982 ਨੂੰ ਇਸ ਵਿੱਚ ਸ਼ਾਮਿਲ ਹੋ ਗਿਆ!!
ਇਹ ਬਣ ਗਿਆ ਧਰਮ ਯੁੱਧ ਮੋਰਚਾ!!
ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸਰਦਾਰ ਸੁਖਜਿੰਦਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਲੋੰਗੋਵਾਲ ਤੋਂ ਵੱਖ ਹੋ ਚੁੱਕੇ ਸਨ, ਉਹ ਵੀ ਇਸ ਧਰਮ ਯੁੱਧ ਵਿੱਚ ਸ਼ਾਮਿਲ ਹੋ ਗਏ!! ਸੰਤ ਹਰਚੰਦ ਸਿੰਘ ਲੋਗੋਵਾਲ ਇਸ ਮੋਰਚੇ ਦੇ ਡਿਕਟੇਟਰ ਬਣੇ!
19 ਜੁਲਾਈ 1982 ਤੋਂ 1 ਜੂਨ 1984 ਤੱਕ ਕਰੀਬ 1 ਸਾਲ 10 ਮਹੀਨੇ 12 ਦਿਨ ਚਲੇ ਇਸ ਮੋਰਚੇ ਨੇ ਕਈ ਰੂਪ ਬਦਲੇ, ਅਮਨ ਕਾਨੂੰਨ ਦੀ ਸਥਿਤੀ ਵਦ ਤੋਂ ਵਦਤਰ ਹੋ ਗਈ!! ਗੱਲ-ਬਾਤ ਦੇ ਦੌਰ ਬੇ ਸਿੱਟਾ ਰਹੇ!!
ਪਹਿਲੀ ਜੂਨ 1984 ਨੂੰ ਕੇਂਦਰ ਸਰਕਾਰ ਦੀ ਨੀਤੀ ਹੇਠ, ਸੀ ਆਰ ਪੀ ਤੇ ਬੀ ਐਸ ਐਫ ਦੇ ਜਵਾਨਾਂ ਨੇ ਸ਼੍ਰੀ ਗੁਰੂ ਰਾਮ ਦਾਸ ਲੰਗਰ ਵੱਲ, ਦਿਨੇ ਕਰੀਬ 12.40 ਵਜੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸ਼ਾਮ ਤੱਕ 8 ਲੋਕ ਅੰਦਿਰ ਮਾਰੇ ਗਏ। ਜਬਾਬੀ ਫਾਇਰਿੰਗ ਅੰਦਰੋਂ ਵੀ ਹੋਈ।
ਦੇਸ਼ ਤੋਂ ਵੱਖ ਹੋਣ ਦੀ ਕੋਈ ਮੰਗ ਨਹੀਂ ਸੀ, 99.5.%.ਜੁਰਮ ਦਰਬਾਰ ਸਾਹਿਬ ਤੋਂ ਬਾਹਰ ਹੋ ਰਹੇ ਸਨ।
ਘੱਲੂਘਾਰਾ 1746 ਈ. ਤੇ 1762 ਈ ਵਿੱਚ ਛੋਟੇ ਤੇ ਵੱਡੇ ਘੱਲੂਘਾਰੇ ਹੋਏ ਸਨ, ਯਹੀਆ ਖਾ ਤੇ ਅਬਦਾਲੀ ਇਸ ਕਤਲੋ ਗ਼ਾਰਤ ਦੇ ਹੁਕਮ ਦੇਣ ਵਾਲੇ ਸਨ।
ਤੀਜਾ ਘੱਲੂਘਾਰਾ ਆਜ਼ਾਦ ਤੇ ਲੋਕ ਰਾਜ ਦੀ ਸਰਕਾਰ ਸਮੇਂ ਹੋਇਆ, ਹੁਕਮ ਦੇਣ ਵਾਲੇ ਵੀ ਚੁਣੇ ਲੋਕ ਨੁਮਾਇੰਦੇ ਸਨ, ਫੌਜ ਦਾ ਸੁਪਰੀਮ ਕਮਾਂਡਰ ਵੀ ਇਕ ਸਿੱਖ ਸੀ!! ਜ਼ਖ਼ਮ ਸਰੀਰਕ ਤੇ ਮਾਨਸਿਕ ਸਿੱਖ ਕੌਮ ਦੇ ਲੱਗੇ ਹਨ, ਮਲਮ ਲਾਉਣ ਦਾ ਕੰਮ ਕੀ ਹੋਇਆ ਤੇ ਕਿਸ ਨੇ ਕੀਤਾ?
ਆਉ ਇਕ ਹਫ਼ਤਾ ਇਸ ਘਟਨਾ ਕ੍ਰਮ ਦੀ ਪੜਚੋਲ ਤੇ ਸਵੈ ਪੜਚੋਲ ਵੀ ਕਰੀਏ। ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾ ਤੇ।
ਖੁੱਲ ਕੇ ਰਾਏ ਦੇਣ ਲਈ ਸਭ ਸਵਤੰਤਰ ਹਨ।
2 ਜੂਨ 1984
2 ਜੂਨ 1984 ਅੱਜ ਤੋਂ ਪੂਰੇ 40 ਸਾਲ ਪਹਿਲਾ ਅਮਨ ਕਾਨੂੰਨ ਦੀ ਬਿਗੜ ਰਹੀ ਸਥਿਤੀ ’ਤੇ ਕਾਬੂ ਪਾਉਣ ਲਈ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਵਿੱਚ ਅਕਤੂਬਰ 1983 ਤੋਂ ਗਵਰਨਰ ਦਾ ਰਾਜ ਸੀ।
ਚੰਡੀਗੜ੍ਹ ਗਵਰਨਰ ਹਾਊਸ ਵਿੱਚ ਪੰਜਾਬ ਦੇ ਉਸ ਸਮੇਂ ਦੇ ਹੋਮ ਸੈਕਟਰੀ ਸ਼੍ਰੀ ਅਮਰੀਕ ਸਿੰਘ ਪੂਨੀ ਨੇ ਪੰਜਾਬ ਨੂੰ ਫੌਜ ਹਵਾਲੇ ਕਰਨ ਦੀ ਬੇਨਤੀ ਤੇ ਦਸਤਖ਼ਤ ਕੀਤੇ। ਸ਼੍ਰੀ ਕੇ ਡੀ ਵਾਸੂਦੇਵਾ ਵੀ ਹਾਜ਼ਰ ਸੀ। ਪੰਜਾਬ ਦੇ ਗਵਰਨਰ ਸ਼੍ਰੀ ਬੀ ਡੀ ਪਾਂਡੇ ਸਨ। ਕਿਸੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਫੌਜ ਨੂੰ ਕਾਰਵਾਈ ਲਈ ਆਗਿਆ ਦੀ ਲੋੜ ਨਹੀਂ ਰਹਿ ਗਈ ਸੀ ਤੇ ਨਾ ਹੀ ਕਿਸੇ ਨੇ ਇਸ ਦਾ ਵਿਰੋਧ ਕੀਤਾ।
ਰੇਲ ਰੋਡ ਤੇ ਹਵਾਈ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ। ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ।
ਉਸ ਰੋਜ਼ ਸ੍ਰੀ ਗੁਰੂ ਅਰਜਣ ਦੇਵ ਜੀ ਦਾ ਸ਼ਹੀਦੀ ਪੁਰਬ ਵੀ ਸੀ, ਦੂਰ ਨੇੜੇ ਤੋਂ ਹਜ਼ਾਰਾਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਈਆਂ ਹੋਈਆਂ ਸਨ। ਸੀਆਰਪੀ ਤੇ ਬੀਐਸਐਫ ਵੱਲੋਂ ਰੁਕ ਰੁਕ ਕੇ ਫਾਈਰੰਗ ਵੀ ਜਾਰੀ ਸੀ।
ਉਸ ਤੋਂ ਪਹਿਲਾ ਵਕਤ ਦੇ ਆਈ ਜੀ ਪੁਲਿਸ ਪੰਜਾਬ ਸ਼੍ਰੀ ਪ੍ਰੀਤਮ ਸਿੰਘ ਭਿੰਡਰ ਦੇ ਦਫਤਰ ਵਿੱਚ ਉਚ ਫ਼ੌਜੀ ਅਧਿਕਾਰੀ ਪੰਜਾਬ ਖੁਫੀਆ ਵਿਭਾਗ ਦੇ ਉਚ ਅਫਸਰਾ ਨੂੰ ਮਿਲੇ ਸਨ, ਜਿਨ੍ਹਾਂ ਸ਼੍ਰੀ ਦਰਬਾਰ ਸਾਹਿਬ ਅੰਦਰਲੇ ਹਾਲਾਤਾਂ ਤੇ ਸੰਤ ਜਰਨੈਲ ਸਿੰਘ ਵੱਲੋਂ ਜਵਾਬੀ ਹਮਲਾ ਕਰਨ ਦੀ ਗੱਲ ਸਪਸ਼ਟ ਕਰ ਦਿੱਤੀ ਸੀ। ਇਹ ਵੀ ਦੱਸਿਆ ਸੀ ਕਿ ਕਰੀਬ 125 ਅਜਿਹੇ ਸਿੰਘ ਵੀ ਨਾਲ ਹਨ ਜੋ ਅੰਤਿਮ ਸਮੇਂ ਤੱਕ ਲੜ ਕੇ ਮਰਨ ਤੱਕ ਜਾਣਗੇ।
ਜੂਨ ਦਾ ਮਹੀਨਾ ਤੇ ਅਤਿ ਦੀ ਗਰਮੀ ਸੀ।
ਪੰਜਾਬ ਵਿੱਚ ਫਿਰਕੂ ਮਤਭੇਦ ਪੈਦਾ ਹੋਣ ਦੀ ਇਕ ਲੰਬੀ ਕਹਾਣੀ ਸੀ। ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ ਅੰਮ੍ਰਿਤਸਰ ਨੂੰ ਅੱਗ ਲਾਉਣ ਦੀ ਘਟਨਾ, ਸਿਗਰਟ ਬੀੜੀ ਦੇ ਹੱਕ ਵਿੱਚ ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਦਾ ਵਿਰੋਧ, ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਚਿੱਤਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿੱਚ ਤੋੜਨ, ਢਿਲਵਾ ਵਿੱਚ ਇਕ ਫ਼ਿਰਕੇ ਦੇ ਛੇ ਵਿਅਕਤੀਆਂ ਦਾ ਬੱਸ ਵਿੱਚੋਂ ਲਾਹ ਕੇ ਮਾਰਨ ਵਰਗੀਆਂ ਵਾਰਦਾਤਾਂ ਨੇ ਦੋਨਾਂ ਵੱਡੇ ਫ਼ਿਰਕਿਆਂ ਵਿੱਚ ਇਕ ਦੂਜੇ ਪ੍ਰਤੀ ਸ਼ੰਕੇ ਪੈਦਾ ਕਰ ਦਿੱਤੇ ਸਨ। ਪੰਜਾਬੀ ਬੋਲੀ, ਗੁਰਮੁਖੀ ਲਿਪੀ, ਸ਼੍ਰੀ ਗੁਰੂ ਨਾਨਕ ਦੇਵ ਯੁਨੀਵਰਸਟੀ ਦੀ ਸਥਾਪਨਾ ਦਾ ਵਿਰੋਧ ਦੀ ਲੜੀ ਟੁੱਟਣ ਦਾ ਨਾ ਨਹੀਂ ਲੈ ਰਹੀ ਸੀ।
ਸਰਕਾਰ ਤੇ ਸਮਾਜਿਕ ਆਗੂਆਂ ਵੱਲੋਂ ਉਸ ਵਕਤ ਤੇ ਅੱਜ ਤੱਕ ਵੀ ਫਿਰਕੂ ਸਦਭਾਵਨਾ ਬਣਾਉਣ ਲਈ ਕੋਈ ਵੱਡਾ ਉਪਰਾਲਾ ਨਹੀਂ ਕੀਤਾ ਗਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ, ਵਿਸਾਖੀ ਵਾਲੇ ਦਿਨ ਜਾਣ ਬੁੱਝ ਕੇ ਅੰਮ੍ਰਿਤਸਰ ਵਿੱਚ ਸਮਾਗਮ ਕਰਕੇ ਸਮੱਸਿਆ ਖੜ੍ਹੀ ਕਰਨ ਵਾਲਿਆਂ ਵਿਰੁੱਧ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਤੇ ਹੁਣ ਵੀ ਕਰਨਾ ਚਾਹੀਦਾ ਹੈ।
3 ਜੂਨ 1984
ਐਤਵਾਰ 3 ਜੂਨ 1984 ਸਾਰਾ ਪੰਜਾਬ ਫੌਜ ਹਵਾਲੇ ਸੀ, ਮੁਕੰਮਲ ਕਰਫਿਊ ਲਗਾ ਹੋਇਆ ਸੀ। ਸ਼੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲਿਆਂ ਦੀ ਗਿਣਤੀ ਨਾ ਦੇ ਬਰਾਬਰ ਸੀ। ਸ਼ਹਿਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਸੀ। ਟੈਲੀਫੂਨ ਸਰਵਿਸ ਵੀ ਬੰਦ ਕਰ ਦਿੱਤੀ ਗਈ। ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਸੀ।
ਦਰਬਾਰ ਸਾਹਿਬ ਦੇ ਬਾਹਰੋਂ ਪਬਲਿਕ ਰਿਲੇਸ਼ਨ ਵੱਲੋਂ ਅੰਦਰ ਦੇ ਲੋਕਾਂ ਨੂੰ ਸਰੈਡਰ ਕਰਨ ਲਈ ਆਖਿਆ ਜਾ ਰਿਹਾ ਸੀ।
ਲਾਉਡ ਸਪੀਕਰ ਦੀ ਬਹੁਤ ਘੱਟ ਆਵਾਜ਼ ਅੰਦਿਰ ਜਾ ਰਹੀ ਸੀ, ਇਸੇ ਕਰਕੇ ਬਹੁਤੇ ਲੋਕ ਬਾਹਰ ਨਹੀਂ ਆਏ।
ਸਰਦਾਰ ਗੁਰਦਿਆਲ ਸਿੰਘ ਪੰਧੇਰ, ਉਸ ਸਮੇਂ ਦੇ ਡੀਆਈਜੀ, ਬੀਐਸਐਫ, ਅੰਮ੍ਰਿਤਸਰ ਵੱਲੋਂ ਜਰਨਲ ਕੇ ਐਸ ਬਰਾੜ ਦੇ ਹੁਕਮਾਂ ਨੂੰ ਵਿਚਾਰਨ ਦੀ ਗੱਲ ਕਹਿਣ ਤੇ ਹੀ ਕਾਰਵਾਈ ਕਰ ਦਿੱਤੀ ਗਈ। ਫੌਜ ਹਮਲੇ ਦੀ ਕਾਹਲੀ ਵਿੱਚ ਸੀ ਸ਼ਾਇਦ ਬਰਾੜ ਸਾਹਿਬ ਦੂਜੇ ਵਿਆਹ ਦਾ ਹਨੀਮੂਨ ਵਿੱਚੇ ਛੱਡ ਕੇ ਮੇਰਠ ਤੋਂ ਆਏ ਸਨ।
