ਸਾਊਦੀ ਅਰਬ ਨਾਲ ਇਤਿਹਾਸਕ ਸਮਝੌਤਾ ਰੋਕਣ ਲਈ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ: ਬਾਇਡਨ

ਸਾਊਦੀ ਅਰਬ ਨਾਲ ਇਤਿਹਾਸਕ ਸਮਝੌਤਾ ਰੋਕਣ ਲਈ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ: ਬਾਇਡਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸਾਊਦੀ ਅਰਬ ਨਾਲ ਇਜ਼ਰਾਈਲ ਦੇ ਸਬੰਧ ਸੁਖਾਵੇਂ ਬਣਨ ਤੋਂ ਰੋਕਣ ਲਈ ਹਮਾਸ ਨੇ ਯਹੂਦੀ ਮੁਲਕ ’ਤੇ ਹਮਲਾ ਕੀਤਾ ਹੈ। ਉਨ੍ਹਾਂ ਇਸ ਗੱਲ ਦਾ ਖ਼ਦਸ਼ਾ ਇਕ ਪ੍ਰੋਗਰਾਮ ਦੌਰਾਨ ਜਤਾਇਆ। ਯੇਰੂਸ਼ਲਮ ਅਤੇ ਰਿਆਧ ਦੇ ਸਬੰਧ ਪਿਛਲੇ ਕੁਝ ਸਮੇਂ ਤੋਂ ਸੁਧਰ ਰਹੇ ਹਨ ਅਤੇ ਬਾਇਡਨ ਦੋਵੇਂ ਮੁਲਕਾਂ ਨੂੰ ਇਕਜੁੱਟ ਕਰਨ ’ਚ ਸਹਾਇਤਾ ਕਰ ਰਿਹਾ ਹੈ। ਭਾਰਤ ’ਚ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਸਮੁੰਦਰੀ ਲਾਂਘੇ ਦਾ ਐਲਾਨ ਕੀਤਾ ਗਿਆ ਸੀ ਜਿਸ ’ਚ ਸਾਊਦੀ ਅਰਬ ਸਮੇਤ ਹੋਰ ਮੁਲਕ ਵੀ ਸ਼ਾਮਲ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਸਤੰਬਰ ’ਚ ਸੰਯੁਕਤ ਰਾਸ਼ਟਰ ਆਮ ਸਭਾ ਦੌਰਾਨ ਬਾਇਡਨ ਨਾਲ ਮੁਲਾਕਾਤ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਅਗਵਾਈ ਹੇਠ ਇਜ਼ਰਾਈਲ ਅਤੇ ਸਾਊਦੀ ਅਰਬ ਵਿਚਕਾਰ ਇਤਿਹਾਸਕ ਸਾਂਤੀ ਸਮਝੌਤਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦਾ ਅਰਬ ਅਤੇ ਮੁਸਲਿਮ ਮੁਲਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।