ਸ਼੍ਰੋਮਣੀ ਕਮੇਟੀ ਚੋਣ: ਸ਼੍ਰੋਮਣੀ ਅਕਾਲੀ ਦਲ ਨੂੰ ‘ਆਪਣਿਆਂ’ ਦੀ ਚੁਣੌਤੀ

ਸ਼੍ਰੋਮਣੀ ਕਮੇਟੀ ਚੋਣ: ਸ਼੍ਰੋਮਣੀ ਅਕਾਲੀ ਦਲ ਨੂੰ ‘ਆਪਣਿਆਂ’ ਦੀ ਚੁਣੌਤੀ

ਟੱਲੇਵਾਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਭਲਕੇ 8 ਨਵੰਬਰ ਨੂੰ ਹੋਣ ਜਾ ਰਹੀ ਚੋਣ ਵਿੱਚ ਬਾਦਲ ਧੜੇ ਲਈ ਵੱਡੀ ਚੁਣੌਤੀ ਉਨ੍ਹਾਂ ਦੇ ਹੀ ਸਾਥੀ ਬਣੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਮਾਲਵੇ ’ਚੋਂ ਇਸ ਵਾਰ ਪ੍ਰਧਾਨਗੀ ਲਈ ਵਿਰੋਧੀ ਧਿਰ ਨੇ ਸੰਤ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਇਆ ਹੈ ਜੋ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਹਨ। ਸੰਤ ਘੁੰਨਸ ਬਰਨਾਲਾ ਜ਼ਿਲ੍ਹੇ ਦੇ ਪਿੰਡ ਘੁੰਨਸ ਨਾਲ ਸਬੰਧਤ ਹਨ ਅਤੇ ਹਲਕਾ ਚੰਨਣਵਾਲ (ਰਾਖਵਾਂ) ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ। ਸੰਤ ਘੁੰਨਸ ਦਾ ਸਿਆਸੀ ਸਫ਼ਰ ਵੀ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਹੀ ਸ਼ੁਰੂ ਹੋਇਆ ਹੈ। ਉਹ ਲਗਾਤਾਰ ਅਕਾਲੀ ਦਲ ਵੱਲੋਂ ਭਦੌੜ ਹਲਕੇ ਤੋਂ ਤਿੰਨ ਵਾਰ ਤੇ ਇੱਕ ਦਫ਼ਾ ਦਿੜ੍ਹਬਾ ਹਲਕੇ ਤੋਂ ਵਿਧਾਇਕ ਰਹੇ ਜਦਕਿ ਇੱਕ ਵਾਰ ਬਾਦਲ ਸਰਕਾਰ ਵਿੱਚ ਸੰਸਦੀ ਸਕੱਤਰ ਵੀ ਰਹੇ। ਪਿਛਲੇ ਕੁਝ ਸਾਲਾਂ ਦੌਰਾਨ ਸੰਤ ਘੁੰਨਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਤਾਂ ਚੱਲਦੀਆਂ ਰਹੀਆਂ ਪਰ ਨਜ਼ਰਅੰਦਾਜ਼ ਕਰਨ ਤੋਂ ਉਹ ਪਾਰਟੀ ਨਾਲ ਨਾਰਾਜ਼ ਰਹੇ। ਸੰਤ ਘੁੰਨਸ ਦਾ ਕਹਿਣਾ ਹੈ ਉਹ ਅਕਾਲੀ ਦਲ ਦੇ ਉਲਟ ਨਹੀਂ ਹਨ ਬਲਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੀ ਲੜਾਈ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਪਰਿਵਾਰ ਤੋਂ ਮੁਕਤ ਕਰਵਾਉਣ ਦੀ ਹੈ।