ਸ਼੍ਰੀ ਅਪਾਰ ਸਿੰਘ ਬਾਜਵਾ ਡੀਐਸਪੀ ਸਿਟੀ ਅੰਮ੍ਰਿਤਸਰ ਨੂੰ ਦਰਬਾਰ ਸਾਹਿਬ ਅੰਦਿਰ ਸੰਤ ਭਿੰਡਰਾਵਾਲੇ ਨੂੰ ਮਨਾਉਣ ਲਈ ਭੇਜਿਆ ਗਿਆ, ਪਰ ਉਹ ਅਕਾਲੀ ਦਲ ਦੇ ਦਫਤਰ ਤੋਂ ਅੱਗੇ ਨਾ ਜਾ ਸਕਿਆ। ਕੇਂਦਰੀ ਖੁਫੀਆ ਏਜੰਸੀ ਦੇ ਅਧਿਕਾਰੀ ਵੀ ਟੈਲੀਫੂਨ ਬੰਦ ਹੋਣ ਕਰਕੇ ਸੰਤ ਭਿੰਡਰਾਵਾਲੇ ਨਾਲ ਸੰਪਰਕ ਕਰ ਸਕੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸੰਤ ਜਰਨੈਲ ਸਿੰਘ ਤੱਕ ਪਹੁੰਚ ਨਹੀਂ ਕਰ ਸਕੇ।
ਸਰਦਾਰ ਮਨਜੀਤ ਸਿੰਘ ਤਰਨ ਤਾਰਨੀ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਕਰੀਬੀਆਂ ਵਿੱਚ ਦਰਬਾਰ ਸਾਹਿਬ ਅੰਦਿਰ ਸਨ, ਟੈਲੀਫੂਨ ਸੁਨਣ ਦੀ ਜ਼ੁੰਮੇਵਾਰੀ ਤੇ ਤਾਲਮੇਲ ਦਾ ਕੰਮ ਵਿੱਚ ਸਹਿਯੋਗ ਕਰਦੇ ਸਨ।
ਗੋਲੀ ਬਾਹਰੋਂ ਫੌਜ ਵੱਲੋਂ ਚਲ ਰਹੀ ਸੀ , ਅੰਦਰੋਂ ਜਵਾਬ ਘੱਟ ਸੀ ਸ਼ਾਇਦ ਗੋਲੀ ਸਿੱਕਾ ਬਚਾਉਣ ਦੀ ਨੀਤੀ ਸੀ।
ਅਜੀਬ ਇਤਿਫਾਕ ਹੈ ਕਿ ਸੰਤ ਜਰਨੈਲ ਸਿੰਘ ਨੂੰ ਸਰਡੰਰ ਕਰਾਉਣ ਜਾਂ ਗ੍ਰਿਫਤਾਰ ਕਰਨ ਲਈ ਫੌਜ ਤਿਆਰੀ ਕਰ ਰਹੀ ਸੀ, ਉਸਦੇ ਵਿਰੁੱਧ ਮੁਕੱਦਮਾ ਕੀ ਸੀ?
1981 ਵਿੱਚ ਅਸਲਾ ਜਮ੍ਹਾਂ ਨਾ ਕਰਾਉਣ ਵਾਲੇ ਕੇਸ ਦੀ ਮੈਂ ਤਫ਼ਤੀਸ਼ ਕੀਤੀ, ਉਹ ਰਿਕਾਰਡ ਮੁਤਾਬਕ ਝੂਠਾ ਸੀ, ਕਿਉਂਕਿ ਉਸ ਲਾਇਸੰਸ ਤੇ ਕੋਈ ਹਥਿਆਰ ਖ਼ਰੀਦਿਆ ਹੀ ਨਹੀਂ ਸੀ ਗਿਆ।
ਲਾਲਾ ਜਗਤ ਨਰਾਇਣ ਕਤਲ ਕੇਸ ਵਿੱਚ ਚੰਦੋ ਕਲਾਂ ਬੱਸਾਂ ਸਾੜੀਆਂ ਗਈਆਂ, ਸੰਤ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ, ਅਗਲੇ ਦਿਨ ਗ੍ਰਿਫਤਾਰੀ ਕਰਨ ਲਈ, ਮਹਿਤੇ ਸੱਤ ਦਿਨ ਦੇ ਦਿੱਤੇ, 20 ਸਤੰਬਰ 1981 ਨੂੰ ਗ੍ਰਿਫਤਾਰੀ ਸਮੇਂ, 12 ਤੋਂ ਵੱਧ ਬੰਦੇ ਪੁਲਿਸ ਗੋਲੀ ਨਾਲ ਮਾਰ ਕੇ, 15 ਅਕਤੂਬਰ 1981 ਨੂੰ ਰਿਹਾਅ ਕਰ ਦਿੱਤਾ ਕਿਉਂਕਿ ਕੋਈ ਸਬੂਤ ਪੁਲਿਸ ਪੇਸ਼ ਨਹੀਂ ਕਰ ਸਕੀ। ਬਿਨਾ ਸਬੂਤਾਂ ਤੋਂ ਗ੍ਰਿਫ਼ਤਾਰੀ ਤੇ ਫੇਰ ਬਿਨਾ ਚਾਲਾਨ ਪੇਸ਼ ਕੀਤੇ ਰਿਹਾਈ, ਇਹ ਸੀ ਸਰਕਾਰੀ ਤੰਤਰ ਦੀ ਯੋਗਤਾ, ਘੱਲੂਘਾਰਾ ਕਰਨ ਦੀ ਤਿਆਰੀ ਤੇ ਮੁੱਖ ਦੋਸ਼ੀ ਵਿਰੁੱਧ ਮੁਕੱਦਮਾ ਇਕ ਵੀ ਨਹੀਂ?
ਰਾਜਨੀਤੀ ਵੱਲ ਗੱਲਬਾਤ ਕਰਦੇ ਕਰਦੇ, ਇਕ ਦਮ ਫੌਜ ਦੀ ਚੜ੍ਹਾਈ ਇਕ ਵੀ ਮੰਗ ਕੇਂਦਰ ਸਰਕਾਰ ਨੇ ਮੰਨ ਕੇ, ਮਾਹੌਲ ਸ਼ਾਤੀ ਕਰਨ ਵੱਲ ਕੋਈ ਉੱਦਮ ਨਹੀਂ ਕੀਤਾ।
ਇਹ ਸਵਾਲ ਆਉਣ ਵਾਲੀ ਪੀੜੀ ਲਈ ਬਣੇ ਰਹਿਣਗੇ।
4 ਜੂਨ 1984
ਸੋਮਵਾਰ 4 ਜੂਨ 1984 ਨੂੰ ਦਰਬਾਰ ਸਾਹਿਬ ਵੱਲ ਫੌਜ ਨੇ ਮੋਰਟਾਰ ਤੇ ਲਾਇਟ ਮਸ਼ੀਨ ਗਨਾਂ ਨਾਲ ਜਬਰ ਦਸਤ ਫਾਇਰਿੰਗ ਸਵੇਰੇ 4 ਵਜੇ ਸ਼ੁਰੂ ਕਰ ਦਿੱਤੀ। ਜਰਨਲ ਸ਼ਬੇਗ ਸਿੰਘ ਨੇ ਦਰਬਾਰ ਸਾਹਿਬ ਸਮੂਹ ਦੀਆਂ ਉਚੀਆਂ ਬਿਲਡਿੰਗਾਂ ਤੇ ਚਾਰੇ ਪਾਸੇ ਪੱਕੀ ਮੋਰਚਾ ਬੰਦੀ ਕੀਤੀ ਹੋਈ ਸੀ। ਹੇਠ ਕਮਰਿਆਂ ਵਿੱਚੋਂ ਵੀ ਖਾੜਕੂਆਂ ਵੱਲੋਂ ਫਾਇਰਿੰਗ ਹੋ ਰਹੀ ਸੀ।
ਬੁੰਗਾ ਰਾਮਗੜ੍ਹੀਆ ਤੇ ਗੁਰੂ ਨਾਨਕ ਨਿਵਾਸ ਦੇ ਪਿੱਛੇ ਪਾਣੀ ਦੀ ਟੈਂਕੀ ਤੇ ਮੋਰਟਾਰ ਗੰਨ ਨਾਲ ਹਮਲਾ ਕੀਤਾ ਜਾ ਰਿਹਾ ਸੀ ! ਇਤਿਹਾਸਕ ਬੁੰਗੇ ਨੂੰ ਕਾਫ਼ੀ ਨੁਕਸਾਨ ਪੁੱਜਿਆ।
ਫ਼ੌਜੀ ਕਮਾਡੋਂ ਪਰਿਕਰਮਾ ਵਿੱਚ ਉਤਰਦੇ ਹੀ ਗੋਲੀਆਂ ਦਾ ਸ਼ਿਕਾਰ ਹੋਣ ਲੱਗ ਪਏ। ਦੋਵੇਂ ਪਾਸੇ ਭਾਰੀ ਜਾਨੀ ਨੁਕਸਾਨ ਹੋ ਰਿਹਾ ਸੀ।
