ਸ਼੍ਰੋਮਣੀ ਕਮੇਟੀ ਵੱਲੋਂ ਪੀਟੀਸੀ ਨੂੰ ਪ੍ਰਸਾਰਨ ਜਾਰੀ ਰੱਖਣ ਦੀ ਅਪੀਲ

ਸ਼੍ਰੋਮਣੀ ਕਮੇਟੀ ਵੱਲੋਂ ਪੀਟੀਸੀ ਨੂੰ ਪ੍ਰਸਾਰਨ ਜਾਰੀ ਰੱਖਣ ਦੀ ਅਪੀਲ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਨੇ ਆਪਣਾ ਸੈਟੇਲਾਈਟ ਚੈਨਲ ਸਥਾਪਿਤ ਹੋਣ ਤੱਕ ਮੁੜ ਪੀਟੀਸੀ ਚੈਨਲ ਨੂੰ ਗੁਰਬਾਣੀ ਦੇ ਕੀਰਤਨ ਦਾ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ 24 ਜੁਲਾਈ ਨੂੰ ਆਪਣਾ ਵੈੱਬ ਚੈਨਲ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਅੱਜ ਅਖੰਡ ਪਾਠ ਆਰੰਭ ਕੀਤਾ ਗਿਆ।
ਅੱਜ ਅਚਨਚੇਤੀ ਵਾਪਰੇ ਘਟਨਾਕ੍ਰਮ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਇਹ ਫੈਸਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਇਸ ਸਬੰਧੀ ਕੀਤੇ ਗਏ ਆਦੇਸ਼ ਤੋਂ ਬਾਅਦ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨਿੱਜੀ ਚੈਨਲ ਨਾਲ ਸਮਝੌਤਾ ਸਮਾਪਤ ਕਰਕੇ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਅਤੇ ਇਸ ਦਾ ਪ੍ਰਬੰਧ ਹੋਣ ਤੱਕ ਯੂਟਿਊਬ ਚੈਨਲ ਰਾਹੀਂ ਗੁਰਬਾਣੀ ਦਾ ਪ੍ਰਸਾਰਨ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੀਤੇ ਗਏ ਆਦੇਸ਼ ਅਨੁਸਾਰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਨਾਲ-ਨਾਲ ਆਪਣਾ ਸੈਟੇਲਾਈਟ ਚੈਨਲ ਸਥਾਪਤ ਹੋਣ ਤੱਕ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 23 ਜੁਲਾਈ ਨੂੰ ਪੀਟੀਸੀ ਚੈਨਲ ਦਾ ਇਕਰਾਰਨਾਮਾ ਖ਼ਤਮ ਹੋ ਰਿਹਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂਟਿਊਬ/ਵੈੱਬ ਚੈਨਲ ’ਤੇ 24 ਜੁਲਾਈ ਤੋਂ ਗੁਰਬਾਣੀ ਪ੍ਰਸਾਰਣ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ, ਪਰ ਸੰਗਤਾਂ ਵੱਲੋਂ ਕੀਤੀ ਜਾ ਰਹੀ ਮੰਗ ’ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸਥਾਪਤ ਕਰਨ ਤੱਕ ਕਿਸੇ ਚੈਨਲ ਰਾਹੀਂ ਪ੍ਰਸਾਰਣ ਸੇਵਾ ਜਾਰੀ ਰੱਖਣ ਦਾ ਆਦੇਸ਼ ਕੀਤਾ ਹੈ। ਜਿਸ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਾਇ ਮਸ਼ਵਰਾ ਕਰਕੇ ਫਿਲਹਾਲ ਪੀਟੀਸੀ ਨੂੰ ਪ੍ਰਸਾਰਣ ਸੇਵਾ ਜਾਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਵੈੱਬ ਚੈਨਲ ਦੇ ਨਾਲ-ਨਾਲ ਸੈਟੇਲਾਈਟ ਚੈਨਲ ਜਲਦ ਸਥਾਪਤ ਕਰਨ ਲਈ ਵੀ ਯਤਨ ਕਰ ਰਹੀ ਹੈ। ਇਸ ਬਾਰੇ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਸਮਾਂ ਦੇਣ ਲਈ ਅਪੀਲ ਕੀਤੀ ਗਈ ਹੈ, ਤਾਂ ਜੋ ਲੋੜੀਂਦੀ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 24 ਜੁਲਾਈ ਨੂੰ ਆਪਣੇ ਯੂਟਿਊਬ/ਵੈੱਬ ਚੈਨਲ ਰਾਹੀਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪ੍ਰਸਾਰਣ ਸ਼ੁਰੂ ਕਰੇਗੀ, ਜਿਸ ਸਬੰਧ ਵਿਚ 23 ਜੁਲਾਈ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਸੰਬਧੀ ਅੱਜ ਅਖੰਡ ਪਾਠ ਅਰੰਭ ਕੀਤੇ ਗਏ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਕ ਬਿਆਨ ਰਾਹੀਂ ਕਿਹਾ ਕਿ ਸੰਗਤਾਂ ਮੰਗ ਕਰ ਰਹੀਆਂ ਸਨ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਆਰੰਭ ਕਰੇ। ਇਸੇ ਦਿਸ਼ਾ ਵਿਚ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਪਰ ਸੰਗਤ ਵੱਲੋਂ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਸ੍ਰੀ ਅਕਾਲ ਤਖ਼ਤ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਯੂ-ਟਿਊਬ ਰਾਹੀਂ ਸਾਰੀਆਂ ਸੰਗਤਾਂ ਦਰਸ਼ਨ ਦੀਦਾਰ ਅਤੇ ਕੀਰਤਨ ਸਰਵਣ ਨਹੀਂ ਕਰ ਸਕਣਗੀਆਂ ਕਿਉਂਕਿ ਸਭ ਜਗਾ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਬਹੁਤ ਸਾਰੀ ਸੰਗਤ ਅਜਿਹੀ ਹੈ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਸਮਾਰਟ ਟੀਵੀ। ਜਿਸ ਕਰਕੇ ਬਹੁਤਾਤ ਦਰਸ਼ਨ, ਕੀਰਤਨ ਅਤੇ ਗੁਰਬਾਣੀ ਦਾ ਪਾਠ ਆਦਿ ਤੋਂ ਵਾਂਝੀਆਂ ਰਹਿ ਜਾਣਗੀਆਂ। ਇਸ ਲਈ ਸ੍ਰੀ ਅਕਾਲ ਤਖਤ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਯੂ-ਟਿਊਬ ਚੈਨਲ ਦੇ ਨਾਲ-ਨਾਲ ਕਿਸੇ ਚੈਨਲ ਰਾਹੀਂ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰਵਿਘਨ ਗੁਰਬਾਣੀ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਦਰਸ਼ਨ ਦੀਦਾਰ ਕਰਨ ਤੋਂ ਵਾਂਝੀ ਨਾ ਰਹੇ।