ਸ਼ਰਾਬ ਫੈਕਟਰੀ: ‘ਏਕਤਾ ਤੇ ਸਾਂਝੀਵਾਲਤਾ’ ਦਾ ਪ੍ਰਤੀਕ ਬਣਿਆ ਸੰਘਰਸ਼

ਸ਼ਰਾਬ ਫੈਕਟਰੀ: ‘ਏਕਤਾ ਤੇ ਸਾਂਝੀਵਾਲਤਾ’ ਦਾ ਪ੍ਰਤੀਕ ਬਣਿਆ ਸੰਘਰਸ਼

ਕੜਾਕੇ ਦੀ ਠੰਢ ਦੇ ਬਾਵਜੂਦ ਧਰਨਾ ਜਾਰੀ; ਜੰਗ ਜਿੱਤ ਕੇ ਘਰਾਂ ਨੂੰ ਪਰਤਣ ਦਾ ਅਹਿਦ ਲਿਆ
ਫ਼ਿਰੋਜ਼ਪੁਰ-ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ’ਚ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ਬਾਹਰ ਲੱਗਾ ਧਰਨਾ ਏਕਤਾ ਅਤੇ ਸਾਂਝੀਵਾਲਤਾ ਦੀ ਮਿਸਾਲ ਬਣਦਾ ਜਾ ਰਿਹਾ ਹੈ। ਪ੍ਰਦੂਸ਼ਣ ਖ਼ਿਲਾਫ਼ ਪਿੰਡ ਦੇ ਥੋੜ੍ਹੇ ਜਿਹੇ ਲੋਕਾਂ ਦੇ ਏਕੇ ਨਾਲ ਸ਼ੁਰੂ ਹੋਏ ਇਸ ਧਰਨੇ ਵਿਚ ਹੁਣ ਦੂਰ-ਦਰਾਜ ਤੋਂ ਹਜ਼ਾਰਾਂ ਕਿਸਾਨ ਪੁੱਜ ਰਹੇ ਹਨ। ਸਾਂਝਾ ਮੋਰਚਾ ਦੇ ਆਗੂਆਂ ਨੇ ਇਹ ਜੰਗ ਜਿੱਤ ਕੇ ਘਰਾਂ ਨੂੰ ਪਰਤਣ ਦਾ ਅਹਿਦ ਲਿਆ ਹੈ। ਕੜਾਕੇ ਦੀ ਠੰਢ ਵਿਚ ਪ੍ਰਦਰਸ਼ਨਕਾਰੀਆਂ ਲਈ ਦਿਨ ਰਾਤ ਲੰਗਰ ਚੱਲ ਰਹੇ ਹਨ। ਇਥੇ ਸੋਢੀ ਵਾਲਾ ਪਿੰਡ ਵਿਚ ਕਿਸਾਨਾਂ ਨੇ ਆਪਣੇ ਉਨ੍ਹਾਂ ਸਾਥੀਆਂ ਦੇ ਖੇਤਾਂ ਵਿਚ ਅੱਜ ਖਾਦ ਪਾਈ ਹੈ, ਜਿਹੜੇ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸਨ।
ਇਥੇ ਅੱਸੀ ਸਾਲ ਦਾ ਠਾਕਰ ਸਿੰਘ ਤੇ ਉਸ ਦੀ ਪਤਨੀ ਰਣਜੀਤ ਕੌਰ ਦਿਨ ਚੜ੍ਹਨ ਤੋਂ ਪਹਿਲਾਂ ਮੋਰਚੇ ’ਤੇ ਪਹੁੰਚ ਜਾਂਦੇ ਹਨ ਤੇ ਲੰਗਰ ਦਾ ਸਾਰਾ ਇੰਤਜ਼ਾਮ ਵੇਖਦੇ ਹਨ। ਨੌਜਵਾਨ ਕਰਮਜੀਤ ਕੰਮਾ ਇੱਕ ਲੱਤ ਤੋਂ ਅਪਾਹਜ ਹੈ, ਇਸ ਦੇ ਬਾਵਜੂਦ ਧਰਨੇ ਵਾਲੀ ਥਾਂ ਦੀ ਸਾਫ਼-ਸਫ਼ਾਈ ਕਰਨਾ ਕਦੇ ਨਹੀਂ ਭੁੱਲਦਾ। ਅਜਿਹੇ ਹੋਰ ਵੀ ਕਈ ਲੋਕ ਹਨ ਜੋ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਲੰਗਰ ਵਿਚ ਖਾਲਸਾ ਏਡ ਸੰਸਥਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਜਾਂਚ ਲਈ ਤਾਇਨਾਤ ਕੀਤੇ ਗਏ ਅਧਿਕਾਰੀ

