ਸ਼ਹੀਦੀ ਦਿਹਾੜਾ: ਵੱਡੀ ਗਿਣਤੀ ਸੰਗਤ ਦਰਬਾਰ ਸਾਹਿਬ ਨਤਮਸਤਕ

ਸ਼ਹੀਦੀ ਦਿਹਾੜਾ: ਵੱਡੀ ਗਿਣਤੀ ਸੰਗਤ ਦਰਬਾਰ ਸਾਹਿਬ ਨਤਮਸਤਕ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਸ਼ਹੀਦੀ ਪੁਰਬ ’ਤੇ ਸੰਗਤ ਨੂੰ ਦਿੱਤਾ ਸੰਦੇਸ਼
ਅੰਮ੍ਰਿਤਸਰ : ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਧਰ, ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚਲਦਿਆਂ ਇਹ ਸ਼ਹੀਦੀ ਦਿਹਾੜਾ ਪਾਕਿਸਤਾਨ ਵਿੱਚ 16 ਜੂਨ ਨੂੰ ਮਨਾਇਆ ਜਾਵੇਗਾ।
ਸ਼ਹੀਦੀ ਪੁਰਬ ਦੇ ਸਬੰਧ ਵਿੱਚ ਇਥੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲਿਆ ਗਿਆ। ਸਮਾਗਮ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਬਲਵੰਤ ਸਿੰਘ ਨੇ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਦੇ ਜੀਵਨ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਗੁਰੂ ਸਾਹਿਬ ਨੇ ਹੱਕ, ਸੱਚ ਦੀ ਖ਼ਾਤਰ ਆਪਣੀ ਸ਼ਹਾਦਤ ਦਿੱਤੀ ਅਤੇ ਜਬਰ ਦਾ ਮੁਕਾਬਲਾ ਕਰਨ ਲਈ ਮਾਨਵਤਾ ਨੂੰ ਭੈਅ ਮੁਕਤ ਕੀਤਾ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਵੀ ਕੀਤੀ।
ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਣੇ ਇਥੇ ਕਈ ਹੋਰ ਗੁਰਦੁਆਰਿਆਂ ਵਿੱਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸੇ ਤਰ੍ਹਾਂ ਸ਼ਹਿਰ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ?ਵੱਲੋਂ ਛਬੀਲਾਂ ਲਾਈਆਂ ਗਈਆਂ ਹਨ। ਇਸ ਦੌਰਾਨ ਇਲਾਕੇ ਦੇ ਹੋਰਨਾਂ ਗੁਰੂਘਰਾਂ ਵਿੱਚ ਵੀ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਕਰਵਾਏ ਗਏ।
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਪੁਰਬ ਤੇ ਸਿੱਖ ਸੰਗਤ ਨੂੰ ਆਪਣੇ ਸੰਦੇਸ਼ ਵਿੱਚ ਆਖਿਆ ਕਿ ਉਹ ਗੁਰੂ ਸਾਹਿਬ ਵੱਲੋਂ ਸਬਰ, ਸੰਤੋਖ ਅਤੇ 1ਪਰਮਾਤਮਾ ਦੇ ਭਾਣੇ ਨੂੰ ਮੰਨਣ ਦੇ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਭ ਤੋਂ ਪਹਿਲੀ ਸ਼ਹਾਦਤ ਹੈ ਜੋ ਕਿ ਜਬਰ ਜ਼ੁਲਮ ਦੇ ਖ਼ਿਲਾਫ ਸਬਰ ਸੰਤੋਖ ਅਤੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਸਿੱਖ ਸੰਗਤਾਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ । ਜ਼ਿਕਰਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚਲਦਿਆਂ ਸ਼ਹੀਦੀ ਦਿਹਾੜਾ ਦੋ ਵਾਰ ਮਨਾਇਆ ਜਾ ਰਿਹਾ ਹੈ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਦਿਹਾੜਾ 10 ਜੂਨ ਨੂੰ ਮਨਾਇਆ ਹੈ ਜਦੋਂਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਸ਼ਹੀਦੀ ਦਿਹਾੜਾ ਪਾਕਿਸਤਾਨ ਵਿੱਚ 16 ਜੂਨ ਨੂੰ ਮਨਾਇਆ ਜਾਵੇਗਾ। ਪਾਕਿਸਤਾਨ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਹੈ, ਜੋ 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦੀ ਪੁਰਬ ਮਨਾਏਗਾ ਅਤੇ ਇਸ ਮਗਰੋਂ ਜਥਾ ਵਾਪਸ ਦੇਸ਼ ਪਰਤ ਆਵੇਗਾ। ਕੈਲੰਡਰ ਵਿਵਾਦ ਕਾਰਨ ਹੋਰ ਵੀ ਕਈ ਗੁਰਪੁਰਬ ਦੋ-ਦੋ ਵਾਰ ਮਨਾਏ ਜਾ ਰਹੇ ਹਨ।