ਸ਼ਹੀਦੀ ਦਿਵਸ ‘ਤੇ ਵਿਸ਼ੇਸ਼ – ਅਣਖੀ ਅਤੇ ਕ੍ਰਾਂਤੀਕਾਰੀ ਯੋਧਾ ਸ਼ਹੀਦ ਊਧਮ ਸਿੰਘ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼ – ਅਣਖੀ ਅਤੇ ਕ੍ਰਾਂਤੀਕਾਰੀ ਯੋਧਾ ਸ਼ਹੀਦ ਊਧਮ ਸਿੰਘ

ਦਰਸ਼ਨ ਸਿੰਘ ਪ੍ਰੀਤੀਮਾਨ
ਸ. ਊਧਮ ਸਿੰਘ ਦਾ ਜਨਮ 26 ਦਸੰਬਰ, 1899 ਈ: ਨੂੰ ਮਾਤਾ ਨਰੈਣ ਕੌਰ ਉਰਫ਼ ਹਰਨਾਮ ਕੌਰ ਦੀ ਕੁੱਖੋਂ, ਪਿਤਾ ਚੂਹੜ ਸਿੰਘ ਉਰਫ਼ ਟਹਿਲ ਸਿੰਘ ਦੇ ਘਰ ਸ਼ਹਿਰ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ | ਊਧਮ ਸਿੰਘ ਦਾ ਬਚਪਨ ਦਾ ਨਾਂਅ ਸ਼ੇਰ ਸਿੰਘ ਸੀ ਅਤੇ ਉਨ੍ਹਾਂ ਦਾ ਵੱਡਾ ਭਰਾ ਸਾਧੂ ਸਿੰਘ ਸੀ | ਊਧਮ ਸਿੰਘ ਦੀ ਮਾਤਾ 1907 ‘ਚ ਪਿਤਾ 1913 ‘ਚ ਰੱਬ ਨੂੰ ਪਿਆਰੇ ਹੋ ਗਏ | ਊਧਮ ਸਿੰਘ ਦੇ ਪਿਤਾ ਦਾ ਰਿਸ਼ਤੇਦਾਰ ਚੰਚਲ ਸਿੰਘ ਨਾਮੀ ਵਿਆਕਤੀ ਜੋ ਪ੍ਰਚਾਰਕ ਜਥੇ ਨਾਲ ਸੀ | ਉਸ ਨੇ ਦੋਵੇਂ ਮਾਸੂਮ ਬੱਚਿਆਂ ਨੂੰ ਕੇਂਦਰੀ ਖ਼ਾਲਸਾ ਯਤੀਮਘਰ ਪੁਤਲੀਘਰ, ਅੰਮਿ੍ਤਸਰ ਵਿਖੇ ਦਾਖ਼ਲ ਕਰਵਾ ਦਿੱਤਾ | ਊਧਮ ਸਿੰਘ ਚੁਸਤੀ-ਫੁਰਤੀ ਵਾਲਾ ਹੋਣ ਕਰਕੇ ਮੁੰਡਿਆਂ ‘ਚ ਮੋਹਰੀ ਬਣ ਗਿਆ ਤੇ ਤਰਖਾਣਾ ਵਾਲਾ ਕੰਮ ਵੀ ਸਿੱਖ ਗਿਆ ਪਰ ਉਹ ਵੱਧ ਕੰਮ ਇਲੈਕਟ੍ਰੀਸ਼ਨ ਦਾ ਕਰਦਾ ਸੀ | ਜਦ 1917 ਨੂੰ ਉਸ ਦੇ ਵੱਡੇ ਭਰਾ ਸਾਧੂ ਸਿੰਘ ਉਰਫ਼ ਮੁਕੰਦ ਸਿੰਘ ਉਰਫ਼ ਮੁੱਖਾ ਸਿੰਘ ਦੀ ਨਮੂਨੀਏ ਨਾਲ ਮੌਤ ਹੋ ਗਈ ਤਾਂ ਊਧਮ ਸਿੰਘ ਤੇ ਹੋਰ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ | ਛੋਟੀ ਉਮਰ ‘ਚ ਵੱਡੇ ਦੁੱਖਾਂ ਦਾ ਸਾਹਮਣਾ ਕਰਦਾ ਹੋਇਆ ਵੀ ਊਧਮ ਸਿੰਘ 1918 ‘ਚ ਦਸਵੀਂ ਜਮਾਤ ਪਾਸ ਕਰ ਗਿਆ |
ਊਧਮ ਸਿੰਘ ਦੇ ਮਨ ‘ਤੇ ਗਦਰ ਲਹਿਰ ਦਾ ਡੂੰਘਾ ਪ੍ਰਭਾਵ ਸੀ | ਵਿਸਾਖੀ ਵਾਲੇ ਦਿਨ 13 ਅਪ੍ਰੈਲ, 1919 ਨੂੰ ਅੰਮਿ੍ਤਸਰ ਦੇ ਜਲਿ੍ਹਆਂ ਵਾਲੇ ਬਾਗ਼ ਵਿਖੇ ਭਾਰਤੀ ਆਗੂ ਸੈਫ਼-ਉਦ-ਦੀਨ ਕਿਚਲੂ ਤੇ ਸੱਤਪਾਲ ਦੀ ਅਗਵਾਈ ਵਿਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਹਜ਼ਾਰਾਂ ਦੀ ਵੱਡੀ ਗਿਣਤੀ ‘ਚ ਲੋਕ ਸਨ | ਉਸ ਮੁਜ਼ਾਹਰੇ ਵਿਚ ਕੇਂਦਰੀ ਖ਼ਾਲਸਾ ਯਤੀਮਖਾਨੇ ਵਲੋਂ ਊਧਮ ਸਿੰਘ ਤੇ ਉਸ ਦੇ ਸਾਥੀ ਪਾਣੀ ਦੀ ਸੇਵਾ ਨਿਭਾਅ ਰਹੇ ਸਨ | ਲੋਕਾਂ ਦੇ ਭਾਰੀ ਇਕੱਠ ‘ਤੇ ਬਰਤਾਨਵੀ ਸਰਕਾਰ ਦੇ ਮਾਈਕਲ ਉਡਵਾਇਰ ਦੇ ਆਰਡਰ ‘ਤੇ ਜਰਨਲ ਡਾਇਰ ਨੇ ਨਿਹੱਥੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ | ਹਫੜਾ-ਦਫੜੀ ‘ਚ ਬਹੁਤ ਸਾਰੇ ਲੋਕ ਉੱਥੇ ਜੋ ਖੂਹ ਸੀ, ਉਸ ਵਿਚ ਹੇਠਾਂ-ਉੱਪਰ ਡਿਗ ਕੇ ਦਮ ਤੋੜ ਗਏ, ਕੁਝ ਗੋਲੀਆਂ ਲੱਗਣ ਨਾਲ ਮਾਰੇ ਗਏ, ਮਾਰੇ ਗਏ ਲੋਕਾਂ ਦੀ ਗਿਣਤੀ 400 ਦੇ ਨੇੜੇ ਪਹੁੰਚੀ ਅਤੇ 1200 ਦੇ ਲਗਭਗ ਜ਼ਖ਼ਮੀ ਹੋ ਗਏ | ਇਸ ਮਾੜੀ ਘਟਨਾ ਦਾ ਊਧਮ ਸਿੰਘ ‘ਤੇ ਬਹੁਤ ਅਸਰ ਹੋਇਆ ਅਤੇ ਉਸ ਨੇ ਉਸੇ ਸਮੇਂ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਲਈ ਪ੍ਰਣ ਕਰ ਲਿਆ |
ਊਧਮ ਸਿੰਘ ਨੇ ਕੇਂਦਰੀ ਯਤੀਮਘਰ ਅੰਮਿ੍ਤਸਰ ਛੱਡਿਆ | ਅਨਾਥ ਘਰ ਵਾਲਿਆਂ ਨੇ ਉਸ ਲਈ ਰੇਲ ਡਰਾਈਵਰ ਦੀ ਅਪ੍ਰੈਂਟਰਸ਼ਿਪ ਦਾ ਪ੍ਰਬੰਧ ਕਰ ਦਿੱਤਾ ਤੇ ਕੁਝ ਸਮੇਂ ਬਾਅਦ ਉਸ ਨੇ ਇਹ ਨੌਕਰੀ ਵੀ ਛੱਡ ਦਿੱਤੀ | ਊਧਮ ਸਿੰਘ ਅਨੇਕਾਂ ਦੇਸ਼ਾਂ ‘ਚ ਘੁੰਮਿਆ ਜਿਵੇਂ ਕੈਨੇਡਾ, ਜਰਮਨੀ, ਮੈਕਸੀਕੋ, ਇਟਲੀ, ਈਰਾਨ, ਜਾਪਾਨ, ਅਫ਼ਗਾਨਿਸਤਾਨ, ਮਲਾਇਆ, ਬਰਮਾ, ਸਿੰਗਾਪੁਰ, ਅਮਰੀਕਾ, ਸ਼ਿਕਾਗੋ, ਨਿਊਯਾਰਕ, ਫਰਾਂਸਿਸਕੋ, ਬੈਲਜੀਅਮ, ਨਾਰਵੇ, ਪੋਲੈਂਡ, ਹੰਗਰੀ, ਫਰਾਂਸ, ਸਵੀਡਨ, ਹਾਲੈਂਡ, ਇੰਗਲੈਂਡ, ਆਸਟ੍ਰੇਲੀਆ ਆਦਿ |
ਊਧਮ ਸਿੰਘ ਸੰਨ 1923 ਨੂੰ ਦੱਖਣੀ ਅਫ਼ਰੀਕਾ ਰਾਹੀਂ ਇੰਗਲੈਂਡ ਪਹੁੰਚ ਗਿਆ | ਤੁਰਦਾ-ਫਿਰਦਾ ਇਰਾਕ ਪਹੁੰਚ ਗਿਆ | ਦੋ ਸਾਲ ਪੂਰਬੀ ਅਫ਼ਰੀਕਾ ਵਿਚ ਗੁਜ਼ਾਰੇ | ਸਮੇਂ-ਸਮੇਂ ‘ਤੇ ਊਧਮ ਸਿੰਘ ਗਦਰੀ ਦੇਸ਼ ਭਗਤਾਂ ਨੂੰ ਵੀ ਮਿਲਦਾ ਰਿਹਾ | ਭਗਤ ਸਿੰਘ ਦਾ ਪ੍ਰਭਾਵ ਵੀ ਕਬੂਲਿਆ ਸੰਨ 1928 ‘ਚ ਭਗਤ ਸਿੰਘ ਦੇ ਬੁਲਾਵੇ ‘ਤੇ ਭਾਰਤ ਵੱਲ ਮੋੜੇ ਕਰ ਦਿੱਤੇ | ਜਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਹੌਰ ‘ਚ ਮੀਟਿੰਗ ਕੀਤੀ ਤਾਂ ਊਧਮ ਸਿੰਘ ਨੇ ਉਸ ਮੀਟਿੰਗ ‘ਚ ਭਾਗ ਲਿਆ | ਅਸਲਾ ਐਕਟ ਅਧੀਨ ਲਾਹੌਰ ਊਧਮ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਲਾਹੌਰ ਜੇਲ੍ਹ ‘ਚੋਂ ਉਹ 1932 ‘ਚ ਰਿਹਾਅ ਹੋ ਕੇ ਬਾਹਰ ਆਇਆ | ਊਧਮ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਸੰਪਰਕ ‘ਚ ਵੀ ਆਇਆ ਸੀ |
ਊਧਮ ਸਿੰਘ 1933 ‘ਚ ਬਰਲਿਨ (ਜਰਮਨੀ) ਤੇ ਕਈ ਦੇਸ਼ੀਂ ਹੁੰਦਾ ਹੋਇਆ ਲੰਡਨ ਪਹੁੰਚ ਗਿਆ | ਉੱਥੇ ਅਨੇਕਾਂ ਛੋਟੇ-ਛੋਟੇ ਕੰਮ ਕਰਦਾ ਰਿਹਾ, ਆਪਣੀ ਪਛਾਣ ਲੁਕਾਉਂਦਾ ਰਿਹਾ ਅਤੇ ਇਨਕਲਾਬ ਦਾ ਕੰਮ ਜਾਰੀ ਰੱਖਿਆ | ਉੱਥੇ ਉਹ ਉਦੈ ਸਿੰਘ, ਸ਼ੇਰ ਸਿੰਘ, ਫਰੇਕ ਬਰਾਜਲ, ਰਾਮ ਮੁਹੰਮਦ ਸਿੰਘ ਆਜ਼ਾਦ, ਬਾਵਾ, ਯੂ.