ਸ਼੍ਰੋਮਣੀ ਕਮੇਟੀ ’ਤੇ ਧਰਮੀ ਫੌਜੀਆਂ ਨੂੰ ਵਿਸਾਰਨ ਦਾ ਦੋਸ਼

ਸ਼੍ਰੋਮਣੀ ਕਮੇਟੀ ’ਤੇ ਧਰਮੀ ਫੌਜੀਆਂ ਨੂੰ ਵਿਸਾਰਨ ਦਾ ਦੋਸ਼

ਧਾਰੀਵਾਲ- ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਅਤੇ ਜੀਸੀਐਮ (ਜਰਨਲ ਕੋਰਟ ਮਾਰਸ਼ਲ) ਵਾਲੇ ਧਰਮੀ ਫੌਜੀ ਆਗੂਆਂ ਦੀ ਸਾਂਝੀ ਮੀਟਿੰਗ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੇ ਧਾਰੀਵਾਲ ਵਿਖੇ ਸਥਿਤ ਨਿਵਾਸ ਸਥਾਨ ਵਿਖੇ ਹੋਈ। ਆਗੂਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਧਰਮੀ ਫੌਜੀਆਂ ਨੂੰ ਵਰਗਾਂ ਵਿੱਚ ਵੰਡਣ ਵਾਲੇ ਮਤੇ ਦੀ ਨਿਖੇਧੀ ਕਰਦਿਆਂ ਕਿਹਾ ਐਸਜੀਪੀਸੀ ਦੇ ਇਹ ਮਨਸੂਬੇ ਨੂੰ ਸਫਲ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ ਨੋ ਪੈਨਸ਼ਨ ਵਾਲੇ ਧਰਮੀ ਫੌਜੀਆਂ ਨੂੰ ਅੱਤ ਦੀ ਮਹਿੰਗਾਈ ਵਿੱਚ ਘਰਾਂ ਦਾ ਗੁਜ਼ਾਰਾ ਕਰਨਾ ਔਖਾ ਹੈ, ਸ੍ਰੋਮਣੀ ਕਮੇਟੀ ਉਨ੍ਹਾਂ ਦੀ ਸਹਾਇਤਾ ਕਰੇ। ਆਗੂਆਂ ਦੱਸਿਆ ਐਸਜੀਪੀਸੀ ਨੇ ਜੀਸੀਐਮ ਵਾਲੇ ਧਰਮੀ ਫੌਜੀਆਂ ਨੂੰ ਹਰ ਸਾਲ 50-50 ਹਜ਼ਾਰ ਰੁਪਏ 5 ਸਾਲ ਤੱਕ ਦੇਣ ਦਾ ਮਤਾ ਪਾਸ ਕਰਨ ਮਗਰੋਂ ਇਕ ਵਾਰੀ 50 ਹਜ਼ਾਰ ਰੁਪਏ ਦੇਣ ਦੇ ਬਾਅਦ ਹੋਰ ਕੋਈ ਪੈਸਾ ਨਹੀਂ ਦਿੱਤਾ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਧਰਮੀ ਫੌਜੀਆਂ ਪ੍ਰਤੀ ਜਾਣਬੁੱਝ ਕੇ ਅਣਜਾਣਤਾ ਪ੍ਰਗਟ ਕਰਦੀ ਹੈ, ਜਦਕਿ ਧਰਮੀ ਫੌਜੀਆਂ ਦਾ ਸਾਰਾ ਰਿਕਾਰਡ ਕੇਂਦਰ ਸਰਕਾਰ ਕੋਲ ਮੌਜੂਦ ਹੈ ਕਿ ਕਿਹੜੀ ਪਲਟਨ ਦੇ ਕਿੰਨੇ ਧਰਮੀਂ ਫੌਜੀਆਂ ਕਿੱਥੋਂ ਕਿੱਥੋਂ ਬੈਂਰਕਾਂ ਛੱਡੀਆਂ, ਮੁਕਾਬਲੇ ਹੋਣ ਤੇ ਕਿੰਨੇ ਸ਼ਹੀਦ ਤੇ ਜ਼ਖਮੀ ਹੋਏ, ਅੰਡਰ ਰੈਸਟ ਕਿੰਨਿਆਂ ਨੇ ਕਿੱਥੇ ਕਿੱਥੇ ਸਜ਼ਾਵਾਂ ਕੱਟੀਆਂ ਤੇ ਤਸੀਹੇ ਝੱਲੇ ਆਦਿ। ਸਾਰੇ ਵੇਰਵਿਆਂ ਨੂੰ ਸ੍ਰੋਮਣੀ ਕਮੇਟੀ ਅਣਗੌਲਿਆਂ ਕਰਕੇ ਧਰਮੀ ਫੌਜੀਆਂ ਦੀ ਕੁਰਬਾਨੀ ਦੀ ਬੇਕਦਰੀ ਕਰ ਰਹੀ ਹੈ। ਉਨ੍ਹਾਂ ਕਿਹਾ 1947 ਦੀ ਵੰਡ ਦੌਰਾਨ ਉੱਜੜੇ ਹਜ਼ਾਰਾਂ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਤੱਤਕਾਲੀ ਸਰਕਾਰ ਨੇ ਕੀਤਾ ਸੀ। ਪਰ ਸ੍ਰੋਮਣੀ ਕਮੇਟੀ, ਧਰਮੀ ਫੌਜੀਆਂ ਦੀਆਂ ਸਿੱਖ ਕੌਮ ਅਤੇ ਧਰਮ ਲਈ ਕੀਤੀਆਂ ਕੁਰਬਾਨੀਆਂ ਨੂੰ ਅਣਡਿੱਠੇ ਕਰਕੇ ਕੈਟਾਗਿਰੀਆਂ ’ਚ ਵੰਡ ਕੇ ਅਪਮਾਨ ਕਰ ਰਹੀ ਹੈ। ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਜਰਨਲ ਕੋਰਟ ਮਾਰਸ਼ਲ ਵਾਲੇ ਧਰਮੀ ਫੌਜੀਆਂ ਨੂੰ ਸਲੂਟ ਕਰਦਿਆਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।