ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਸ਼ੁਰੂ ਕਰਨ ਲਈ ਕੇਂਦਰ ਤੋਂ ਨਹੀਂ ਮਿਲੀ ਪ੍ਰਵਾਨਗੀ

ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਸ਼ੁਰੂ ਕਰਨ ਲਈ ਕੇਂਦਰ ਤੋਂ ਨਹੀਂ ਮਿਲੀ ਪ੍ਰਵਾਨਗੀ

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਵਾਸਤੇ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਲਈ ਫਿਲਹਾਲ ਕੇਂਦਰ ਸਰਕਾਰ ਕੋਲੋਂ ਹਰੀ ਝੰਡੀ ਨਹੀਂ ਮਿਲੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਨੂੰ ਮਿਲਿਆ ਹੈ। ਸ਼੍ਰੋਮਣੀ ਕਮੇਟੀ ਨੇ ਹਾਲ ਹੀ ਵਿੱਚ 24 ਜੁਲਾਈ ਨੂੰ ਵੈੱਬ ਚੈਨਲ ਸ਼ੁਰੂ ਕੀਤਾ ਸੀ ਜਿਸ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਗੁਰਬਾਣੀ ਦੇ ਕੀਰਤਨ ਨੂੰ ਯੂਟਿਊਬ ਅਤੇ ਫੇਸਬੁਕ ਰਾਹੀਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਸੈਟੇਲਾਈਟ ਚੈਨਲ ਨੂੰ ਸ਼ੁਰੂ ਕਰਵਾਉਣ ਲਈ ਸਬ-ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਹੁਣ ਤੱਕ ਕੇਂਦਰ ਸਰਕਾਰ ਦੇ ਸੂਚਨਾ ਪ੍ਰਸਾਰਨ ਮੰਤਰਾਲੇ ਨੂੰ ਦੋ ਵਾਰ ਮਿਲ ਚੁੱਕੀ ਹੈ ਪਰ ਫਿਲਹਾਲ ਇਸ ਕਾਰਜ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ। ਹੁਣ ਸਿੱਖ ਸੰਸਥਾ ਦਾ ਇਕ ਵਫ਼ਦ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਅਪੂਰਵਾ ਚੰਦਰਾ ਨੂੰ ਮਿਲਿਆ ਹੈ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਕੁਲਵੰਤ ਸਿੰਘ ਮੰਨਣ ਅਤੇ ਮੀਤ ਸਕੱਤਰ ਸ਼ਾਹਬਾਜ਼ ਸਿੰਘ ਸ਼ਾਮਲ ਸਨ। ਇਸ ਸਬੰਧੀ ਭਾਈ ਮਹਿਤਾ ਨੇ ਦੱਸਿਆ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਪੱਖ ਨੂੰ ਸੰਜੀਦਗੀ ਨਾਲ ਸੁਣਿਆ ਹੈ ਅਤੇ ਜਲਦ ਹੀ ਇਸ ਸਬੰਧੀ ਮੁੜ ਵਿਚਾਰ-ਵਟਾਂਦਰੇ ਦੀ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਸੰਸਥਾ ਹੋਣ ਕਾਰਨ ਸੈਟੇਲਾਈਟ ਚੈਨਲ ਲਈ ਕੁਝ ਤਕਨੀਕੀ ਸਮੱਸਿਆਵਾਂ ਅਤੇ ਸਰਕਾਰ ਦੇ ਨਿਯਮਾਂ ਕਰ ਕੇ ਮੁਸ਼ਕਲ ਆ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਆਪਣੀ ਤਰਫੋਂ ਲਗਾਤਾਰ ਕਾਰਜਸ਼ੀਲ ਹੈ।