ਸ਼ਹੀਦਾਂ ਨੂੰ ਸਮਰਪਿਤ ‘ਸ਼ਹੀਦੀ ਚੇਤਨਾ ਮਾਰਚ ਨਗਰ ਕੀਰਤਨ’ ਸਜਾਇਆ

ਸ਼ਹੀਦਾਂ ਨੂੰ ਸਮਰਪਿਤ ‘ਸ਼ਹੀਦੀ ਚੇਤਨਾ ਮਾਰਚ ਨਗਰ ਕੀਰਤਨ’ ਸਜਾਇਆ

ਪਟਿਆਲਾ- ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਸਮੇਤ ਸਮੂਹ ਸ਼ਹੀਦਾਂ ਨੂੰ ਸਮਰਪਿਤ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਸਰਪ੍ਰਸਤੀ ਵਿੱਚ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ‘ਸ਼ਹੀਦੀ ਚੇਤਨਾ ਮਾਰਚ ਨਗਰ ਕੀਰਤਨ’ ਸਜਾਇਆ ਗਿਆ। ਰਵਾਨਗੀ ਮੌਕੇ ਅਰਦਾਸ ਉਪਰੰਤ ਭਾਈ ਗੁਰਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਦਬ ਅਤੇ ਸਤਿਕਾਰ ਨਾਲ ਫੁੱਲਾਂ ਦੀ ਸਜੀ ਪਾਲਕੀ ’ਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਕਰ ਰਹੇ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਸੰਤ ਹਰਚਰਨ ਸਿੰਘ ਨਾਨਕਸਰਵਾਲੇ, ਬਾਬਾ ਨਛੱਤਰ ਸਿੰਘ ਕੱਲਰਭੈਣੀ, ਬਾਬਾ ਅਮਰਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਬਿੱਟੂ ਸਮੇਤ ਇੰਪਰੂਵਮੈਂਟ ਟਰਸੱਟ ਦੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ ਆਦਿ ਵੀ ਮੌਜੂਦ ਸਨ। ਇਸ ਮੌਕੇ ਸੰਤ ਨਛੱਤਰ ਸਿੰਘ ਕਾਲੀ ਕੰਬਲੀਵਾਲਿਆਂ ਨੇ ਕਿਹਾ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ਼ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਸ਼ਹਾਦਤ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਅਹਿਮ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਸੰਤ ਮਹਾਂਪੁਰਸ਼ ਗੁਰਬਚਨ ਸਿੰਘ ਕੰਬਲੀ ਵਾਲਿਆਂ ਦੀ 22ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਗੁਰਮਤਿ ਸਮਾਗਮ 24 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਵਿਦੇਸ਼ਾਂ ਤੋਂ ਵੀ ਸੰਗਤਾਂ ਸ਼ਾਮਲ ਹੋ ਰਹੀਆਂ ਹਨ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਸਾਬਕਾ ਕੌਂਸਲਰ ਨਰਿੰਦਰ ਚੰਢੋਕ, ਅਮਰਜੀਤ ਸੰਧੂ ਯੂ.ਕੇ, ਤਨਵੀਰ ਕੌਰ ਸੰਧੂ ਯੂ.ਕੇ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।