ਸਾਈਬਰ ਕਰਾਈਮ: ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਕਾਬੂ

ਸਾਈਬਰ ਕਰਾਈਮ: ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਕਾਬੂ

ਨਵੀਂ ਦਿੱਲੀ – ਦਿੱਲੀ ਪੁਲੀਸ ਨੇ ਐੱਫਬੀਆਈ ਲੀਗਲ ਅਟੈਚ ਅਤੇ ਇੰਟਰਪੋਲ ਦੇ ਸਹਿਯੋਗ ਨਾਲ ਅਮਰੀਕੀ ਨਾਗਰਿਕਾਂ ਨਾਲ ਫ਼ਰਜ਼ੀ ਕਾਲ ਸੈਂਟਰਾਂ ਜ਼ਰੀਏ ਦੋ ਕਰੋੜ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਮੁਲਜ਼ਮ ਪਰਥ ਅਰਮਰਕਰ (28), ਵਤਸਲ ਮਹਿਤਾ (29), ਦੀਪਕ ਅਰੋੜਾ (45) ਅਤੇ ਪ੍ਰਸ਼ਾਂਤ ਕੁਮਾਰ (45) ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਯੁਗਾਂਡਾ ਅਤੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕਾਲ ਸੈਂਟਰ ਚਲਾ ਰਹੇ ਸਨ। ਸਪੈਸ਼ਲ ਕਮਿਸ਼ਨਰ ਆਫ ਪੁਲੀਸ (ਵਿਸ਼ੇਸ਼ ਸੈੱਲ) ਐੱਚਐੱਸ ਧਾਲੀਵਾਲ ਨੇ ਦੱਸਿਆ ਕਿ ਗੁਜਰਾਤ ਦੇ ਅਹਿਮਦਾਬਾਦ ਦਾ ਵਸਨੀਕ ਮਹਿਤਾ ਗਰੋਹ ਦਾ ਮੁੱਖ ਸਰਗਨਾ ਸੀ ਅਤੇ ਉਹ ਯੂਗਾਂਡਾ ਸਥਿਤ ਕਾਲ ਸੈਂਟਰ ਦੇ ਕੰਮਕਾਜ ਦੀ ਨਿਗਰਾਨੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਜਾਰੀ ਹੈ।