ਸ਼ਹੀਦੀ ਪੰਦਰਵਾੜਾ- ਸੰਗਤ ਦੇ ਦਰਸ਼ਨਾਂ ਲਈ ਖੋਲ੍ਹੀ ਪਠਾਣ ਨਿਹੰਗ ਖਾਨ ਦੀ ਹਵੇਲੀ

ਸ਼ਹੀਦੀ ਪੰਦਰਵਾੜਾ- ਸੰਗਤ ਦੇ ਦਰਸ਼ਨਾਂ ਲਈ ਖੋਲ੍ਹੀ ਪਠਾਣ ਨਿਹੰਗ ਖਾਨ ਦੀ ਹਵੇਲੀ

ਸ਼ਹੀਦੀ ਪੰਦਰਵਾੜਾ- ਸੰਗਤ ਦੇ ਦਰਸ਼ਨਾਂ ਲਈ ਖੋਲ੍ਹੀ ਪਠਾਣ ਨਿਹੰਗ ਖਾਨ ਦੀ ਹਵੇਲੀ
ਰੂਪਨਗਰ- ਪਿੰਡ ਕੋਟਲਾ ਸਥਿਤ ਮੁਗਲ ਪਠਾਣ ਨਿਹੰਗ ਖਾਨ ਦੀ ਹਵੇਲੀ ਕਿਰਤੀ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਵੱਲੋਂ ਕੀਤੇ ਸੰਘਰਸ਼ ਦੀ ਬਦੌਲਤ ਹੁਣ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੀ ਗਈ ਹੈ। ਸ਼ਹੀਦੀ ਪੰਦਰਵਾੜੇ ਸਬੰਧੀ ਭੱਠਾ ਸਾਹਿਬ ਵਿੱਚ ਸ਼ੁਰੂ ਹੋਏ ਸ਼ਹੀਦੀ ਜੋੜ ਮੇਲ ਵਿੱਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਤੋਂ ਆਈ ਵੱਡੀ ਗਿਣਤੀ ਸੰਗਤ ਨੇ ਅੱਜ ਹਵੇਲੀ ਵਿਚਲੇ ਬੀਬੀ ਮੁਮਤਾਜ਼ ਦੇ ਉਸ ਕਮਰੇ ਦੇ ਦਰਸ਼ਨ ਕੀਤੇ, ਜਿੱਥੇ ਉਨ੍ਹਾਂ ਗੰਭੀਰ ਜ਼ਖ਼ਮੀ ਭਾਈ ਬਚਿੱਤਰ ਸਿੰਘ ਦੀ ਸੇਵਾ-ਸੰਭਾਲ ਕਰਦਿਆਂ ਉਨ੍ਹਾਂ ਨੂੰ ਮੁਗਲ ਫੌਜਾਂ ਦੀ ‌ਗ੍ਰਿਫ਼ਤਾਰੀ ਤੋਂ ਬਚਾਇਆ ਸੀ। ਜਦੋਂ ਸਿਪਾਹੀ ਬੀਬੀ ਮੁਮਤਾਜ਼ ਦੇ ਕਮਰੇ ਦੀ ਤਲਾਸ਼ੀ ਲੈਣ ਲੱਗੇ ਤਾਂ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਉਸ ਦੀ ਬੇਟੀ ਅਤੇ ਦਾਮਾਦ ਆਰਾਮ ਫਰਮਾ ਰਹੇ ਹਨ। ਥਾਣੇਦਾਰ ਨੇ ਜਦੋਂ ਤਸੱਲੀ ਕਰਨ ਲਈ ਬੀਬੀ ਮੁਮਤਾਜ਼ ਨੂੰ ਆਵਾਜ਼ ਮਾਰ ਕੇ ਪੁੱਛਿਆ ਤਾਂ ਬੀਬੀ ਮੁਮਤਾਜ਼ ਨੇ ਵੀ ਆਪਣੇ ਪਿਤਾ ਵੱਲੋਂ ਕਹੀ ਗੱਲ ਦੀ ਹਾਮੀ ਭਰ ਦਿੱਤੀ, ਜਿਸ ਉਪਰੰਤ ਪੁਲੀਸ ਉੱਥੋਂ ਚਲੀ ਗਈ। ਕੁਝ ਦਿਨਾਂ ਬਾਅਦ ਭਾਈ ਬਚਿੱਤਰ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਅਤੇ ਬੀਬੀ ਮੁਮਤਾਜ਼ ਨੇ ਕਿਸੇ ਹੋਰ ਥਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਲਾਲ ਲਕੀਰ ਅੰਦਰ ਸਥਿਤ ਇਸ ਹਵੇਲੀ ਨੂੰ ਕਿਰਤੀ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਨੇ ਸੰਘਰਸ਼ ਕਰਕੇ ਸੰਗਤ ਦੇ ਦਰਸ਼ਨਾਂ ਲਈ ਖੁੱਲ੍ਹਵਾਇਆ ਹੈ। ਇਸ ਹਵੇਲੀ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਚੁੱਕੀ ਹੈ।

ਕਿਰਤੀ ਕਿਸਾਨ ਮੋਰਚਾ ਵੱਲੋਂ ਵੀ ਹਵੇਲੀ ਦੀ ਸੇਵਾ-ਸੰਭਾਲ ਲਈ ਅੱਗੇ ਆਈ ਨਿਹੰਗ ਸਿੰਘਾਂ ਦੀ ਜਥੇਬੰਦੀ ਬੁੱਢਾ ਦਲ, ਮੀਰੀ ਪੀਰੀ ਸੇਵਾ ਦਲ, ਪੰਜਾਬ ਸਟੂਡੈਂਟਸ ਯੂਨੀਅਨ, ਅਕਾਲ ਯੂਥ, ਸ਼ੇਰ-ਏ-ਪੰਜਾਬ ਯੂਥ ਕਲੱਬ ਰੌਲਮਾਜਰਾ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਵੇਲੀ ’ਚ 18 ਦਸੰਬਰ ਨੂੰ ਸ਼ਾਮ 3 ਤੋਂ 8 ਵਜੇ ਤੱਕ ਕੀਰਤਨ ਤੇ ਢਾਡੀ ਦਰਬਾਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।