ਸੰਤ ਜਰਨੈਲ ਸਿੰਘ, ਜਰਨਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਆਦਿ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਮੋਰਚਾ ਲਾ ਕੇ ਬੈਠੇ ਸਨ। ਸੰਤ ਹਰਚੰਦ ਸਿੰਘ ਲੋੰਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ, ਮਨਜੀਤ ਸਿੰਘ ਤਰਨਤਾਰਨੀ, ਅਬਨਾਸ਼ੀ ਸਿੰਘ ਆਦਿ, ਟੌਹੜਾ ਸਾਹਿਬ ਦੀ ਰਿਹਾਇਸ਼ ਵਿੱਚ ਸਨ।
ਖਾੜਕੂ ਫੌਜ ਦਾ ਮੁਕਾਬਲਾ ਕਰ ਰਹੇ ਸਨ, ਅਕਾਲੀ ਆਗੂ ਦੋਹਰੀ ਮਾਰ ਥੱਲੇ ਸਨ। ਮਨੁੱਖਤਾ ਦਾ ਘਾਣ ਹੋ ਰਿਹਾ ਸੀ।
ਸੁਖਦੇਵ ਸਿੰਘ ਬੱਬਰ, ਮੋਹਣ ਸਿੰਘ ਬਜਾਜ ਆਦਿ ਬੱਬਰ ਗਲੀ ਬਾਗ਼ਬਾਲੀ ਵੱਲੋਂ ਪਹਿਲਾਂ ਹੀ ਖਿਸਕ ਗਏ ਸਨ।
ਇੰਦਰਜੀਤ ਸਿੰਘ ਬਾਗ਼ੀ ਵਰਦੀਆਂ ਗੋਲੀਆਂ ਵਿੱਚ ਬੀਬੀ ਅਮਰਜੀਤ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਦਾਰ ਗੁਰਚਰਨ ਸਿੰਘ ਟੌਹੜਾ ਦੀ ਰਹਾਇਸ਼ ਤੱਕ ਸ਼ਾਮ ਨੂੰ ਲੈ ਆਇਆ।
ਫ਼ੌਜੀ ਅਫਸਰਾਂ ਦੇ 2 ਘੰਟੇ ਵਿੱਚ ਸੰਤ ਜਰਨੈਲ ਸਿੰਘ ਤੇ ਸਾਥੀਆਂ ਨੂੰ ਕਾਬੂ ਕਰਨ ਦੇ ਦਮਗਜੇ ਸਹੀ ਸਬੂਤ ਨਹੀਂ ਹੋਏ।
ਫੌਜ ਸਾਰੇ ਪੰਜਾਬ ਵਿੱਚ ਕਾਰਵਾਈ ਕਰ ਰਹੀ ਸੀ 40 ਤੋਂ ਵੱਧ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਤਾਲਾਸ਼ੀ, ਗ੍ਰਿਫ਼ਤਾਰੀਆਂ ਤੇ ਮੁਕਾਬਲਿਆਂ ਵਿੱਚ ਲੋਕ ਮਰ ਰਹੇ ਸਨ।
ਬਾਹਰ ਕਰਫਿਊ ਦੀ ਸਖ਼ਤੀ ਸੀ ਤੇ ਅੰਦਰ ਗੋਲੀਆਂ ਨਾਲ ਸਭ ਨੂੰ ਅੰਦਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਇਸੇ ਤਰ੍ਹਾਂ ਹੀ ਚਲ ਰਿਹਾ ਸੀ।
ਪੁਲਿਸ, ਸੀਆਰਪੀ ਤੇ ਬੀਐਸਐਫ ਫੌਜ ਥੱਲੇ ਕੰਮ ਕਰ ਰਹੀ ਸੀ, ਸਿਵਲ ਪ੍ਰਸ਼ਾਸਨ ਵੀ ਫੌਜ ਦੀ ਹਰ ਤਰ੍ਹਾਂ ਮਦਦ ਕਰ ਰਿਹਾ ਸੀ।
ਇਸ ਦਿਨ ਮਰਨ ਵਾਲਿਆਂ ਦੀ ਗਿਣਤੀ 100 ਤੋਂ ਟੱਪ ਗਈ ਸੀ।
5 ਜੂਨ 1984
5 ਜੂਨ 1984 ਦਿਨ ਮੰਗਲਵਾਰ ਸਵੇਰੇ ਤੋਂ ਫੌਜ, ਸੀਆਰਪੀ ਤੇ ਬੀਐਸਐਫ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਅੰਦਰ ਤੇ ਬਾਹਰਲੀਆਂ ਇਮਾਰਤਾਂ ਵੱਲ ਫਾਇਰਿੰਗ ਕੀਤੀ ਜਾ ਰਹੀ, 25 ਪਾਉੰਡਰ ਮੋਰਟਾਰ ਗੰਨਾ ਤੇ ਮਸ਼ੀਨ ਗੰਨਾ ਵੀ ਚਲ ਰਹੀਆਂ ਸਨ।
ਇਸ ਜ਼ਬਰਦਸਤ ਹਮਲੇ ਨਾਲ ਬ੍ਰਹਮਬੂਟਾ ਅਖਾੜਾ ਜੋ ਸ਼੍ਰੀ ਗੁਰੂ ਰਾਮ ਦਾਸ ਲੰਗਰ ਦੇ ਨੇੜੇ ਹੈ ਤੇ ਟੈਂਪਲ ਵਿਊ ਹੋਟਲ ’ਤੇ ਫੌਜ ਦਾ ਕਬਜ਼ਾ ਹੋ ਗਿਆ, ਖਾੜਕੂ ਜਾਂ ਤਾਂ ਮਾਰੇ ਗਏ ਜਾਂ ਪਰਿਕਰਮਾ ਵੱਲ ਲੁਕ ਛੁਪ ਕੇ ਨਿਕਲ ਗਏ।
ਪਾਣੀ ਵਾਲੀ ਟੈਂਕੀ ਵਾਲਾ ਤੇ ਬੂੰਗਾ ਰਾਮਗੜ੍ਹੀਆ ਦਾ ਮੋਰਚਾ ਵੀ ਟੁੱਟ ਚੁੱਕਾ ਸੀ।
ਸ਼੍ਰੀ ਹਰਿਮੰਦਰ ਸਾਹਿਬ ਅੰਦਿਰ ਦੇ ਗ੍ਰੰਥੀ ਸਿੰਘ ਭੁੱਖੇ ਭਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਭਾਅ ਰਹੇ ਸਨ, ਸ਼ਰਧਾਲੂ ਕੋਈ ਵੀ ਉੱਥੇ ਪੁੱਜ ਨਹੀਂ ਸੀ ਸਕਦਾ।
ਧਰਮ-ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਇਕ ਜਥਾ ਮਾਲਬੇ ਤੋਂ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰਾਇਆ ਹੋਇਆ ਸੀ। ਬਹੁਤ ਸਾਰੇ ਸ਼ਰਧਾਲੂ ਵੀ ਸਰਾਵਾਂ ਵਿੱਚ ਸਨ। ਫੌਜ ਦੀਆਂ ਗੋਲੀਆਂ ਨਾਲ ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਉਨ੍ਹਾਂ ਦੀ ਹੀ ਸੀ।
