ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਦਫ਼ਤਰ ਵਿੱਚ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਤੇ ਸਿਆਸੀ ਗੁਰੂ ਆਨੰਦ ਦੀਘੇ ਦੀਆਂ ਤਸਵੀਰਾਂ ਲਗਾਈਆਂ

ਮੁੰਬਈ -ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਅੱਜ ਸੂਬਾ ਸਕੱਤਰੇਤ (ਮੰਤਰਾਲੇ) ਵਿੱਚ ਅਧਿਕਾਰਤ ਤੌਰ ’ਤੇ ਆਪਣਾ ਅਹੁਦਾ ਸੰਭਾਲਿਆ ਗਿਆ। ਸ਼ਿੰਦੇ ਦੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਵਧੀਆ ਢੰਗ ਨਾਲ ਸਜਾਏ ਉਨ੍ਹਾਂ ਦੇ ਦਫ਼ਤਰ ਵਿੱਚ ਪੂਜਾ ਕੀਤੀ ਗਈ। ਉਨ੍ਹਾਂ ਦੇ ਕਮਰੇ ਵਿੱਚ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਅਤੇ ਉਨ੍ਹਾਂ ਦੇ ਨਾਲ ਸ਼ਿੰਦੇ ਦੇ ਸਿਆਸੀ ਗੁਰੂ ਆਨੰਦ ਦੀਘੇ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਸਕੱਤਰੇਤ ਦੀ ਇਮਾਰਤ ਵਿੱਚ ਦਾਖ਼ਲ ਹੁੰਦੇ ਹੀ ਸ਼ਿੰਦੇ ਨੇ ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਿੰਦੇ ਦੀ ਅਗਵਾਈ ਵਾਲੇ ਵਿਧਾਇਕਾਂ ਦੇ ਗੁੱਟ ਦੇ ਤਰਜਮਾਨ ਦੀਪਕ ਕੇਸਰਕਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਾਲ ਠਾਕਰੇ ਕਿਸੇ ਦੀ ਸੰਪਤੀ ਨਹੀਂ ਹੈ। ਬਾਲਾ ਸਾਹਿਬ ਦਾ ਸਬੰਧ ਪੂਰੇ ਸੂਬੇ ਨਾਲ ਹੈ ਅਤੇ ਇਸ ਤੱਥ ਨੂੰ ਕੋਈ ਨਹੀਂ ਬਦਲ ਸਕਦਾ।

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ’ਤੇ ਨਿਸ਼ਾਨਾ ਸੇਧਦਿਆਂ ਕੇਸਰਕਰ ਨੇ ਕਿਹਾ, ‘‘ਰਾਊਤ, ਸ਼ਰਦ ਪਵਾਰ ਦੇ ਕਰੀਬੀ ਹਨ, ਮੈਂ ਊਧਵ ਜੀ ਬਾਰੇ ਨਹੀਂ ਜਾਣਦਾ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਸ਼ਿਵ ਸੈਨਾ ਨੂੰ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮੈਂ ਊਧਵ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਕਦੇ ਵੀ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਨੂੰ ਨਹੀਂ ਮਿਲਿਆ।’’

ਉਨ੍ਹਾਂ ਭਾਵਨਾ ਗਾਵਲੀ ਨੂੰ ਪਾਰਟੀ ਦੇ ਚੀਫ਼ ਵ੍ਹੀਪ ਦੇ ਅਹੁਦੇ ਤੋਂ ਹਟਾਉਣ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ।

ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਪੁਲੀਸ ਮੁਲਾਜ਼ਮਾਂ ਲਈ ਇਕ ਬਿਹਤਰ ਅਤੇ ਵੱਡੀ ਹਾਊਸਿੰਗ ਯੋਜਨਾ ’ਤੇ ਕੰਮ ਕਰੇਗੀ।