ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਨਵੇਂ ਚਿਹਰੇ ਮੈਦਾਨ ’ਚ ਉਤਾਰਾਂਗੇ: ਭਾਈ ਰਣਜੀਤ ਸਿੰਘ

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਨਵੇਂ ਚਿਹਰੇ ਮੈਦਾਨ ’ਚ ਉਤਾਰਾਂਗੇ: ਭਾਈ ਰਣਜੀਤ ਸਿੰਘ

ਸਾਬਕਾ ਜਥੇਦਾਰ ਦੀ ਅਗਵਾਈ ਹੇਠ ਪੰਥਕ ਇਕੱਠ ਹੋਇਆ; ਲੋਕਾਂ ਨੂੰ ਵੋਟਾਂ ਬਣਵਾਉਣ ਦੀ ਅਪੀਲ
ਐੱਸਏਐੱਸ ਨਗਰ (ਮੁਹਾਲੀ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਥਕ ਅਕਾਲੀ ਲਹਿਰ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 ਵਿੱਚ ਪੰਥਕ ਇਕੱਤਰਤਾ ਕੀਤੀ ਗਈ। ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਪੰਥਕ ਇਕੱਠ ਆਮ ਲੋਕਾਂ ਨੂੰ ਐੱਸਜੀਪੀਸੀ ਚੋਣਾਂ ਅਤੇ ਮੌਜੂਦਾ ਮਾੜੇ ਪ੍ਰਬੰਧਾਂ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ ਅਤੇ ਸ਼ਹਿਰਾਂ ਸਣੇ ਪਿੰਡਾਂ ਦੀਆਂ ਸੱਥਾਂ ਵਿੱਚ ਇਕੱਠ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਐਸਜੀਪੀਸੀ ਨੂੰ ਹਮੇਸ਼ਾ ਹੀ ਲਾਵਾਰਿਸ ਸਮਝਿਆ ਹੈ ਅਤੇ ਹੁਣ ਲੰਬੇ ਅਰਸੇ ਬਾਅਦ ਪੰਥ ਨੂੰ ਮੋਰਚਾ ਸੰਭਾਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਵੋਟਾਂ ਬਣਵਾਉਣ ਤੇ ਯੋਗ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਪੰਥਕ ਲਹਿਰ ਵੱਲੋਂ ਧਾਰਮਿਕ ਅਤੇ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਸਾਬਕਾ ਜਥੇਦਾਰ ਨੇ ਕਿਹਾ ਕਿ ਐਨਾ ਵੱਡਾ ਬਜਟ ਹੋਣ ਦੇ ਬਾਵਜੂਦ ਐੱਸੀਜੀਪੀਸੀ ਗਰੀਬ ਬੱਚਿਆਂ ਨੂੰ ਨਾ ਤਾਂ ਇਲਾਜ ਅਤੇ ਨਾ ਹੀ ਮੁਫ਼ਤ ਸਿੱਖਿਆ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਜਥੇਦਾਰ ਹਰਮਿੰਦਰ ਸਿੰਘ ਪੱਤੋਂ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ, ਅੰਮ੍ਰਤਿ ਸਿੰਘ ਰਤਨਗੜ੍ਹ, ਗੁਰਮੀਤ ਸਿੰਘ ਘੜੂੰਆਂ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਕੁੰਭੜਾ, ਕਿਰਪਾਲ ਸਿੰਘ ਸਿਆਊ, ਰਣਜੀਤ ਸਿੰਘ ਤੇ ਜਥੇਦਾਰ ਬਲਬੀਰ ਸਿੰਘ ਬੈਰੋਂਪੁਰ ਹਾਜ਼ਰ ਸਨ।