ਸਭ ਤੋਂ ਵੱਡੀ ਸਮੱਸਿਆ ਰੋਟੀ ਪਾਣੀ ਦੀ ਸੀ, ਜੂਨ ਦੀ ਤਪਦੀ ਗਰਮੀ ਵਿੱਚ ਪਿਆਸ ਨਾਲ ਹਰ ਵਿਅਕਤੀ ਔਖਾ ਸੀ। ਜਥੇਦਾਰ ਟੌਹੜਾ, ਸੰਤ ਲੋੰਗੋਵਾਲ ਤੇ ਉਨ੍ਹਾਂ ਦੇ ਸਾਥੀ ਵੀ ਪਾਣੀ ਲਈ ਤੜਪ ਰਹੇ ਸਨ। ਸ਼ਰਧਾਲੂਆ ਨਾਲ ਆਏ ਛੋਟੇ ਬਚਿਆਂ ਦੀ ਹਾਲਤ ਬਹੁਤ ਮਾੜੀ ਸੀ, ਭੁੱਖਿਆਂ ਨੂੰ ਵੀ ਦੋ ਦਿਨ ਹੋ ਗਏ ਸਨ।
ਹੁਣ ਲੜਾਈ ਆਰ-ਪਾਰ ਦੀ ਹੋ ਰਹੀ ਸੀ। ਪਰਿਕਰਮਾ ਵਿੱਚ ਰਾਤ ਦੇ ਹਨੇਰੇ ਵਿੱਚ ਦਾਖਲ ਹੋ ਰਹੇ ਕਮਾਂਡੋ ਕਮਰਿਆਂ ਵਿੱਚ ਬੈਠੇ ਖਾੜਕੂਆਂ ਦੀ। ਗੋਲੀ ਦਾ ਸ਼ਿਕਾਰ ਹੋ ਰਹੇ ਸਨ।
ਦੁਪਹਿਰ ਤੋਂ ਬਾਅਦ ਸੰਤ ਜਰਨੈਲ ਸਿੰਘ ਵੱਲੋਂ ਭੇਜੇ ਚਾਰ ਸਿੰਘ ਸੰਤ ਲੌਗੋਵਾਲ ਤੇ ਜਥੇਦਾਰ ਟੌਹੜਾ ਦੇ ਕਮਰੇ ਵਿੱਚ ਪੁੱਜੇ ਤੇ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਦਾ ਸੁਨੇਹਾ ਦਿੱਤਾ ਕਿ ਸੰਤਾਂ ਨੇ ਆਖਿਆ ਹੈ “ਕਿ ਅਕਾਲੀ ਆਗੂ ਖਾਲਿਸਤਾਨ ਦਾ ਐਲਾਨ ਕਰ ਦੇਣ, ਫੇਰ ਪਾਕਿਸਤਾਨ ਮਦਦ ਤੇ ਆ ਜਾਵੇਗਾ’’ ਸੰਤ ਲੌਗੋਵਾਲ ਤਾਂ ਚੁੱਪ ਰਹੇ, ਪਰ ਜਥੇਦਾਰ ਟੌਹੜਾ ਨੇ ਜਬਾਬ ਦਿੱਤਾ ਕਿ “ਟੈਲੀਫੂਨ ਕੱਟ ਦਿੱਤੇ ਗਏ ਹਨ, ਪ੍ਰੈਸ ਨਾਲ ਤਿੰਨ ਦਿਨ ਦਾ ਸੰਪਰਕ ਨਹੀਂ ਹੈ, ਅਸੀਂ ਇਹ ਬਿਆਨ ਦੇਣ ਵਿੱਚ ਅਸਮਰਥ ਹਾਂ, ਸੰਤਾਂ ਨੂੰ ਸੁਨੇਹਾ ਦੇ ਦਿਉ ਕਿ ਉਹ ਖਾਲਿਸਤਾਨ ਦਾ ਐਲਾਨ ਕਰ ਦੇਣ ਅਕਾਲੀ ਦਲ ਤੁਹਾਡੇ ਨਾਲ ਹੈ’’ ਨੌਜਵਾਨ ਵਾਪਸ ਚਲੇ ਗਏ।
ਦੋਵੇਂ ਵੱਡੇ ਲੀਡਰ ਤਾਂ ਇਸ ਸੰਸਾਰ ਵਿੱਚ ਨਹੀਂ ਪਰ, ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਤੇ ਸਰਦਾਰ ਮਨਜੀਤ ਸਿੰਘ ਤਰਨਤਾਰਨੀ ਤੇ ਬੀਬੀ ਅਮਰਜੀਤ ਕੌਰ ਤੇ ਹੋਰ ਇਸਦੇ ਗਵਾਹ ਅਜੇ ਮੌਜੂਦ ਹਨ। ਘਰਾਂ ਵਿੱਚ ਕੈਦ ਪੰਜਾਬ ਫੌਜ ਦੀ ਗੌਲੀ ਤੋਂ ਡਰਦਾ ਸਹਿਮਿਆ ਹੋਇਆ ਬੈਠਾ ਸੀ।
ਇਸ ਸਾਰੇ ਘਟਨਾ ਕ੍ਰਮ ਲਈ ਕੋਣ ਜ਼ੁੰਮੇਵਾਰ ਸੀ ਕੇੰਦਰ ਦੀ ਉਸ ਸਮੇਂ ਦੀ ਸਰਕਾਰ, ਮੌਕਾਪ੍ਰਸਤ ਰਾਜਸੀ ਆਗੂ ਕਿ ਵਿਦੇਸ਼ੀ ਤਾਕਤਾਂ ਇਹ ਸਵਾਲਾਂ ਦੇ ਜਬਾਬ ਇਤਿਹਾਸ ਤੇ ਆਉਣ ਵਾਲੀਆਂ ਨਸਲਾਂ ਜ਼ਰੂਰ ਮੰਗਣਗੀਆਂ। ਗੱਲ ਇਹ ਵੀ ਹੋਵੇਗੀ ਕਿ ਇਸ ਦੀ ਭਰਪਾਈ ਲਈ ਕੌਮੀ ਆਗੂਆਂ ਨੇ ਕੀ ਉੱਦਮ ਕੀਤਾ?
6 ਜੂਨ 1984
6 ਜੂਨ 1984 ਬੁੱਧਵਾਰ ਸਵੇਰ ਤੱਕ, ਫੌਜ ਨੇ ਸਾਰੀ 5 ਜੂਨ ਰਾਤ ਤੋਂ ਜਾਰੀ ਹਮਲੇ ਨਾਲ ਦਰਬਾਰ ਸਾਹਿਬ ਦੇ ਨਾਲ ਲੱਗਦੀਆਂ ਬਿਲਡਿੰਗਾਂ ਤੇ ਕਬਜ਼ਾ ਕਰ ਲਿਆ ਸੀ।
ਅੱਧੀ ਰਾਤ ਆਰਮਡ ਪਰਸਨਲ ਕੈਰੀਅਰ ਵਹੀਕਲ ਦੇ ਤਬਾਹ ਹੋਣ ਨਾਲ ਕੇਂਦਰ ਦੀ ਮਨਜ਼ੂਰੀ ਨਾਲ ਫੌਜ ਨੇ ਟੈਂਕ ਅੰਦਰ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡਾ ਹਿੱਸਾ ਢਾਹ ਦਿੱਤਾ, ਇਸ ਦੇ ਨਾਲ ਹੀ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਆਦਿ ਵੱਡੇ ਆਗੂ ਵੀ ਸ਼ਹੀਦ ਹੋ ਗਏ।
ਇਕ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੇ ਜਵਾਬ ਵਿੱਚ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰੇ ਬਹੁਤ ਯਾਤਰੂ ਮਾਰ ਦਿੱਤੇ।
ਹੱਥ ਖੜ੍ਹੇ ਕਰਨ ਵਾਲਿਆਂ ਵਿੱਚੋਂ ਵੀ ਬਹੁਤ ਕੰਧ ਨਾਲ ਖੜੇ੍ਹ ਕਰਕੇ ਗੋਲੀਆਂ ਦਾ ਸ਼ਿਕਾਰ ਬਣਾ ਦਿੱਤਾ।
ਮਰਨ ਵਾਲਿਆਂ ਦੀ ਗਿਣਤੀ ਆਪਣੇ ਆਪਣੇ ਅੰਦਾਜ਼ੇ ਹਨ, ਪਰ ਜਦੋਂ ਅਨੁਸ਼ਾਸਨ ਵਿੱਚ ਕੰਮ ਕਰਨ ਵਾਲੀ ਫੌਜ ਭਾਵੁਕ ਹੋ ਕੇ ਹੱਥ ਖੜ੍ਹੇ ਕਰਨ ਵਾਲਿਆਂ ਤੇ ਨਿਹੱਥਿਆਂ ਨੂੰ ਗੋਲੀਆਂ ਨਾਲ ਭੁੰਨ ਦੇਵੇ ਤਾਂ ਕਾਨੂੰਨ ਦੀ ਇਜ਼ਤ ਤਾਂ ਕਿਸੇ ਵੀ ਨਹੀਂ ਕੀਤੀ?
ਦੋ ਹਜ਼ਾਰ ਤੋਂ ਵੱਧ ਔਰਤਾਂ ਤੇ ਮਰਦ ਬੱਚੇ ਪਿਆਸ ਨਾਲ ਤੜਫਦੇ ਬੰਨ੍ਹੇ ਹੋਏ ਸਨ, ਚਾਰ ਦਿਨ ਪਿਆਸੇ ਰਹਿਣਾ ਬੜਾ ਮੁਸ਼ਕਲ ਕੰਮ ਸੀ।
ਸੰਤ ਹਰਚੰਦ ਸਿੰਘ ਲੌਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਰਦਾਰ ਮਨਜੀਤ ਸਿੰਘ ਤਰਨਤਾਰਨੀ, ਦਰਸ਼ਨ ਸਿੰਘ ਈਸਾਪੁਰ, ਅਬਨਾਸ਼ੀ ਸਿੰਘ ਤੇ ਬੀਬੀ ਅਮਰਜੀਤ ਕੌਰ ਗ੍ਰਿਫਤਾਰ ਕਰ ਲਏ ਗਏ। ਕਾਬੂ ਤਾਂ ਸਰਦਾਰ ਬਲਵੰਤ ਸਿੰਘ ਰਾਮੂਵਾਲਿਆ ਵੀ ਕਰ ਲਏ ਸਨ ਪਰ ਗ੍ਰਿਫਤਾਰ ਕਿਉਂ ਨਹੀਂ ਹੋਏ? ਇਹ ਭੇਦ ਉਹ ਹੀ ਦਸ ਸਕਦੇ ਹਨ।
ਮਹਿਲ ਸਿੰਘ ਬੱਬਰ ਨੇ ਪਾਕਿਸਤਾਨ ਵਿੱਚ ਇਕ ਸਿੱਖ ਜਥੇ ਦੇ ਆਗੂ ਨੂੰ ਦੱਸਿਆ ਸੀ ਕਿ ਉਹ ਏਅਰ ਫੋਰਸ ਵਿੱਚੋਂ ਰਿਟਾਇਰ ਹਨ ਤੇ ਵਾਇਰਲੈਸ ਕਰਨਾ ਜਾਣਦੇ ਹਨ। ਸੰਤ ਜਰਨੈਲ ਸਿੰਘ ਨੇ ਉਸਨੂ ਪਾਕਿਸਤਾਨ ਨੂੰ ਵਾਇਰਲੈਸ ਕਰਨ ਲਈ ਆਖਿਆ ਸੀ ਪਰ ਫਿਰੀਕੁਅੰਸੀ ਕਿਸੇ ਨੂੰ ਪਤਾ ਨਹੀਂ ਸੀ।
ਭਾਈ ਮਨਜੀਤ ਸਿੰਘ ਆਦਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਲਿਸਟ ਵਿੱਚ ਨਾਂ ਲਿਖਵਾ ਕੇ ਫੌਜ ਨੂੰ ਚਕਮਾ ਦੇ ਕੇ ਗ੍ਰਿਫਤਾਰ ਹੋ ਗਏ। ਛੋਟੀ ਮੋਟੀ ਲੜਾਈ ਤਾ ਦੋ ਦਿਨ ਹੋਰ ਚਲੀ ਪਰ ਧਰਮ ਯੁੱਧ ਮੋਰਚੇ ਦਾ ਦੁਖਦ ਅੰਤ ਹੋ ਗਿਆ। ਕੌਮੀ ਨੁਕਸਾਨ ਦਾ ਕੌਈ ਮਾਪ ਦੰਡ ਨਹੀਂ ਪਰ ਕੌਮੀ ਆਗੂਆਂ ਦੀ ਦੂਰ-ਅੰਦੇਸ਼ੀ ਤੇ ਕੌਮ ਨੂੰ ਸਕੰਟ ਵਿੱਚੋਂ ਬਚਾਉਣ ਲਈ ਬਹਾਦੁਰੀ ਕਿਧਰੇ ਨਜ਼ਰ ਨਹੀਂ ਆਈ। ਸ਼੍ਰੀਮਤੀ ਇੰਦਰਾ ਗਾਂਧੀ ਨੇ ਅਕਤੂਬਰ ਨਬੰਵਰ 1983 ਵਿੱਚ ਅਕਾਲੀ ਆਗੂਆ ਨਾਲ ਇਕ ਮੀਟਿੰਗ ਵਿੱਚ ਫੌਜ ਦਰਬਾਰ ਸਾਹਿਬ ਅੰਦਿਰ ਭੇਜਣ ਦੀ ਧਮਕੀ ਦੇ ਦਿੱਤੀ ਸੀ, ਜਥੇਦਾਰ ਟੌਹੜਾ ਨੇ ਇਸ ਵਾਰੇ ਮਤਾ ਵੀ ਐਸਜੀਪੀਸੀ ਵੱਲੋਂ ਪਾ ਦਿੱਤਾ ਸੀ। ਪਰ ਕੌਮੀ ਨੀਤੀ ਕੋਈ ਨਹੀਂਂ ਬਣਾਈ।
ਸੰਤ ਲੌਗੋਵਾਲ ਨੂੰ ਉਹਨਾਂ ਦੀ ਜਾਨ ਨੂੰ ਖਾੜਕੂਆਂ ਵੱਲੋਂ ਖ਼ਤਰੇ ਬਾਰੇ ਦੱਸਿਆ ਸੀ ਤੇ ਗ੍ਰਿਫਤਾਰੀ ਦੇ ਕੇ ਮੋਰਚਾ ਖਤਮ ਕਰਨ ਦੀ ਸਲਾਹ 15 ਮਈ ਨੇੜੇ ਹੀ ਦਿੱਤੀ ਗਈ ਸੀ, ਪਰ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਦੀ ਇਕ ਚਿੱਠੀ ਵਿਖਾਈ ਜਿਸ ਵਿੱਚ ਜਲਦੀ ਹੀ ਧਾਰਮਿਕ ਮੰਗਾਂ ਮਨ ਲੈਣ ਦੀ ਗੱਲ ਕੀਤੀ ਗਈ ਸੀ। ਇਹ ਊਠ ਦਾ ਬੁਲ ਕਦੇ ਵੀ ਨਹੀਂ ਢਿਗਿਆ। ਕਿਉਂਕਿ ਇਸ ਮੰਗਾਂ ਮੰਨਣ ਤੋਂ ਬਆਦ ਜੈਕਾਰੇ ਮਾਰਦੇ ਉਨ੍ਹਾਂ ਦਾ ਬਾਹਰ ਨਿਕਲਣ ਦਾ ਮਨਸੂਬਾ ਸੀ।
ਇਹ ਵੱਡੇ ਕੌਮੀ ਨੁਕਸਾਨ ਦੀ ਪ੍ਰਾਪਤੀ ਕੀ ਹੋਈ? ਅੱਜ ਵੀ ਧਾਰਮਿਕ ਤੇ ਰਾਜਨੀਤਿਕ ਆਗੂ ਛੇ ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਭਾਸ਼ਨ, ਅੰਦਰ ਅਖੰਡ ਪਾਠ ਤੇ ਬਾਹਰ ਖਾਲਿਸਤਾਨ ਦੇ ਨਾਅਰੇ ਮਾਰ ਕੇ ਹਰ ਸਾਲ ਪੁਲਿਸ ਨੂੰ ਦਰਬਾਰ ਸਾਹਿਬ ਅੰਦਰ ਆਉਣ ਦਾ ਮੌਕਾ ਦਿੰਦੇ ਹਨ। 364 ਦਿਨ ਸੁੱਤੇ ਰਹਿੰਦੇ ਹਨ।
ਖਾਲਿਸਤਾਨ ਦੇ ਬਿਨਾ ਨੀਤੀ ਨਾਅਰੇ ਮਾਰਦੇ, ਪੰਜਾਬ ਨੂੰ ਖਾਲੀ – ਸਥਾਨ ਬਣਾਉਣ ਵੱਲ ਤੁਰੇ ਲੱਗਦੇ ਹਾਂ, ਪੰਜਾਬ ਵਸਦੇ ਸਿੱਖ ਭਾਈਚਾਰੇ ਦੀ ਕੀ ਰਾਏ ਹੈ? ਨਾ ਵਿੱਦਿਆ ਹੈ ਨਾ ਰੋਜ਼ਗਾਰ ਨਾ ਹੀ ਡਾਕਟਰੀ ਸਹੂਲਤਾਂ, ਬੱਚੇ ਭੱਜੇ ਹਨ ਬਾਹਰ ਨੂੰ ਤੇ ਪੂਰਬੀਏ ਬਣਦੇ ਜਾ ਰਹੇ ਹਨ ਮਾਲਕ।
ਗੁਰਮਤਿ ਤੇ ਗੁਰਮੁਖੀ ਜ਼ਿੰਦਾ ਰੱਖਣ ਲਈ ਉੱਦਮ ਕਰਨਾ ਸਮੇਂ ਦੀ ਮੰਗ ਹੈ।
7 ਜੂਨ 1984
7 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਲਗਭਗ ਖਤਮ ਹੋ ਗਈ ਸੀ, ਪਰ ਲਾਇਬ੍ਰੇਰੀ ਵਿੱਚੋਂ ਲੱਗੀ ਅੱਗ ਦਾ ਧੂੰਆਂ ਕਈ ਦਿਨ ਤੱਕ ਨਿਕਲਦਾ ਰਿਹਾ। ਪੂਰੇ ਪੰਜਾਬ ਤੇ 36 ਹੋਰ ਗੁਰਦੁਆਰਾ ਸਾਹਿਬਾਨ ਵਿੱਚ ਫ਼ੌਜੀ ਕਾਰਵਾਈ ਚਲਦੀ ਰਹੀ
ਸਿੱਖ ਕੌਮ ਦੇ ਦਿਲ ਤੇ ਭਾਵਨਾਵਾਂ ਨੂੰ ਲੱਗੇ ਫਟ ਅਜੇ ਤੱਕ ਵੀ ਅੱਲੇ ਹਨ।
ਬਹੁਤ ਨੌਜਵਾਨ ਪੁਲਿਸ ਤੇ ਫ਼ੌਜੀ ਦਸਤਿਆਂ ਦੇ ਜ਼ੁਲਮ ਦੇ ਸ਼ਿਕਾਰ ਹੋਏ ਤੇ ਕਰੀਬ 400 ਤਾਂ ਬਾਰਡਰ ਪਾਰ ਗੁਆਂਢੀ ਮੁਲਕ ਪੁੱਜ ਗਏ, ਜਿਸ ਪਾਸੋਂ ਦਰਬਾਰ ਸਾਹਿਬ ਹਮਲੇ ਸਮੇਂ, ਭਾਰਤ ਤੇ ਹਮਲਾ ਕਰਨ ਦੀ ਆਸ ਕੀਤੀ ਜਾਂਦੀ ਹੈ। ਕੁਝ ਅੱਜ ਵੀ ਊਠ ਦੇ ਬੁਲ ਡਿਗਣ ਦਾ ਇੰਤਜ਼ਾਰ ਉੱਥੇ ਬੈਠੇ ਕਰ ਰਹੇ ਹਨ।
ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਵਾਗਤ ਵੀ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਂ ਕੁੱਤਾ ਰਾਜ ਬਹਾਲੀਐ ਵਰਗੇ ਸ਼ਬਦਾਂ ਨਾਲ ਹੋਇਆ, ਇਹ ਬਲੂੰਦਰੇ ਹਿਰਦਿਆਂ ਤੋਂ ਨਿਕਲਦੇ ਹੁੰਝੂ ਤੇ ਦੁਰਾਅਸੀਸਾਂ ਸਨ। ਸ਼੍ਰੀ ਅਕਾਲ ਤਖਤ ਦਾ ਢਹਿ ਢੇਰੀ ਹੋ ਜਾਣਾ ਇਕ ਇਤਿਹਾਸਕ ਗਲਤੀ ਸੀ, ਜਿਸਨੂੰ ਕੌਮ ਮੁਆਫ ਕਰ ਦੇਵੇਗੀ, ਇਸ ਬਾਰੇ ਤਾਂ ਸੋਚਣਾ ਵੀ ਗਲਤੀ ਹੋਵੇਗੀ। ਆਸਥਾ ਦੇ ਕੇਂਦਰ ਤੇ ਗੁਰੂ ਸਾਹਿਬਾਨ ਵੱਲੋਂ ਕਰ ਕਮਲਾ ਨਾਲ ਸੇਵਾ ਕਰ ਉਸਾਰੇ ਕੇਵਲ ਇਹ ਹੀ ਦੋ ਸਥਾਨ ਹਨ।
ਇਹ ਸਮੁੱਚਾ ਘਟਨਾਕ੍ਰਮ ਕੁਝ ਜ਼ਰੂਰੀ ਸਵਾਲ ਵੀ ਖੜ੍ਹੇ ਕਰਦਾ ਹੈ?

  1. ਕੀ ਸ਼੍ਰੀ ਦਰਬਾਰ ਸਾਹਿਬ ਤੇ ਇਸ ਫ਼ੌਜੀ ਹਮਲੇ ਤੋਂ ਬਚਿਆ ਜਾ ਸਕਦਾ ਸੀ?
  2. ਇਹ ਘਟਨਾਕ੍ਰਮ ਕਿਵੇਂ ਹੋਇਆ ਤੇ ਭਵਿੱਖ ਵਿੱਚ ਅਜਿਹਾ ਨਾ ਹੋਵੇ, ਇਸ ਬਾਰੇ ਸੰਬੰਧਤ ਧਿਰਾਂ ਦੀ ਕੀ ਰਣਨੀਤੀ ਬਣੀ?
  3. ਇਸ ਨਾਲ ਸੰਬੰਧਤ ਧਿਰਾਂ ਨੇ ਕੀ ਪ੍ਰਾਪਤੀ ਕੀਤੀ?
  4. ਕੀ ਇਹ ਧਰਮ ਸਥਾਨ ਜੋ ਪ੍ਰੇਰਣਾਸਰੋਤ ਤੇ ਆਸਥਾ ਦੇ ਕੇਂਦਰ ਹਨ, ਸਿੱਖ ਰਾਜਨੀਤੀ ਦਾ ਕਦੇ ਕੇਂਦਰ ਰਹੇ ਹਨ, ਗੁਰੂ ਸਾਹਿਬਾਨ ਦਾ ਜੀਵਨ ਕਾਲ, ਮਿਸਲਾਂ ਤੇ ਖਾਲਸਾ ਰਾਜ ਦਾ ਪੰਜਾਹ ਸਾਲ ਦਾ ਇਤਿਹਾਸ ਕੀ ਸੇਧ ਦਿੰਦਾ ਹੈ?