ਐੱਸ ਸਿੱਧੂ, ਊਧਨ ਸਿੰਘ ਤੇ ਊਧਮ ਸਿੰਘ ਆਦਿ ਨਾਵਾਂ ਨਾਲ ਵਿਚਰਦਾ ਰਿਹਾ | ਭਾਰਤ ਦੀ ਆਜ਼ਾਦੀ ਲਈ ਉਸ ਨੇ ‘ਆਜ਼ਾਦ ਲੀਗ’ ਕਾਇਮ ਕਰਿਆ | ਆਜ਼ਾਦੀ ਘੁਲਾਟੀਆਂ ਭਾਰਤੀਆਂ ਦੇ ਲਈ ਉਸ ਨੇ ਧਨ ਵੀ ਇਕੱਠਾ ਕੀਤਾ |
ਊਧਮ ਸਿੰਘ ਨੂੰ ਸਭ ਤੋਂ ਵੱਡਾ ਪਛਤਾਵਾ ਉਸ ਸਮੇਂ ਹੋਇਆ ਜਦ ਭਾਰਤ ਦਾ ਦੁਸ਼ਮਣ ਜਨਰਲ ਡਾਇਰ ਅੰਤ ਨੂੰ ਪਾਗਲ ਹੋ ਕੇ ਮਰਿਆ ਸੀ ਤਾਂ ਊਧਮ ਸਿੰਘ ਦੇ ਦਿਲ ‘ਚ ਹੀ ਰਹਿ ਗਈ ਕਿ ਜਰਨਲ ਡਾਇਰ ਦੀ ਮੌਤ ਮੇਰੇ ਹੱਥੋਂ ਕਿਉਂ ਨਾ ਹੋਈ | ਪਰ ਮਾਈਕਲ ਉਡਵਾਇਰ ਦੇ ਨੇੜੇ ਰਹਿਣ ਦਾ ਮੌਕਾ ਊਧਮ ਸਿੰਘ ਨੂੰ ਮਿਲਿਆ | ਕਈ ਵਾਰ ਉਡਵਾਇਰ ਨੂੰ ਮਾਰਨ ਦਾ ਮੌਕਾ ਵੀ ਮਿਲਿਆ ਪਰ ਉਸ ਨੇ ਇਹ ਮੌਕੇ ਹੱਥੋਂ ਇਸ ਲਈ ਲੰਘਾਏ ਕਿ ਲੋਕ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੋਣਗੇ ਕਿ ਮਾਲਕ ਦੇ ਘਰ ਖਾ ਕੇ ਨੌਕਰ ਨੇ ਨਮਕ ਹਰਾਮ ਕੀਤਾ | ਉਹ ਚਾਹੁੰਦਾ ਸੀ ਕਿ ਸੰਸਾਰ ਨੂੰ ਇਸ ਤਰ੍ਹਾਂ ਪਤਾ ਚੱਲੇ ਕਿ ਪਾਪੀ ਨੂੰ ਜਲਿ੍ਹਆਂ ਵਾਲੇ ਬਾਗ਼ ਦੀ ਸਜ਼ਾ ਮੌਤ ਮਿਲੀ ਹੈ | ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ |
ਅਖ਼ੀਰ ਉਸ ਨੂੰ ਇਹ ਮੌਕਾ ਉਦੋਂ ਮਿਲਿਆ ਜਦੋਂ 13 ਮਾਰਚ, 1940 ਦਿਨ ਬੁੱਧਵਾਰ ਨੂੰ ਸ਼ਾਮ ਦੇ ਤਿੰਨ ਵਜੇ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਵਿਚਾਰ-ਚਰਚਾ ਲਈ ‘ਈਸਟ ਇੰਡੀਆ ਐਸੋਸੀਏਸ਼ਨ’ ਤੇ ‘ਰੋਇਲ ਸੈਂਟਰਲ ਸੁਸਾਇਟੀ ਏਸ਼ੀਅਨ’ ਦੀ ਮੀਟਿੰਗ ਕੈਕਸਟਨ ਹਾਲ ‘ਚ ਰੱਖੀ ਗਈ ਸੀ | ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਕਰ ਰਿਹਾ ਸੀ | ਇਸ ਮੀਟਿੰਗ ‘ਚ ਬਿ੍ਗੇਡੀਅਰ ਜਰਨਲ ਸਰ ਪਰਸੀ ਸਾਇਕਸ, ਸਰ ਲੂਈਡੇਨ, ਲਾਰਡ ਲੈਮਿੰਗਟਨ ਤੇ ਸਰ ਮਾਈਕਲ ਉਡਵਾਇਰ ਸ਼ਾਮਿਲ ਸਨ | ਇਸ ਮੌਕੇ ਲਗਭਗ ਡੇਢ ਸੌ ਲੋਕ ਮੀਟਿੰਗ ‘ਚ ਹਾਜ਼ਰ ਸਨ ਅਤੇ ਸੀਟਾਂ ਹਾਲ ‘ਚ ਬੈਠਣ ਲਈ ਕੁੱਲ 130 ਸਨ, ਬਾਕੀ ਲੋਕ ਕੰਧਾਂ ਨਾਲ ਖੜ੍ਹੇ ਸਨ | ਊਧਮ ਸਿੰਘ ਸੱਜੇ ਪਾਸੇ ਵਾਲੀ ਪਹਿਲੀ ਕਤਾਰ ਦੇ ਬਿਲਕੁਲ ਨੇੜੇ ਹੋਰ ਲੋਕਾਂ ਵਿਚ ਖੜਿ੍ਹਆ ਸੀ |
ਦੂਸਰੇ ਬੁਲਾਰਿਆਂ ਤੋਂ ਬਾਅਦ ਜਦ ਸਰ ਮਾਇਕਲ ਉਡਵਾਇਰ ਭਾਸ਼ਨ ਦੇ ਕੇ ਹਟਿਆ ਤਾਂ ਸੱਜੇ ਪਾਸੇ ਖੜੇ੍ਹ ਊਧਮ ਸਿੰਘ ਨੇ ਪਿਸਤੌਲ ਕੱਢਿਆ ਤੇ ਘੋੜਾ ਦੱਬ ਦਿੱਤਾ | ਸਰ ਮਾਈਕਲ ਉਡਵਾਇਰ ਦੇ ਦੋ ਗੋਲੀਆਂ ਛਾਤੀ ‘ਚ ਲੱਗੀਆਂ ਤਾਂ ਉਹ ਥਾਏਾ ਢੇਰੀ ਹੋ ਗਿਆ | ਲਾਰਡ ਲੈਮਿੰਗਟਨ, ਲਾਰਡ ਜੈੱਟਲੈਂਡ, ਸਰ ਲੂਈਡੇਨ ਵੀ ਜ਼ਖ਼ਮੀ ਹੋ ਗਏ | ਊਧਮ ਸਿੰਘ ਭੱਜਿਆ ਨਹੀਂ ਸਗੋਂ ਮੌਕੇ ‘ਤੇ ਗਿ੍ਫ਼ਤਾਰੀ ਦੇ ਦਿੱਤੀ | ਊਧਮ ਸਿੰਘ ਨੂੰ ਇਸ ਕੇਸ ‘ਚ ਬਰਿਕਸਟਨ ਜੇਲ੍ਹ ਭੇਜ ਦਿੱਤਾ | ਮੁਕੱਦਮਾ ਚੱਲਿਆ ਤੇ ਅਖੀਰ 31 ਜੁਲਾਈ, 1940 ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿਖੇ ਫ਼ਾਂਸੀ ਦੇ ਦਿੱਤੀ | ਊਧਮ ਸਿੰਘ ਦੀਆਂ ਅਸਥੀਆਂ ਵੀ ਜੇਲ਼੍ਹ ਵਿਚ ਹੀ ਦਫ਼ਨਾਈਆਂ ਗਈਆਂ | ਸ਼ਹੀਦ ਊਧਮ ਸਿੰਘ ਕ੍ਰਾਂਤੀਕਾਰੀ ਯੋਧੇ ਦੀ ਕੁਰਬਾਨੀ ‘ਤੇ ਅੱਜ ਸਾਰਾ ਭਾਰਤ ਮਾਣ ਮਹਿਸੂਸ ਕਰ ਰਿਹਾ ਹੈ | ਸ਼ਹੀਦ ਊਧਮ ਸਿੰਘ ਦਾ ਨਾਂਅ ਰਹਿੰਦੀ ਦੁਨੀਆ ਤੱਕ ਧਰੂ ਤਾਰੇ ਵਾਂਗ ਪੂਰੇ ਆਲਮ ‘ਚ ਚਮਕਦਾ ਰਹੇਗਾ |\