ਸ਼੍ਰੋਮਣੀ ਕਮੇਟੀ ਚੋਣਾਂ: ਅਕਾਲੀ ਦਲ ਨੇ ਧਾਮੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ; ਬੀਬੀ ਜਗੀਰ ਕੌਰ ਵੱਲੋਂ ਮੈਦਾਨ ’ਚ ਡਟੇ ਰਹਿਣ ਦਾ ਐਲਾਨ

ਸ਼੍ਰੋਮਣੀ ਕਮੇਟੀ ਚੋਣਾਂ: ਅਕਾਲੀ ਦਲ ਨੇ ਧਾਮੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ; ਬੀਬੀ ਜਗੀਰ ਕੌਰ ਵੱਲੋਂ ਮੈਦਾਨ ’ਚ ਡਟੇ ਰਹਿਣ ਦਾ ਐਲਾਨ

ਲਿਫਾਫਾ ਸੱਭਿਆਚਾਰ ਦੇ ਉਲਟ ਪਹਿਲੀ ਵਾਰ ਚੋਣਾਂ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵਿਚਾਰ ਚਰਚਾ ਮਗਰੋਂ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਵਜੋਂ ਚੁਣਿਆ ਹੈ। ਉਹ 9 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨ ਦੇ ਅਹੁਦੇ ਲਈ ਪਾਰਟੀ ਉਮੀਦਵਾਰ ਹੋਣਗੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਚੁੱਕੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਾਰਟੀ ਵੱਲੋਂ ਲੀਹ ਤੋਂ ਹਟ ਕੇ ਇਹ ਇਕ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਲੇ ਦਿਨ ਹੀ ਕੁਝ ਸਮਾਂ ਪਹਿਲਾਂ ਜਨਰਲ ਇਜਲਾਸ ਦੌਰਾਨ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ। ਪਾਰਟੀ ਪ੍ਰਧਾਨ ਵੱਲੋਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਇਕ ਲਿਫਾਫੇ ਵਿਚ ਭੇਜੀ ਜਾਂਦੀ ਸੀ, ਜਿਸ ਦਾ ਮੌਕੇ ’ਤੇ ਹੀ ਐਲਾਨ ਕੀਤਾ ਜਾਂਦਾ ਹੈ। ਐਤਕੀਂ ਬੀਬੀ ਜਗੀਰ ਕੌਰ ਨਾਲ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਪਹਿਲੀ ਵਾਰ ਪਾਰਟੀ ਉਮੀਦਵਾਰ ਦਾ ਐਲਾਨ ਚੋਣ ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਦੇ ਮੈਦਾਨ ਵਿਚ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਕਮੇਟੀ ਵਿਚ ਆਪਣੇ ਬਹੁਮੱਤ ਨੂੰ ਬਣਾਏ ਰੱਖਣਾ ਵੱਡੀ ਚੁਣੌਤੀ ਬਣੀ ਹੋਈ ਹੈ। ਬੀਬੀ ਜਗੀਰ ਕੌਰ ਨੂੰ ਵਿਰੋਧੀ ਧਿਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕਮੇਟੀ ਮੈਂਬਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਈ ਹੋਰ ਅਕਾਲੀ ਦਲਾਂ ਵਲੋਂ ਵੀ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਬੀਤੇ ਕੱਲ੍ਹ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੈਅਰਮੈਨ ਨੇ ਵੀ ਬੀਬੀ ਜਗੀਰ ਕੌਰ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਮੌਜੂਦਾ ਪ੍ਰਸਥਿਤੀਆਂ ਕਰਕੇ ਐਤਕੀਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਮੁਕਾਬਲਾ ਵਧੇਰੇ ਰੋਚਕ ਹੋਣ ਦੀ ਸੰਭਾਵਨਾ ਹੈ।

157 ਮੈਂਬਰਾਂ ਨੂੰ ਜਨਰਲ ਇਜਲਾਸ ਲਈ ਸੱਦਾ ਭੇਜਿਆ

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿਚ ਇਸ ਵੇਲੇ 157 ਮੈਂਬਰਾਂ ਨੂੰ ਜਨਰਲ ਇਜਲਾਸ ਬਾਰੇ ਸੱਦੇ ਭੇਜੇ ਗਏ ਹਨ। ਇਨ੍ਹਾਂ 157 ਮੈਂਬਰਾਂ ਵਿਚੋਂ ਲਗਪਗ 125 ਮੈਂਬਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ ਜਦੋਂ ਕਿ ਬਾਕੀ ਵਿਰੋਧੀ ਧਿਰਾਂ ਨਾਲ ਸਬੰਧਤ ਮੈਂਬਰ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਕੁਲ ਮੈਂਬਰਾਂ ਦੀ ਗਿਣਤੀ 190 ਹੁੰਦੀ ਹੈ, ਜਿਨ੍ਹਾਂ ਵਿਚ 170 ਮੈਂਬਰ ਚੋਣਾਂ ਰਾਹੀਂ ਚੁਣੇ ਜਾਂਦੇ ਹਨ, 15 ਮੈਂਬਰ ਵੱਖ ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ 5 ਤਖ਼ਤਾਂ ਦੇ ਜਥੇਦਾਰ ਵੀ ਇਸ ਸਦਨ ਦੇ ਮੈਂਬਰ ਹਨ। ਜਥੇਦਾਰਾਂ ਨੂੰ ਹਾਲਾਂਕਿ ਵੋਟ ਪਾਉਣ ਦਾ ਹੱਕ ਨਹੀਂ ਹੈ। ਮੌਜੂਦਾ ਹਾਊਸ ਵਿਚੋਂ 26 ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਮੈਂਬਰਾਂ ਨੇ ਅਸਤੀਫਾ ਦਿਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਗਿਆਰਾਂ ਮੈਂਬਰੀ ਅੰਤ੍ਰਿੰਗ ਕਮੇਟੀ ਦੀ ਚੋਣ 9 ਨਵੰਬਰ ਨੂੰ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗੀ।