ਸ਼੍ਰੋਮਣੀ ਕਮੇਟੀ ਨੇ ਸਿੰਘ ਸਭਾ ਲਹਿਰ ਦਾ 150ਵਾਂ ਸਥਾਪਨਾ ਦਵਿਸ ਮਨਾਇਆ

ਸ਼੍ਰੋਮਣੀ ਕਮੇਟੀ ਨੇ ਸਿੰਘ ਸਭਾ ਲਹਿਰ ਦਾ 150ਵਾਂ ਸਥਾਪਨਾ ਦਵਿਸ ਮਨਾਇਆ

ਚੁਣੌਤੀਆਂ ਦਾ ਮੁਕਾਬਲਾ ਇਤਿਹਾਸ ਤੋਂ ਸੇਧ ਲੈ ਕੇ ਕਰਨ ਦੀ ਲੋੜ: ਜਥੇਦਾਰ
ਅੰਮ੍ਰਿਤਸਰ-ਇੱਥੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ 150 ਸਾਲਾ ਸਥਾਪਨਾ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ। ਇਸ ਸ਼ਤਾਬਦੀ ਸਮਾਗਮ ਮੌਕੇ ਸਿੱਖ ਬੁਲਾਰਿਆ ਨੇ ਸਿੰਘ ਸਭਾ ਲਹਿਰ ਦੇ ਇਤਿਹਾਸ ਅਤੇ ਯੋਗਦਾਨ ਦੀ ਰੌਸ਼ਨੀ ’ਚ ਸਿੱਖ ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਦਾ ਇਕਜੁੱਟਤਾ ਨਾਲ ਮੁਕਾਬਲਾ ਕਰਨ ਲਈ ਕਿਹਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 150 ਸਾਲ ਪਹਿਲਾਂ ਸ਼ੁਰੂ ਹੋਈ ਸਿੰਘ ਸਭਾ ਲਹਿਰ ਨੇ ਤਤਕਾਲੀ ਚੁਣੌਤੀਆਂ ਵਿਰੁੱਧ ਸਿੱਖ ਕੌਮ ਅੰਦਰ ਚੇਤੰਨ ਦਸਤਕ ਦਿੱਤੀ ਸੀ ਅਤੇ ਅੱਜ ਵੀ ਅਜਿਹੀਆਂ ਕਈ ਚੁਣੌਤੀਆਂ ਸਿੱਖ ਕੌਮ ਦੇ ਸਾਹਮਣੇ ਹਨ, ਜਨਿ੍ਹਾਂ ਦਾ ਮੁਕਾਬਲਾ ਇਤਿਹਾਸ ਤੋਂ ਸੇਧ ਲੈ ਕੇ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਤਤਕਾਲੀ ਹਾਲਾਤ ਵਾਂਗ ਮੌਜੂਦਾ ਸਮੇਂ ਵੀ ਇਸਾਈਅਤ ਦਾ ਭਰਮਜਾਲ ਧਰਮ ਪ੍ਰਚਾਰ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਸਾਈ ਧਰਮ ਦੇ ਪ੍ਰਚਾਰ ਕੇਂਦਰ ਖੋਲ੍ਹਣ ਲਈ ਵੱਧ ਪੈਸੇ ਦਾ ਲਾਲਚ ਦੇ ਕੇ ਜ਼ਮੀਨਾਂ ਲੈਣ ਦੀਆਂ ਕਈ ਸ਼ਿਕਾਇਤਾਂ ਪੁੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਮੀਦਾਰਾਂ ਨੂੰ ਸੁਚੇਤ ਹੋ ਕੇ ਇਸ ਵਰਤਾਰੇ ’ਤੇ ਰੋਕ ਲਗਾਉਣੀ ਪਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖੀ ਨੂੰ ਚੁਣੌਤੀਆਂ ਹਰ ਸਮੇਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖੀ ਦੇ ਮਨੁੱਖਤਾਵਾਦੀ ਸਿਧਾਂਤ ਹਾਕਮ ਸਰਕਾਰਾਂ ਨੂੰ ਰੜਕਦੇ ਰਹੇ ਹਨ। ਇਸੇ ਕਰ ਕੇ ਹੀ ਸਮੇਂ-ਸਮੇਂ ਕੌਮ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ। ਇਤਿਹਾਸ ਸਿੱਖਾਂ ਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਚੁਣੌਤੀਆਂ ਦੇ ਹੱਲ ਇਕਜੁਟਤਾ ਨਾਲ ਹੀ ਹੋ ਸਕਦੇ ਹਨ। ਮੌਜੂਦਾ ਸਮੇਂ ਵੀ ਪੰਥ ਵਿਰੋਧੀ ਸ਼ਕਤੀਆਂ ਸਿੱਖੀ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹੋਈਆਂ ਹਨ, ਜਨਿ੍ਹਾਂ ਦੇ ਮੁਕਾਬਲੇ ਲਈ ਚੇਤੰਨ ਅਤੇ ਬੌਧਿਕ ਤੌਰ ’ਤੇ ਤਿਆਰ ਹੋਣਾ ਪਵੇਗਾ।

ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸਮਾਗਮ ਮੌਕੇ ਧਾਰਮਿਕ ਪ੍ਰੀਖਿਆ ਵਿੱਚੋਂ ਅੱਵਲ ਰਹਿਣ ਵਾਲੇ 1552 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 32 ਲੱਖ ਰੁਪਏ ਦੀ ਰਾਸ਼ੀ ਵੰਡੀ । ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ,ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਆਗੂ ਪ੍ਰੋ. ਸ਼ਾਮ ਸਿੰਘ ਚੰਡੀਗੜ੍ਹ ਨੇ ਸੰਬੋਧਨ ਕੀਤਾ ।