ਸ਼ਿੰਦੇ ਧੜੇ ਬਾਰੇ ਚੋਣ ਕਮਿਸ਼ਨ ਦਾ ਫੈਸਲਾ ਭਵਿੱਖੀ ਨਜ਼ਰੀਏ ਤੋਂ ਸੀ: ਨਾਰਵੇਕਰ

ਸ਼ਿੰਦੇ ਧੜੇ ਬਾਰੇ ਚੋਣ ਕਮਿਸ਼ਨ ਦਾ ਫੈਸਲਾ ਭਵਿੱਖੀ ਨਜ਼ਰੀਏ ਤੋਂ ਸੀ: ਨਾਰਵੇਕਰ

ਸ਼ਿਵ ਸੈਨਾ ਦਾ ਨਾਂ ਤੇ ਚੋਣ ਨਿਸ਼ਾਨ ਜਾਰੀ ਕਰਨ ਦਾ ਮਾਮਲਾ
ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸ਼ਿਵ ਸੈਨਾ ਤੇ ਇਸ ਦਾ ਚੋਣ ਨਿਸ਼ਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਜਾਰੀ ਕਰਨ ਦਾ ਫੈਸਲਾ ਅਤੀਤ ਨਹੀਂ ਬਲਕਿ ਭਵਿੱਖੀ ਨਜ਼ਰੀਏ ਉੱਤੇ ਆਧਾਰਿਤ ਸੀ।

ਇਥੇ ਵਿਧਾਨ ਭਵਨ ਵਿੱਚ ਕੁਝ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਨਾਰਵੇਕਰ ਨੇ ਕਿਹਾ ਕਿ 16 ਵਿਧਾਇਕਾਂ, ਜਿਨ੍ਹਾਂ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਸ਼ਾਮਲ ਸਨ, ਨੂੰ ਅਯੋਗ ਠਹਿਰਾਉਣ ਬਾਰੇ ਫੈਸਲਾ ਇਸ ਆਧਾਰ ’ਤੇ ਲਿਆ ਜਾਣਾ ਚਾਹੀਦਾ ਸੀ ਕਿ ਜੁਲਾਈ 2022 ਵਿੱਚ ਅਸਲ ਸ਼ਿਵ ਸੈਨਾ ਦੀ ਅਗਵਾਈ ਕਿਸ ਧੜੇ ਵੱਲੋਂ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦੇ ਅੰਦਰੂਨੀ ਵਿਵਾਦ ਕਾਰਨ ਬੀਤੇ ਵਰ੍ਹੇ ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਗਾੜੀ ਸਰਕਾਰ ਡਿੱਗ ਗਈ ਸੀ ਅਤੇ ਸੁਪਰੀਮ ਕੋਰਟ ਨੇ ਊਧਵ ਠਾਕਰੇ ਨੂੰ ਮੁੱਖ ਮੰਤਰੀ ਵਜੋਂ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਿਖਰਲੀ ਅਦਾਲਤ ਨੇ ਤਰਕ ਦਿੱਤਾ ਸੀ ਕਿ ਠਾਕਰੇ ਨੇ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇਣ ਦਾ ਫੈਸਲਾ ਲੈ ਲਿਆ ਸੀ। ਏਕਨਾਥ ਸ਼ਿੰਦੇ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਿਨਟ ਮੰਤਰੀ ਸਨ। ਜੂਨ 2022 ਵਿੱਚ ਸ਼ਿੰਦੇ ਅਤੇ 39 ਵਿਧਾਇਕਾਂ ਨੇ ਊਧਵ ਸਰਕਾਰ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ ਜਿਸ ਮਗਰੋਂ ਸ਼ਿਵ ਸੈਨਾ ਦੋ ਧੜਿਆਂ ਵਿੱਚ ਵੰਡੀ ਗਈ ਸੀ। ਇਸ ਮਗਰੋਂ ਭਾਜਪਾ ਦੇ ਸਹਿਯੋਗ ਨਾਲ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਸਨ।