ਸ਼ੰਘਾਈ ਸਹਿਯੋਗ ਸੰਗਠਨ ਅਤੇ ਭਾਰਤ

ਸ਼ੰਘਾਈ ਸਹਿਯੋਗ ਸੰਗਠਨ ਅਤੇ ਭਾਰਤ

ਵਿਵੇਕ ਕਾਟਜੂ

ਲੰਘੀ 4-5 ਮਈ ਨੂੰ ਗੋਆ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਵਿਦੇਸ਼ ਮੰਤਰੀ ਕੌਂਸਲ ਦੀ ਮੀਟਿੰਗ ਦੀ ਸਮਾਪਤੀ ਮੌਕੇ ਕੀਤੇ ਗਏ ਪ੍ਰੈਸ ਸੰਮੇਲਨ ਦੌਰਾਨ ਇਕ ਭਾਰਤੀ ਪੱਤਰਕਾਰ ਨੇ ਸਾਡੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੂੰ ਸਵਾਲ ਕੀਤਾ: “ਕੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵਲੋਂ (ਮੀਡੀਆ ਨਾਲ ਗੱਲਬਾਤ ਦੌਰਾਨ) ਧਾਰਾ 370 ਦਾ ਵਾਰ ਵਾਰ ਹਵਾਲਾ ਦੇਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਗੱਲ ਨੂੰ ਹਜ਼ਮ ਕਰਨ ਲਈ ਤਿਆਰ ਨਹੀਂ ਹੈ ਕਿ ਧਾਰਾ 370 ਰੱਦ ਹੋ ਚੁੱਕੀ ਹੈ।” ਇਸ ’ਤੇ ਸ੍ਰੀ ਜੈਸ਼ੰਕਰ ਨੇ ਜੋ ਜਵਾਬ ਦਿੱਤਾ, ਉਹ ਉਨ੍ਹਾਂ ਦੀ ਲੜਾਕੂ ਸ਼ੈਲੀ ਦਾ ਉਮਦਾ ਨਮੂਨਾ ਬਣ ਗਿਆ ਜਿਸ ਕਰ ਕੇ ਉਨ੍ਹਾਂ ਦੇ ਪ੍ਰਸ਼ੰਸਕ ਅਸ਼ ਅਸ਼ ਕਰ ਉੱਠੇ ਹਨ। ਉਨ੍ਹਾਂ ਕਿਹਾ, “… ਜਾਗੋ ਅਤੇ ਕੌਫ਼ੀ ਦੀ ਮਹਿਕ ਸੁੰਘੋ। ਧਾਰਾ 370 ਹੁਣ ਇਤਿਹਾਸ ਬਣ ਚੁੱਕੀ ਹੈ, ਲੋਕ ਜਿੰਨੀ ਜਲਦੀ ਇਹ ਸਮਝ ਲੈਣ, ਓਨਾ ਹੀ ਬਿਹਤਰ ਹੈ।”

