ਸ਼ੂਟਰ ਮਹੇਸ਼ਵਰੀ ਚੌਹਾਨ ਨੇ ਪੈਰਿਸ ਓਲੰਪਿਕ ਦਾ ਕੋਟਾ ਫੁੰਡਿਆ

ਸ਼ੂਟਰ ਮਹੇਸ਼ਵਰੀ ਚੌਹਾਨ ਨੇ ਪੈਰਿਸ ਓਲੰਪਿਕ ਦਾ ਕੋਟਾ ਫੁੰਡਿਆ

ਦੋਹਾ(ਕਤਰ)- ਭਾਰਤੀ ਸ਼ੂਟਰ ਮਹੇਸ਼ਵਰੀ ਚੌਹਾਨ ਨੇ ਪੈਰਿਸ ਓਲੰਪਿਕ 2024 ਦਾ ਟਿਕਟ ਕਟਾਉਂਦਿਆਂ ਭਾਰਤ ਲਈ 21ਵਾਂ ਸ਼ੂਟਿੰਗ ਕੋਟਾ ਹਾਸਲ ਕਰ ਲਿਆ ਹੈ। ਦੋਹਾ ਵਿਚ ਐਤਵਾਰ ਨੂੰ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈਐੱਸਐੱਸਐੱਫ) ਓਲੰਪਿਕ ਸ਼ਾਟਗੰਨ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ ਸਕੀਟ ਈਵੈਂਟ ਵਿਚ ਸ਼ਾਨਦਾਰ ਕਾਰਗੁਜ਼ਾਰੀ ਮਗਰੋਂ ਇਹ ਪੰਜਵਾਂ ਕੋਟਾ ਹੈ। ਪੈਰਿਸ 2024 ਲਈ ਸ਼ਾਟਗੰਨ ਵਰਗ ਵਿਚ ਦੋਹਾ ਈਵੈਂਟ ਫਾਈਨਲ ਕੁਆਲੀਫਾਈਂਗ ਈਵੈਂਟ ਸੀ। ਓਲੰਪਿਕਸ ਡਾਟ ਕਾਮ ਮੁਤਾਬਕ ਹਰੇਕ ਮੁਕਾਬਲੇ (ਵੱਧ ਤੋਂ ਵੱਧ ਇਕ ਪ੍ਰਤੀ ਮੁਲਕ) ਵਿਚ ਸਿਖਰਲੇ ਦੋ ਸ਼ੂਟਰਜ਼ ਨੂੰ ਕੋਟਾ ਮਿਲਿਆ ਹੈ। ਮਹੇਸ਼ਵਰੀ ਸਕੀਟ ਮੁਕਾਬਲੇ ਵਿਚ ਚਿਲੀ ਦੀ ਫਰਾਂਸਿਸਕਾ ਕ੍ਰੋਵੈਟੋ ਚੈਡਿਡ ਮਗਰੋਂ ਦੂਜੇ ਸਥਾਨ ’ਤੇ ਰਹੀ ਸੀ। ਦੋਵਾਂ ਨੇ 54-54 ਦਾ ਸਕੋਰ ਬਣਾਇਆ ਸੀ ਪਰ ਚਿੱਲੀ ਦੀ ਸ਼ੂਟਰ ਸ਼ੂਟ-ਆਫ਼ ਵਿਚ 4-3 ਨਾਲ ਬਾਜ਼ੀ ਮਾਰ ਗਈ। ਮਹੇਸ਼ਵਰੀ ਨੇ ਫਾਈਨਲ ਮੁਕਾਬਲੇ ਮਗਰੋਂ ਕਿਹਾ, ‘‘ਮੈਂ ਬਹੁਤ ਰੋਮਾਂਚਿਤ ਹਾਂ। ਇਥੇ ਪਹੁੰਚਣ ਲਈ ਪਿਛਲੇ ਕੁਝ ਸਾਲਾਂ ਵਿਚ ਬਹੁਤ ਮਿਹਨਤ ਕਰਨੀ ਪਈ ਹੈ। ਮੈਂ ਸ਼ੂਟ-ਆਫ਼ ਤੋਂ ਥੋੜ੍ਹੀ ਨਾਰਾਜ਼ ਹਾਂ, ਪਰ ਕੁਲ ਮਿਲਾ ਕੇ ਇਹ ਬਹੁਤ ਤਸੱਲੀਬਖ਼ਸ਼ ਰਿਹਾ।’’ ਭਾਰਤ ਲਈ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਹੋਰਨਾਂ ਸ਼ਾਟਗੰਨ ਸ਼ੂਟਰਾਂ ਵਿਚ ਭਵਨੀਸ਼ ਮਹਿੰਦੀਰੱਤਾ (ਪੁਰਸ਼ਾਂ ਦੇ ਟਰੈਪ), ਰਾਜੇਸ਼ਵਰੀ ਕੁਮਾਰੀ (ਮਹਿਲਾਵਾਂ ਦੇ ਟਰੈਪ), ਰਾਇਜ਼ਾ ਢਿੱਲੋਂ (ਮਹਿਲਾਵਾਂ ਦੇ ਸਕੀਟ) ਤੇ ਅਨੰਤਜੀਤ ਸਿੰਘ ਨਰੂਕਾ (ਪੁਰਸ਼ਾਂ ਦੇ ਸਕੀਟ) ਸ਼ਾਮਲ ਹਨ। ਮਹੇਸ਼ਵਰੀ ਨੂੰ ਕੋਟਾ ਮਿਲਣ ਦਾ ਮਤਲਬ ਹੈ ਕਿ ਭਾਰਤ ਹੁਣ ਪੈਰਿਸ ਓਲੰਪਿਕ ਵਿਚ ਮਹਿਲਾਵਾਂ ਦੇ ਸਕੀਟ ਮੁਕਾਬਲੇ ਵਿਚ ਦੋ ਸ਼ੂਟਰਾਂ ਨੂੰ ਉਤਾਰ ਸਕੇਗਾ।