  5. ਪਿਛਲੇ 36 ਸਾਲ ਵਿੱਚ ਇਸ ਰਾਹੀਂ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰਾਂ ਤੇ ਪੰਥਕ ਆਗੂਆਂ ਨੇ ਕੀ ਕਾਰਵਾਈ ਕੀਤੀ ਤੇ ਨੌਜਵਾਨਾਂ ਵੱਲੋਂ, ਭਾਵਨਾਵਾਂ ਅਧੀਨ ਹੋਈਆਂ ਗਲਤੀਆਂ ਨੂੰ ਮੁਆਫ ਕਰਨ ਤੇ ਮੁੱਖ ਧਾਰਾ ਵਿੱਚ ਸਥਾਪਤ ਕਰਨ ਲਈ ਕੀ ਕੀਤਾ?
  6. ਪੰਜਾਬੀ ਬੋਲੀ ਜਾ ਸ਼੍ਰੀ ਗੁਰੂ ਗ੍ਰਥੰ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਸੰਘਰਸ਼ ਕਰਦੇ ਅਕਾਲੀ ਜਾਂ ਸਿੱਖ ਲੀਡਰਾਂ ਦੇ ਢੰਗ ਨਾਲ ਸਹਿਮਤ ਨਾ ਹੁੰਦੇ ਹੋਏ ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਿਰੋਧ ਜਾ ਅਸਹਿਮਤੀ ਪ੍ਰਗਟ ਕਰਦੇ ਪਏ ਸਮਾਜਿਕ ਦੁਫੇੜ ਨੂੰ ਖਤਮ ਕਰਨ ਲਈ ਸੰਬੰਧਤ ਧਿਰਾਂ ਨੇ ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ’ ਵਾਲੇ ਭਾਈਚਾਰੇ ਦੀ ਬਹਾਲੀ ਲਈ ਕੀ ਕੀਤਾ?
  7. ਕੀ ਗੁਆਂਢੀ ਮੁਲਕ ਸਿੱਖ ਸਮਾਜ ਤੇ ਧਰਮ ਦਾ ਹਿਤੈਸ਼ੀ ਹੈ? ਜਾਂ ਆਪਣੇ ਸੌੜੇ ਹਿੱਤਾਂ ਲਈ ਕੌਮੀ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ?
  8. ਕੁਝ ਐਸਜੀਪੀਸੀ ਵੱਲੋਂ ਨਿਯੁਕਤ ਐਕਟ ਅਨੂਸਾਰ ਪੁਜਾਰੀ ਜਾਂ ਪੰਥਕ ਸ਼ਬਦਾਵਲੀ ਵਿੱਚ ਜਥੇਦਾਰ, ਪੂਰੀ ਕੌਮ ਜੋ ਦੁਨੀਆ ਭਰ ਵਿੱਚ ਬੈਠੀ ਹੈ, ਬਾਰੇ ਫੈਸਲਾ ਲੈ ਸਕਦੇ ਹਨ? ਜਾਂ ਕਿਸੇ ਰਾਜਨੀਤਿਕ ਪਾਰਟੀ ਜਾਂ ਪਾਰਟੀਆਂ ਨਾਲ ਸੰਬੰਧਤ ਤੇ ਪ੍ਰਚਾਰਕਾਂ ਦੇ ਕੁਝ ਜਥੇਦਾਰ ਕੌਮੀ ਫ਼ੈਸਲੇ ਲੈ ਸਕਦੇ ਹਨ? ਜਾਂ ਯਹੂਦੀਆਂ ਜਾਂ ਹੋਰ ਧਰਮਾਂ ਵਾਂਗ, ਕੋਈ ਸਰਬਪ੍ਰਵਾਨਿਤ ਸੰਸਥਾ ਕੌਮੀ ਫ਼ੈਸਲਿਆਂ ਲਈ ਨਹੀਂ ਬਨਣੀ ਚਾਹੀਦੀ?
  9. ਪੂਰੇ ਪੰਜਾਬ ਤੇ ਖ਼ਾਸ ਕਰਕੇ ਸਿੱਖ ਸਮਾਜ ਦਾ 1982 ਤੋਂ 1993 ਤੱਕ ਚਲੇ ਸੰਘਰਸ਼ ਤੇ ਹੁਣ ਤੱਕ ਸੁਲਘਦੀ ਅੱਗ ਨੂੰ ਬੁਝਾਉਣ ਤੇ ਪੰਜਾਬੀ ਦੀ ਆਰਥਿਕ ਤਰੱਕੀ ਲਈ ਕੀ ਹੋਇਆ ਤੇ ਹੋਣਾ ਚਾਹੀਦਾ ਹੈ ਬਾਰੇ ਕੇਂਦਰੀ ਤੇ ਪੰਜਾਬ ਸਰਕਾਰ ਦੀ ਨੀਤੀ ਕੀ ਹੈ?
  10. ਕੀ 20/25 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾ ਨਹੀਂ ਕਰ ਦੇਣਾ ਚਾਹੀਦੀ?
    ਸਵਾਲ ਤਾ ਹੋਰ ਵੀ ਬਹੁਤ ਸਾਰੇ ਹਨ।
    ਪਹਿਲੇ ਸਵਾਲ ਦੇ ਜਵਾਬ ਬਾਰੇ, ਆਪਣੀ ਰਾਏ ਪੇਸ਼ ਕਰਦਾ ਹਾਂ, ਕਿਉਂਕਿ ਇਸ ਸਾਰੇ ਘਟਨਾਕ੍ਰਮ ਜਾ ਇਤਿਹਾਸ ਦਾ ਹਿੱਸਾ ਰਿਹਾ ਹਾਂ। ਜੇਕਰ ਸਮੇਂ ਤੇ ਨੇਕ ਨਿਯਤ ਨਾਲ ਕੰਮ ਕੀਤਾ ਜਾਂਦਾ, ਤਾਂ ਇਸ ਦੀ ਬਿਲਕੁਲ ਲੋੜ ਨਹੀਂ ਪੈਣੀ ਸੀ। ਸਰਕਾਰ ਦੀ ਬੇਇਮਾਨੀ ਜੋ ਇੰਦਰਾ ਨੂੰ ਦੇਵੀ ਬਣਾ 1984 ਦੇ ਅੰਤ ਵਿੱਚ ਸਿੱਖਾਂ ਦੀ ਬਲੀ ਦੇ ਕੇ ਚੋਣ ਜਿੱਤਣਾ ਚਾਹੁੰਦੀ ਸੀ, ਅਕਾਲੀ ਆਗੂਆਂ ਦੀ ਕਾਇਰਤਾ ਤੇ ਮੌਕਾਪ੍ਰਸਤੀ ਤੇ ਖਾੜਕੂਆਂ ਦੀ ਰਾਜਨੀਤੀਕ ਦਾਉ ਪੇਚਾਂ ਬਾਰੇ ਅਗਿਆਨਤਾ, ਬਾਕੀ ਪੰਜਾਬੀ ਆਗੂਆਂ ਵੱਲੋਂ ਸੱਚ ਲਈ ਹਾਂ ਦਾ ਨਾਅਰਾ ਨਾ ਮਾਰਨਾ ਜ਼ੁੰਮੇਵਾਰ ਲਗਦਾ ਹੈ।
    ਵਿਚਾਰ ਆਪਣੇ ਆਪਣੇ ਹੁੰਦੇ ਹਨ, ਇਸ ਬਾਰੇ ਚਰਚਾ ਹੀ ਨਹੀਂ ਵਿਚਾਰ ਕਰ ਰਣਨੀਤੀ ਸਮੇਂ ਦੀ ਲੋੜ ਹੈ।
    ਵਾਹਿਗੁਰੂ ਜੀ ਕੀ ਫ਼ਤਿਹ !!