ਬਿਨਾ ਸ਼ੱਕ, ਜੰਮੂ ਕਸ਼ਮੀਰ ਵਿਚ ਹੋਈਆਂ ਸੰਵਿਧਾਨਕ ਤਬਦੀਲੀਆਂ ਬਾਰੇ ਜੈਸ਼ੰਕਰ ਦੀ ਗੱਲ ਸਹੀ ਹੈ। ਉਨ੍ਹਾਂ ਦੀ ਇਹ ਗੱਲ ਵੀ ਸਹੀ ਹੈ ਕਿ ਐੱਸਸੀਓ ‘ਪ੍ਰਮੁੱਖ ਯੂਰੇਸ਼ੀਆਈ ਗਰੁਪ’ ਹੈ ਜਿਸ ਦੀ ਮੈਂਬਰਸ਼ਿਪ ਸਦਕਾ ‘ਸਾਡੇ ਹਿੱਤਾਂ ਦੀ ਸੇਵਾ ਹੁੰਦੀ ਹੈ’। ਯੂਰੇਸ਼ੀਆ ਖਿੱਤੇ ਅੰਦਰ ਅਹਿਮ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਕਰ ਕੇ ਭਾਰਤ ਦੇ ਹਿੱਤਾਂ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਦਰਅਸਲ, ਸਾਡੇ ਬਹੁਤ ਹੀ ਗਿਆਨਵਾਨ ਅਤੇ ਸਰਗਰਮ ਵਿਦੇਸ਼ ਮਾਮਲਿਆਂ ਦੇ ਮੰਤਰੀ ਨੂੰ ਉਸ ਸਲਾਹ ’ਤੇ ਖੁਦ ਅਮਲ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਧਾਰਾ 370 ਦੇ ਪ੍ਰਸੰਗ ਵਿਚ ਦਿੱਤੀ ਸੀ। ਇਰਾਨ ਤੋਂ ਲੈ ਕੇ ਮੱਧ ਏਸ਼ਿਆਈ ਗਣਰਾਜਾਂ ਤੱਕ ਸਮੁੱਚੇ ਖਿੱਤੇ ਨੂੰ ਇਕਜੁੱਟ ਕਰਨ ਬਾਬਤ ਚੀਨ ਦੀਆਂ ਚਾਰਾਜੋਈਆਂ ਬਾਰੇ “ਆਪਣੀਆਂ ਅੱਖਾਂ ਖੋਲ੍ਹਣ ਤੇ ਕੌਫ਼ੀ ਦੀ ਮਹਿਕ ਸੁੰਘਣ” ਦੀ ਲੋੜ ਹੈ। ਖਿੱਤੇ ਦੇ ਕੁਝ ਦੇਸ਼ ਭਾਵੇਂ ਨਿੱਜੀ ਤੌਰ ’ਤੇ ਭਾਰਤ ਨਾਲ ਸਬੰਧਾਂ ਵਿਚ ਨਿਵੇਸ਼ ਕਰਦੇ ਰਹਿਣ ਪਰ ਤਾਂ ਵੀ ਇਹ ਇਕਜੁੱਟਤਾ ਦੀ ਪ੍ਰਕਿਰਿਆ ਦਾ ਅਖੀਰ ਨੂੰ ਭਾਰਤੀ ਹਿੱਤਾਂ ’ਤੇ ਬੁਰਾ ਪ੍ਰਭਾਵ ਪਵੇਗਾ।

ਸ੍ਰੀ ਜੈਸ਼ੰਕਰ ਨੇ ਇਹ ਧਾਰਨਾ ਰੱਦ ਕਰ ਦਿੱਤੀ ਕਿ ਐੱਸਸੀਓ ਫ਼ੌਜੀ ਗੱਠਜੋੜ ਬਣਨ ਦੀ ਦਿਸ਼ਾ ਵੱਲ ਵਧ ਰਿਹਾ ਹੈ ਪਰ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਅਜਿਹਾ ਖੇਤਰੀ ਸੰਗਠਨ ਹੈ ਜਿਸ ਦਾ ਉਦੇਸ਼ ਰਾਜਨੀਤਕ, ਆਰਥਿਕ, ਤਕਨੀਕੀ ਅਤੇ ਲੋਕਾਂ ਦਰਮਿਆਨ ਆਪਸੀ ਸਹਿਯੋਗ ਵਧਾਉਣਾ ਹੈ। ਆਪਣੀ ਮੀਡੀਆ ਅੰਤਰ-ਕਿਰਿਆ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਖਾਨ ਕੀਤੇ ਗਏ ਭਾਰਤ ਦੀ ਪ੍ਰਧਾਨਗੀ ਦੇ ਥੀਮ ਮੁਤਾਬਕ ਐੱਸਸੀਓ ਦੇ ਉਦੇਸ਼ਾਂ ਦੀ ਪੂਰਤੀ ਲਈ ਕੀਤੇ ਗਏ ਕਾਰਜਾਂ ’ਤੇ ਵੀ ਜ਼ੋਰ ਦਿੱਤਾ। ‘ਸਕਿਓਰ ਐੱਸਸੀਓ’ ਦੇ ਇਸ ਥੀਮ ਦਾ ਭਾਵ ਹੈ: ‘ਸੁਰੱਖਿਆ, ਆਰਥਿਕ ਵਿਕਾਸ, ਸੰਪਰਕ, ਏਕਤਾ, ਪ੍ਰਭੂਸੱਤਾ ਅਤੇ ਇਲਾਕਾਈ ਅਖੰਡਤਾ ਦਾ ਸਤਿਕਾਰ ਅਤੇ ਵਾਤਾਵਰਨ ਸੰਭਾਲ’। ਉਨ੍ਹਾਂ ਦੱਸਿਆ ਕਿ ਇਸ ਥੀਮ ਨੂੰ ਸਾਕਾਰ ਕਰਨ ਵਾਸਤੇ ਭਾਰਤ ਵਲੋਂ 100 ਤੋਂ ਵੱਧ ਮੀਟਿੰਗਾਂ ਜਾਂ ਸਮਾਗਮ ਕਰਵਾਏ ਗਏ ਹਨ ਜਿਨ੍ਹਾਂ ’ਚੋਂ 15 ਮੰਤਰੀ ਪੱਧਰ ਦੇ ਸਨ। ਉਨ੍ਹਾਂ ਆਖਿਆ ਕਿ ਭਾਰਤ ਨੇ ਐੱਸਸੀਓ ਅੰਦਰ ਸਹਿਯੋਗ ਦੇ ਨਵੇਂ ਪਾਸਾਰ ਕਾਇਮ ਕੀਤੇ ਹਨ ਜਿਨ੍ਹਾਂ ’ਚੋਂ ਪੰਜ ਜਿ਼ਕਰਯੋਗ ਹਨ: ਸਟਾਰਟਅੱਪਸ ਅਤੇ ਨਵੀਨਤਾ ਦੇ ਖੇਤਰ ਵਿਚ, ਰਵਾਇਤੀ ਦਵਾਈਆਂ, ਵਿਗਿਆਨ ਤੇ ਤਕਨਾਲੋਜੀ, ਨੌਜਵਾਨਾਂ ਨੂੰ ਤਾਕਤਵਰ ਬਣਾਉਣ ਅਤੇ ਐੱਸਸੀਓ ਮੈਂਬਰ ਦੇਸ਼ਾਂ ਅੰਦਰ ਬੋਧੀ ਵਿਰਾਸਤ ਨੂੰ ਸੁਰਜੀਤ ਕਰਨ ਬਾਰੇ। ਹਾਲਾਂਕਿ ਇਨ੍ਹਾਂ ’ਚੋਂ ਦੋ ਖੇਤਰਾਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਪਵੇਗੀ। ਰਵਾਇਤੀ ਦਵਾਈਆਂ ਦਾ ਅਜਿਹਾ ਖੇਤਰ ਹੈ ਜਿੱਥੇ ਭਾਰਤ ਅਤੇ ਚੀਨ ਦੋਵਾਂ ਦੇ ਹਿੱਤ ਹਨ ਤੇ ਮਜ਼ਬੂਤ ਪੱਖ ਵੀ ਹਨ ਪਰ ਇਨ੍ਹਾਂ ਲਈ ਕੌਮਾਂਤਰੀ ਤੌਰ ’ਤੇ ਪ੍ਰਵਾਨਤ ਮਿਆਰਾਂ ਤੇ ਤੌਰ ਤਰੀਕਿਆਂ ਨੂੰ ਲਾਗੂ ਕਰਨ ਦੀ ਲੋੜ ਹੈ। ਬੋਧੀ ਵਿਰਾਸਤ ਵਿਚ ਚੀਨ ਦੀ ਵੀ ਦਿਲਚਸਪੀ ਹੋ ਸਕਦੀ ਹੈ ਪਰ ਸੰਗਠਨ ਦੇ ਇਸਲਾਮਿਕ ਦੇਸ਼ਾਂ ਅੰਦਰ ਇਸ ਪ੍ਰਤੀ ਬਹੁਤਾ ਉਤਸ਼ਾਹ ਹੋਣ ਦੀ ਸੰਭਾਵਨਾ ਨਹੀਂ ਹੈ।

ਭਾਰਤ ਐੱਸਸੀਓ ਦੀ ਪ੍ਰਧਾਨਗੀ ਦੀ ਵਾਰੀ ਅਜਿਹੇ ਵਕਤ ਆਈ ਜਦੋਂ ਸ੍ਰੀ ਜੈਸ਼ੰਕਰ ਨੇ ਇਹ ਗੱਲ ਆਖੀ ਸੀ ਕਿ ਦੁਨੀਆ ਤਰਲ (ਨਾਜ਼ੁਕ) ਅਵਸਥਾ ਵਿਚ ਹੈ, ਬਹੁ-ਧੁਰੀ ਅਤੇ ਕਦੇ ਕਦੇ ਅਸਥਿਰ ਅਤੇ ਬਹੁਤ ਹੀ ਤੇਜ਼ ਬਦਲਾਓ ਵਾਲੀ ਬਣ ਗਈ ਹੈ। ਯੂਕਰੇਨ ’ਤੇ ਰੂਸੀ ਹਮਲੇ ਅਤੇ ਚੀਨ ਦੇ ਤਿੱਖੇ ਰੁਖ਼ ਕਰ ਕੇ ਆਲਮੀ ਜਟਿਲਤਾ ਅਤੇ ਉਥਲ ਪੁਥਲ ਵਿਚ ਹੋਰ ਵਾਧਾ ਹੋ ਗਿਆ ਹੈ। ਅੰਤ ਨੂੰ ਦੁਨੀਆ ਖੇਮਿਆਂ ਵਿਚ ਵੰਡੀ ਜਾਵੇਗੀ ਅਤੇ ਐੱਸਸੀਓ ਜਿਹੇ ਬਹੁ-ਧੁਰੀ ਸੰਗਠਨ ਇਸ ਤਰ੍ਹਾਂ ਦੀਆਂ ਵੰਡੀਆਂ ਤੋਂ ਅਛੂਤੀਆਂ ਨਹੀਂ ਰਹਿ ਸਕਣਗੀਆਂ। ਐੱਸਸੀਓ ਚੀਨ ਅਤੇ ਇਸ ਵੇਲੇ ਇਸ ਦੇ ਪਿਛਲੱਗ ਬਣੇ ਰੂਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੇਗਾ। ਚੀਨ ਯੂਰੇਸ਼ੀਆਈ ਧਰਾਤਲ ਨੂੰ ਇਕਜੁੱਟ ਕਰਨ ਵਿਚ ਜੁਟਿਆ ਹੋਇਆ ਹੈ ਜਿਸ ਦਾ ਵੱਡਾ ਖੇਤਰ ਕਿਸੇ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਰਿਹਾ ਸੀ ਜਾਂ ਇਸ ਦੇ ਪ੍ਰਭਾਵ ਹੇਠ ਰਿਹਾ ਸੀ। ਜੁਲਾਈ ਦੇ ਸ਼ੁਰੂ ਵਿਚ ਹੋਣ ਵਾਲੇ ਨਵੀਂ ਦਿੱਲੀ ਸਿਖਰ ਸੰਮੇਲਨ ਵਿਚ ਇਰਾਨ ਵੀ ਐੱਸਸੀਓ ਦਾ ਮੈਂਬਰ ਬਣ ਜਾਵੇਗਾ ਅਤੇ ਚੀਨ ਤੇ ਰੂਸ ਨਾਲ ਇਸ ਦੇ ਕਰੀਬੀ ਸਬੰਧਾਂ ਦੇ ਮੱਦੇਨਜ਼ਰ ਯੂਰੇਸ਼ੀਆ ਦੀ ਇਕਜੁੱਟਤਾ ਦੀ ਪ੍ਰਕਿਰਿਆ ਨੂੰ ਹੋਰ ਬਲ ਮਿਲੇਗਾ। ਪੂਰਬੀ ਯੂਰੋਪ ਅਤੇ ਰੂਸੀ ਹਿੱਤਾਂ ਦੇ ਪ੍ਰਸੰਗ ਵਿਚ ਅਹਿਮ ਗੱਲ ਇਹ ਹੈ ਕਿ ਬੇਲਾਰੂਸ ਵੀ ਇਸ ਦੀ ਮੈਂਬਰਸ਼ਿਪ ਦਾ ਦਰਜਾ ਲੈਣਾ ਚਾਹੁੰਦਾ ਹੈ। ਇਰਾਨ ਦੀ ਸ਼ਮੂਲੀਅਤ ਯਕੀਨੀ ਜਾਪਦੀ ਹੈ ਪਰ ਬੇਲਾਰੂਸ ਨੂੰ ਨਵੀਂ ਦਿੱਲੀ ਸਿਖਰ ਸੰਮੇਲਨ ਵਿਚ ਪੂਰੀ ਮੈਂਬਰੀ ਮਿਲਣ ਦੇ ਆਸਾਰ ਘੱਟ ਹਨ। ਯੂਕਰੇਨ ਯੁੱਧ ਵਿਚ ਬੇਲਾਰੂਸ ਦੀ ਭੂਮਿਕਾ ਦੇ ਮੱਦੇਨਜ਼ਰ ਭਾਰਤ ਲਈ ਇਹ ਇਕ ਰਾਹਤ ਵਾਲੀ ਗੱਲ ਹੋਵੇਗੀ।

ਇਰਾਨ ਨੂੰ ਐੱਸਸੀਓ ਦੀ ਮੈਂਬਰੀ ਮਿਲਣ ਅਤੇ ਚੀਨ ਨਾਲ ਪਾਕਿਸਤਾਨ ਦੇ ਗੱਠਜੋੜ ਅਤੇ ਰੂਸ ਨਾਲ ਇਸ ਦੇ ਵਧ ਰਹੇ ਸੰਬੰਧਾਂ ਕਰ ਕੇ ਇਸ ਸੰਗਠਨ ਵਿਚ ਭਾਰਤ ਲਈ ਹਾਲਾਤ ਬਹੁਤੇ ਸੁਖਾਵੇਂ ਨਹੀਂ ਰਹਿ ਜਾਣਗੇ। ਅਫ਼ਗਾਨਿਸਤਾਨ ਨੂੰ ਐੱਸਸੀਓ ਵਿਚ ਪਹਿਲਾਂ ਹੀ ਦਰਸ਼ਕ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ ਪਰ ਤਾਲਿਬਾਨ ਦੀ ਅੰਤ੍ਰਿਮ ਸਰਕਾਰ ਨੂੰ ਕੌਮਾਂਤਰੀ ਮਾਨਤਾ ਹਾਸਲ ਨਹੀਂ ਹੈ ਜਿਸ ਕਰ ਕੇ ਇਹ ਐੱਸਸੀਓ ਦੀਆਂ ਮੀਟਿੰਗਾਂ ਵਿਚ ਹਿੱਸਾ ਨਹੀਂ ਲੈ ਸਕਦਾ ਤੇ ਨਾ ਹੀ ਇਹ ਨਵੀਂ ਦਿੱਲੀ ਸਿਖਰ ਸੰਮੇਲਨ ਵਿਚ ਹਾਜ਼ਰੀ ਭਰ ਸਕੇਗਾ ਪਰ ਇਸ ਨਾਲ ਚੀਨ ’ਤੇ ਕੋਈ ਅਸਰ ਨਹੀਂ ਪੈਂਦਾ ਜੋ ਤਾਲਿਬਾਨ ਨਾਲ ਲਗਾਤਾਰ ਆਪਣੇ ਸਬੰਧ ਮਜ਼ਬੂਤ ਕਰ ਰਿਹਾ ਹੈ। ਭਾਰਤ ਵਿਚ ਐੱਸਸੀਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਸਿੱਧੇ ਇਸਲਾਮਾਬਾਦ ਪੁੱਜੇ ਜਿੱਥੇ ਉਨ੍ਹਾਂ ਨਾ ਕੇਵਲ ਆਪਣੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਵਿਚਾਰ ਚਰਚਾ ਕੀਤੀ ਸਗੋਂ ਪਾਕਿਸਤਾਨ- ਅਫ਼ਗਾਨਿਸਤਾਨ-ਚੀਨ ਤਿੰਨ ਧਿਰੀ ਵਾਰਤਾ ਵਿਚ ਵੀ ਹਿੱਸਾ ਲਿਆ। ਇਸ ਤਿੰਨ ਧਿਰੀ ਵਾਰਤਾ ਵਿਚ ਤਾਲਿਬਾਨ ਅੰਤ੍ਰਿਮ ਸਰਕਾਰ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨੇ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ। ਚੀਨ ਅਤੇ ਪਾਕਿਸਤਾਨ ਨੇ ਆਰਥਿਕ ਲਾਂਘੇ ਦੇ ਪ੍ਰਾਜੈਕਟ (ਜਿਸ ਨੂੰ ਬੈਲਟ ਐਂਡ ਰੋਡ ਇਨੀਸ਼ੀਏਟਿਵ ਵੀ ਕਿਹਾ ਜਾਂਦਾ ਹੈ) ਨੂੰ ਅਫ਼ਗਾਨਿਸਤਾਨ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਅਮਰੀਕਾ ਅਤੇ ਹੋਰਨਾਂ ਪੱਛਮੀ ਦੇਸ਼ਾਂ ਵਲੋਂ ਤਾਲਿਬਾਨ ਦੇ ਵਿਦੇਸ਼ੀ ਵਿੱਤੀ ਅਸਾਸੇ ਜਾਮ ਕੀਤੇ ਹੋਏ ਹਨ ਅਤੇ ਉੱਥੋਂ ਦੇ ਆਰਥਿਕ ਹਾਲਾਤ ਬਹੁਤ ਮਾੜੇ ਚੱਲ ਰਹੇ ਹਨ ਜਿਸ ਕਰ ਕੇ ਤਾਲਿਬਾਨ ਨੇ ਆਰਥਿਕ ਲਾਂਘੇ ਦੇ ਪ੍ਰਸਤਾਵ ਦਾ ਸਵਾਗਤ ਕੀਤਾ ਹੈ।

ਅਫ਼ਗਾਨਿਸਤਾਨ ਦੇ ਬੁਨਿਆਦੀ ਢਾਂਚੇ ਦੇ ਇਸ ਕੌਮਾਂਤਰੀ ਪ੍ਰਾਜੈਕਟ ਵਿਚ ਸ਼ਾਮਲ ਹੋ ਜਾਣ ਨਾਲ ਚੀਨ ਨੂੰ ਅਫ਼ਗਾਨਿਸਤਾਨ, ਪਾਕਿਸਤਾਨ, ਇਰਾਨ ਅਤੇ ਮੱਧ ਏਸ਼ੀਆਈ ਗਣਰਾਜਾਂ ਦੇ ਇਸ ਵਿਸ਼ਾਲ ਖੇਤਰ ਨੂੰ ਆਪਣੇ ਪੱਛਮੀ ਖਿੱਤੇ ਨਾਲ ਜੋੜਨ ਦਾ ਬੇਮਿਸਾਲ ਮੌਕਾ ਮਿਲ ਜਾਵੇਗਾ। ਅਫ਼ਗਾਨਿਸਤਾਨ ਦੇ ਹਿੰਦੂਕੁਸ਼ ਪਰਬਤੀ ਰੇਂਜ ਵਿਚਲੇ ਖਣਿਜ ਪਦਾਰਥਾਂ ਦੇ ਭੰਡਾਰਾਂ ’ਤੇ ਚੀਨ ਦੀ ਅੱਖ ਹੈ। ਸਮਾਂ ਪਾ ਕੇ ਇਹ ਅਜਿਹੇ ਟ੍ਰਾਂਸਪੋਰਟ ਸੰਪਰਕ ਕਾਇਮ ਕਰ ਲਵੇਗਾ ਜਿਨ੍ਹਾਂ ਰਾਹੀਂ ਇਹ ਖਣਿਜ ਪਦਾਰਥ ਪੱਛਮੀ ਚੀਨ ਵਿਚਲੀਆਂ ਫੈਕਟਰੀਆਂ ਤੱਕ ਪਹੁੰਚਾਏ ਜਾ ਸਕਣ।

ਚੀਨ ਜਿਵੇਂ ਆਪਣੇ ਹਿੱਤਾਂ ਦੀ ਪੂਰਤੀ ਲਈ ਇਕਜੁੱਟਤਾ ਦੇ ਯਤਨਾਂ ਵਿਚ ਜੁਟਿਆ ਹੋਇਆ ਹੈ, ਉਸ ਹਿਸਾਬ ਨਾਲ ਯੂਰੇਸ਼ੀਆ ਖਿੱਤੇ ਦੇ ਅਰਥਚਾਰਿਆਂ ਵਿਚ ਭਾਰਤ ਲਈ ਦੁਆਰ ਬੰਦ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਭਾਰਤ ਦੇ ਇਸ ਖਿੱਤੇ ਨਾਲ ਜੁੜਨ ਦੇ ਰਾਹ ਵਿਚ ਪਾਕਿਸਤਾਨ ਲਗਾਤਾਰ ਰੁਕਾਵਟ ਬਣਿਆ ਹੋਇਆ ਹੈ। ਭਾਰਤ ਇਰਾਨ ਵਿਚ ਚਾਬਹਾਰ ਬੰਦਰਗਾਹ ਵਿਕਸਤ ਕਰ ਕੇ ਇਸ ਨੂੰ ਅਫ਼ਗਾਨਿਸਤਾਨ ਅਤੇ ਇਸ ਤੋਂ ਅਗਲੇ ਖੇਤਰ ਦਾ ਦੁਆਰ ਬਣਾਉਣਾ ਚਾਹੁੰਦਾ ਸੀ ਪਰ ਇਸੇ ਦੌਰਾਨ, ਚੀਨ ਨੇ ਗਵਾਦਰ ਵਿਚ ਪੈਰ ਪਾ ਲਏ ਅਤੇ ਅਮਰੀਕਾ ਵਲੋਂ ਇਰਾਨ ’ਤੇ ਪਾਬੰਦੀਆਂ ਲਾਉਣ, ਭਾਰਤ ਦੀ ਢਿੱਲ ਮੱਠ ਅਤੇ ਇਰਾਨ ਦੀ ਦੋਗਲੀ ਬੋਲੀ ਕਰ ਕੇ ਇਹ ਪ੍ਰਾਜੈਕਟ ਸਿਰੇ ਨਾ ਚੜ੍ਹ ਸਕਿਆ।

ਨਵੀਂ ਦਿੱਲੀ ਵਿਚ ਹੋਣ ਵਾਲੇ ਐੱਸਸੀਓ ਸਿਖਰ ਸੰਮੇਲਨ ਨੂੰ ਲੈ ਕੇ ਜਿੰਨੇ ਮਰਜ਼ੀ ਢੋਲ ਵਜਾਏ ਜਾਣ ਪਰ ਇਹ ਸਭ ਚੀਜ਼ਾਂ ਸੰਕੇਤ ਦੇ ਰਹੀਆਂ ਹਨ ਕਿ ਇਸ ਖੇਤਰੀ ਸੰਗਠਨ ਵਿਚ ਭਾਰਤ ਦੇ ਅਲਗ-ਥਲੱਗ ਪੈ ਜਾਣ ਅਤੇ ਯੂਰੇਸ਼ੀਆਈ ਖਿੱਤੇ ਦੇ ਹਾਸ਼ੀਏ ’ਤੇ ਧੱਕ ਦਿੱਤੇ ਜਾਣ ਦਾ ਖ਼ਤਰਾ ਹੈ।