ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਪਾਰਟੀ ਵਿੱਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਪਾਰਟੀ ਵਿੱਚੋਂ ਕੱਢਿਆ

ਚੰਡੀਗੜ੍ਹ-
ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸਾਂ ਦਾ ਜਵਾਬ ਦੇਣ ਲਈ ਅੱਜ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ। ਕਮੇਟੀ ਦੇ ਮੁਖੀ ਸਿਕੰਦਰ ਸਿੰਘ ਮਲੂਕਾ ਨੇ ਸ੍ਰੀ ਬਰਾੜ ਨੂੰ ਪਾਰਟੀ ’ਚੋਂ ਕੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਲਗਾਤਾਰ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਗਤੀਵਿਧੀਆਂ ਕਰ ਰਹੇ ਸਨ। ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਛੇ ਸਾਲ ਲਈ ਰੱਦ ਕਰ ਦਿੱਤੀ ਗਈ ਹੈ। ਅਕਾਲੀ ਦਲ ਨੇ ਅਗਸਤ ਤੋਂ ਹੀ ਬਰਾੜ ਖਿਲਾਫ਼ ਕਾਰਵਾਈ ਦਾ ਮੁੱਢ ਬੰਨ੍ਹ ਦਿੱਤਾ ਸੀ। ਸ੍ਰੀ ਮਲੂਕਾ ਨੇ ਦਾਅਵਾ ਕੀਤਾ ਕਿ ਜਗਮੀਤ ਸਿੰਘ ਬਰਾੜ ਨੂੰ ਪੱਖ ਰੱਖਣ ਦੇ ਖੁਲ੍ਹੇ ਮੌਕੇ ਦਿੱਤੇ ਗਏ ਸਨ। ‘ਉਨ੍ਹਾਂ (ਬਰਾੜ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਜਦੋਂ ਜਵਾਬ ਤਸੱਲੀਬਖਸ਼ ਨਾ ਪਾਇਆ ਗਿਆ ਤਾਂ ਨਿੱਜੀ ਤੌਰ ’ਤੇ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ।’ ਉਨ੍ਹਾਂ ਦੱਸਿਆ ਕਿ ਜਦੋਂ ਸ੍ਰੀ ਬਰਾੜ ਨੇ ਆਖਿਆ ਕਿ ਉਹ ਇਕ ਜ਼ਰੂਰੀ ਭੋਗ ਕਾਰਨ 6 ਦਸੰਬਰ ਨੂੰ ਕਮੇਟੀ ਅੱਗੇ ਪੇਸ਼ ਨਹੀਂ ਹੋ ਸਕਦੇ ਤਾਂ ਉਨ੍ਹਾਂ ਨੂੰ 10 ਦਸੰਬਰ ਨੂੰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਦੇ ਰਾਹ ਪਏ ਇਸ ਆਗੂ ਨੇ ਪਾਰਟੀ ਵਿਚੋਂ ਪਹਿਲਾਂ ਹੀ ਕੱਢੇ ਜਾ ਚੁੱਕੇ ਬੀਬੀ ਜਗੀਰ ਕੌਰ ਦੀ 6 ਦਸੰਬਰ ਨੂੰ ਜਨਤਕ ਮੀਟਿੰਗ ਵਿਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ। ਉਨ੍ਹਾਂ ਵੱਖ-ਵੱਖ ਅਕਾਲੀ ਧੜਿਆਂ ’ਚ ਏਕਤਾ ਕਰਾਉਣ ਲਈ ਤਾਲਮੇਲ ਕਮੇਟੀ ਦਾ ਗਠਨ ਵੀ ਕੀਤਾ ਸੀ। ਇਸ ਕਮੇਟੀ ਦੇ ਗਠਨ ਅਤੇ ਜਗਮੀਤ ਸਿੰਘ ਬਰਾੜ ਦੀਆਂ ਹੋਰ ਗਤੀਵਿਧੀਆਂ ਅਕਾਲੀ ਦਲ ਨੂੰ ਲਗਾਤਾਰ ਰੜਕ ਰਹੀਆਂ ਸਨ। ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਸ੍ਰੀ ਬਰਾੜ ਸੱਚਮੁੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੰਜੀਦਾ ਹੁੰਦੇ ਤਾਂ ਫਿਰ ਉਹ ਪਾਰਟੀ ਦੇ ਜ਼ਾਬਤੇ ਵਿਚ ਰਹਿੰਦੇ ਅਤੇ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੰਮ ਕਰਦੇ। ਅਨੁਸਾਸ਼ਨੀ ਕਮੇਟੀ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ੍ਰੀ ਬਰਾੜ ਸ਼ੁਰੂ ਤੋਂ ਹੀ ਦੋਗਲਾਪਣ ਕਰਦੇ ਰਹੇ ਹਨ। ਅਨੁਸ਼ਾਸਨੀ ਕਮੇਟੀ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਨੂੰ ਕਮੇਟੀ ਅੱਗੇ ਪੱਖ ਰੱਖਣ ਲਈ ਕਿਹਾ ਹੈ। ਅਕਾਲੀ ਆਗੂ ਸੁਰਜੀਤ ਸਿੰਘ ਅਬਲੋਵਾਲ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਅੱਜ ਕਮੇਟੀ ਅੱਗੇ ਪੇਸ਼ ਹੋਏ ਅਤੇ ਉਨ੍ਹਾਂ ਆਪਣਾ ਪੱਖ ਰੱਖਿਆ।