ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਲੱਖਾਂ ਸੰਗਤਾਂ ਗੁਰੂਘਰਾਂ ਵਿੱਚ ਹੋਈਆਂ ਨਤਮਸਤਕ

ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਲੱਖਾਂ ਸੰਗਤਾਂ ਗੁਰੂਘਰਾਂ ਵਿੱਚ ਹੋਈਆਂ ਨਤਮਸਤਕ

ਦਾਸਤਾਨ ਏ ਸ਼ਹਾਦਤ ਬਣਿਆਂ ਖਿੱਚ ਦਾ ਕੇਂਦਰ
ਚਮਕੌਰ ਸਾਹਿਬ – ਸ਼ਹੀਦੀ ਜੋੜ ਮੇਲ ਦੇ ਅੱਜ ਅੰਤਿਮ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਨਮਨ ਕਰਨ ਲਈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ , ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਅਤੇ ਹੋਰ ਗੁਰੁ ਘਰਾਂ ਵਿੱਚ ਨਤਮਸਤਕ ਹੋਈਆਂ। ਗੁਰੂਘਰਾਂ ਵਿੱਚ ਸੰਗਤਾਂ ਵਿੱਚ ਸ਼ਰਧਾ ਅਤੇ ਸਤਿਕਾਰ ਵੇਖਿਆਂ ਹੀ ਬਣਦਾ ਸੀ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਰੇ ਇੰਤਜਾਮ ਕੀਤੇ ਗਏ ਸਨ , ਉੱਥੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਸੰਗਤ ਦੀ ਸੇਵਾ ਲਈ ਸ਼ਰਧਾ ਭਾਵ ਨਾਲ ਲੰਗਰ ਲਗਾਏ ਗਏ ਸਨ । ਸਮੁੱਚੇ ਜੋੜ ਮੇਲ ਦੌਰਾਨ ਦਾਸਤਾਨ ਏ ਸ਼ਹਾਦਤ ਵੀ ਖਿੱਚ ਦਾ ਕੇਂਦਰ ਬਣਿਆਂ ਰਿਹਾ , ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਿੱਖ ਇਤਿਹਾਸ ਦੇ ਅਮੀਰ ਸ਼ਹਾਦਤੀ ਵਿਰਸੇ ਨੂੰ ਅੱਖੀਂ ਦੇਖ ਕੇ ਮਹਿਸੂਸ ਕੀਤਾ । ਜੋੜ ਮੇਲ ਦੌਰਾਨ ਯੂਥ ਕਲੱਬਜ਼ ਤਾਲਮੇਲ ਕਮੇਟੀ ਸਮੇਤ ਕੁਝ ਹੋਰ ਸੰਸਥਾਵਾਂ ਨੇ ਖੂਨਦਾਨ ਕੈਂਪ ਲਗਾਏ ਗਏ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।