ਸ਼ਾਹ ਨੂੰ ਕ੍ਰਾਂਤੀਕਾਰੀਆਂ ਦੀ ਭੂਮਿਕਾ ਦੱਸਣ ਦੀ ਲੋੜ ਨਹੀਂ: ਤੁਸ਼ਾਰ

ਸ਼ਾਹ ਨੂੰ ਕ੍ਰਾਂਤੀਕਾਰੀਆਂ ਦੀ ਭੂਮਿਕਾ ਦੱਸਣ ਦੀ ਲੋੜ ਨਹੀਂ: ਤੁਸ਼ਾਰ

ਕੋਜ਼ੀਕੋੜ- ਰਾਸ਼ਟਰਪਿਤਾ ਮਹਾਤਮਾ ਗਾਂਧੀ ਪੜਪੋਤੇ ਤੁਸ਼ਾਰ ਗਾਂਧੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਦੇ ਆਜ਼ਾਦੀ ਸੰਘਰਸ਼ ’ਚ ਹਥਿਆਰਬੰਦ ਕ੍ਰਾਂਤੀਕਾਰੀਆਂ ਦੀ ਭੂਮਿਕਾ ਬਾਰੇ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ‘ਬਾਪੂ’ ਨੇ ਉਨ੍ਹਾਂ ਦੀ ਭੂਮਿਕਾ ਖੁਦ ਸਵੀਕਾਰ ਕੀਤੀ ਸੀ। ਅਮਿਤ ਸ਼ਾਹ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਆਜ਼ਾਦੀ ਸੰਘਰਸ਼ ਦੌਰਾਨ ਅਹਿੰਸਕ ਅੰਦੋਲਨ ਦੇ ਸਿਰਫ਼ ਇੱਕ ਤਰ੍ਹਾਂ ਦੇ ਹੀ ਪੱਖ ਨੂੰ ਸਿੱਖਿਆ, ਇਤਿਹਾਸ ਤੇ ਕਹਾਣੀਆਂ ਰਾਹੀਂ ਲੋਕਾਂ ’ਤੇ ਮੜ੍ਹਿਆ ਗਿਆ ਹੈ ਜਦਕਿ ਭਾਰਤ ਦੀ ਆਜ਼ਾਦੀ ਹਥਿਆਰਬੰਦ ਕ੍ਰਾਂਤੀਕਾਰੀਆਂ ਦੇ ਯੋਗਦਾਨ ਸਮੇਤ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਸੀ।

ਤੁਸ਼ਾਰ ਗਾਂਧੀ ਨੇ ਬੀਤੇ ਦਿਨੀਂ 6ਵੇਂ ਕੇਰਲਾ ਸਾਹਿਤ ਉਤਸਵ (ਕੇਐੱਲਐੱਫ) ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਨੂੰ ਇਹ ਗੱਲਾਂ ਕਹਿਣ ਲਈ ਕਿਸੇ ਅਮਿਤ ਸ਼ਾਹ ਦੀ ਜ਼ਰੂਰਤ ਨਹੀਂ ਹੈ। ਅਮਿਤ ਸ਼ਾਹ ਨੂੰ ਇਹ ਗੱਲਾਂ ਇਸ ਲਈ ਕਹਿਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਕੋਲ ਆਪਣੇ ਬਾਰੇ ਜਾਂ ਆਪਣੀ ਵਿਚਾਰਧਾਰਾ ਬਾਰੇ ਕਹਿਣ ਲਈ ਕੁਝ ਵੀ ਨਹੀਂ ਹੈ। ਬਾਪੂ ਨੇ ਖੁਦ ਮੰਨਿਆ ਸੀ ਕਿ ਸਿਰਫ਼ ਉਨ੍ਹਾਂ ਦੇ ਯਤਨਾਂ ਨਾਲ ਹੀ ਆਜ਼ਾਦੀ ਹਾਸਲ ਨਹੀਂ ਹੋਈ ਸੀ।’ ਉਨ੍ਹਾਂ ਕਿਹਾ, ‘ਮਹਾਤਮਾ ਗਾਂਧੀ ਨੇ ਸਾਰਿਆਂ ਨੂੰ ਸਿਹਰਾ ਦਿੱਤਾ ਸੀ। ਇੱਥੋਂ ਤੱਕ ਕਿ ਕ੍ਰਾਂਤੀਕਾਰੀਆਂ ਤੋਂ ਪਹਿਲਾਂ ਦੀਆਂ ਕੋਸ਼ਿਸ਼ਾਂ ਨੂੰ ਵੀ। ਉਨ੍ਹਾਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ ਸੀ।