ਸ਼ਿਲਪਕਾਰਾਂ ਦੇ ਹੁਨਰ ਵਿੱਚ ਹੋਰ ਨਿਖਾਰ ਲਿਆਏਗੀ ਪ੍ਰਧਾਨ ਮੰਤਰੀ ਯੋਜਨਾ: ਪੁਰੀ

ਸ਼ਿਲਪਕਾਰਾਂ ਦੇ ਹੁਨਰ ਵਿੱਚ ਹੋਰ ਨਿਖਾਰ ਲਿਆਏਗੀ ਪ੍ਰਧਾਨ ਮੰਤਰੀ ਯੋਜਨਾ: ਪੁਰੀ

ਪੀਐੱਮ ਵਿਸ਼ਵਕਰਮਾ ਯੋਜਨਾ ਵਿੱਚ 18 ਰਵਾਇਤੀ ਕਿੱਤੇ ਸ਼ਾਮਲ
ਅੰਮ੍ਰਿਤਸਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਗੈਰ-ਰਸਮੀ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਇਹ ਯੋਜਨਾ ਉਨ੍ਹਾਂ ਦੀ ਨਿਪੁੰਨਤਾ ਵਿਚ ਵੀ ਨਿਖਾਰ ਲਿਆਏਗੀ। ਇਸ ਯੋਜਨਾ ਤਹਿਤ 18 ਰਵਾਇਤੀ ਕਿੱਤਿਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਕਰਮਾ ਜੈਅੰਤੀ ਮੌਕੇ ਅੱਜ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ। ਪੀਐੱਮ ਵਿਸ਼ਵਕਰਮਾ ਯੋਜਨਾ ਨੂੰ ਜਾਰੀ ਕਰਨ ਮੌਕੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਗੈਰ-ਰਸਮੀ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਲਾਹੇਵੰਦ ਸਾਬਿਤ ਹੋਵੇਗੀ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਯੋਜਨਾ ਦਾ ਆਗਾਜ਼ ਦੀਨ ਦਿਆਲ ਉਪਾਧਿਆਏ ਕੌਸ਼ਲ ਯੋਜਨਾ ਦੀ ਸ਼ੁਰੂਆਤ ਦੀ ਯਾਦ ਦਿਵਾਉਂਦਾ ਹੈ। ਇਸ ਯੋਜਨਾ ਦਾ ਉਦੇਸ਼ ਗੁਰੂ-ਚੇਲੇ ਦੀ ਪ੍ਰੰਪਰਾ ਜਾਂ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਰਵਾਇਤੀ ਕਿੱਤਿਆਂ ਨਾਲ ਜੁੜੀ ਪਰਿਵਾਰ-ਆਧਾਰਿਤ ਪ੍ਰਥਾ ਨੂੰ ਮਜ਼ਬੂਤ ਅਤੇ ਉਤਸ਼ਾਹਿਤ ਕਰਨਾ ਹੈ। ਇਸ ਦਾ ਮੁੱਖ ਮੰਤਵ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। ਪੀਐੱਮ ਵਿਸ਼ਵਕਰਮਾ ਯੋਜਨਾ ਨੂੰ 13,000 ਕਰੋੜ ਰੁਪਏ ਦੇ ਖਰਚ ਨਾਲ ਕੇਂਦਰ ਸਰਕਾਰ ਵੱਲੋਂ ਚਲਾਇਆ ਜਾਵੇਗਾ। ਇਹ ਯੋਜਨਾ ਪੂਰੇ ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰੀਗਰਾਂ ਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ ਜਿਸ ਤਹਿਤ 18 ਰਵਾਇਤੀ ਕਿੱਤਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿੱਚ ਤਰਖਾਣ, ਕਿਸ਼ਤੀ ਬਣਾਉਣ ਵਾਲੇ, ਹਥਿਆਰਸਾਜ਼, ਲੁਹਾਰ, ਹਥੌੜਾ ਅਤੇ ਟੂਲ ਕਿੱਟ ਨਿਰਮਾਤਾ, ਤਾਲਾ ਬਣਾਉਣ ਵਾਲਾ, ਸੁਨਿਆਰ, ਘੁਮਿਆਰ, ਮੂਰਤੀਕਾਰ, ਪੱਥਰ ਤੋੜਨ ਵਾਲਾ, ਮੋਚੀ, ਰਾਜ ਮਿਸਤਰੀ, ਗੁੱਡੀਆਂ ਅਤੇ ਖਿਡੌਣੇ ਵਾਲਾ, ਨਾਈ, ਮਾਲਾ ਬਣਾਉਣ ਵਾਲਾ, ਧੋਬੀ, ਦਰਜੀ, ਮੱਛੀ ਫੜਨ ਦਾ ਜਾਲ ਬਣਾਉਣ ਵਾਲਾ ਆਦਿ ਸ਼ਾਮਲ ਹਨ।