ਪੰਜਾਬ ਸਰਕਾਰ ਨੇ ਪਾਣੀ ਦੇ ਪ੍ਰਦੂਸ਼ਣ ਦੀ ਦੁਬਾਰਾ ਜਾਂਚ ਲਈ ਬਣਾਈ ਗਈ ਕਮੇਟੀ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਤੇ ਜੰਗਲਾਤ ਵਿਭਾਗ ਦੇ ਮੁਖੀ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੂੰ ਵੀ ਸ਼ਾਮਲ ਕੀਤਾ ਹੈ। ਫ਼ੈਕਟਰੀ ਦੇ ਆਸ-ਪਾਸ ਦੇ ਖੇਤਰ ਵਿਚ ਵਧ ਰਹੇ ਕੈਂਸਰ ਅਤੇ ਹੈਪੇਟਾਈਟਸ-ਬੀ ਦੇ ਕੇਸਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਵਿਚ ਬਠਿੰਡਾ ਏਮਜ਼ ਦੇ ਸੀਨੀਅਰ ਡਾਕਟਰ ਰਾਕੇਸ਼ ਕੱਕੜ, ਪੀਜੀਆਈ ਚੰਡੀਗੜ੍ਹ ਤੋਂ ਸੀਨੀਅਰ ਡਾਕਟਰ ਪੀਵੀਐਮ ਲਕਸ਼ਮੀ ਅਤੇ ਸੀਨੀਅਰ ਡਾਕਟਰ ਰਵਿੰਦਰ ਖਾਈਵਾਲ ਤੋਂ ਇਲਾਵਾ ਸਿਹਤ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ ਨੂੰ ਲਿਆ ਗਿਆ ਹੈ। ਮਿੱਟੀ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਇਕੱਤਰ ਕਰਨ ਦੀ ਜ਼ਿੰਮੇਵਾਰੀ ਪੀਏਯੂ ਦੇ ਡਾਇਰੈਕਟਰ ਆਫ਼ ਰਿਸਰਚ ਅਤੇ ਪੀਏਯੂ ਦੇ ਭੂਮੀ ਰੱਖਿਆ ਸਾਇੰਸ ਵਿਭਾਗ ਦੇ ਮੁਖੀ ਤੋਂ ਇਲਾਵਾ ਪੀਏਯੂ ਦੇ ਭੂਮੀ ਅਤੇ ਜਲ ਵਿਭਾਗ ਦੇ ਮੁਖੀ ਨੂੰ ਸੌਂਪੀ ਗਈ ਹੈ। ਪਸ਼ੂਆਂ ਦੇ ਨੁਕਸਾਨ ਦੀ ਜਾਂਚ ਲਈ ਗਡਵਾਸੂ (ਗੁਰੂ ਅੰਗਦ ਦੇਵ ਪਸ਼ੂ ਚਿਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ) ਲੁਧਿਆਣਾ ਦੇ ਡਾਇਰੈਕਟਰ ਡਾ. ਐਸ.ਐਸ.ਰੰਧਾਵਾ, ਡਾ. ਜਸਬੀਰ ਬੇਦੀ ਅਤੇ ਡਾ. ਐਸ.ਕੇ.ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ।

ਸਾਂਝੇ ਮੋਰਚੇ ਵੱਲੋਂ ਬਣਾਈਆਂ ਕਮੇਟੀਆਂ ’ਚ ਨਵੇਂ ਮੈਂਬਰ ਸ਼ਾਮਲ

ਸਾਂਝੇ ਮੋਰਚੇ ਵੱਲੋਂ ਪਾਣੀ ਦੇ ਸੈਂਪਲਾਂ ਲਈ ਬਣਾਈ ਗਈ ਕਮੇਟੀ ਵਿਚ ਜਤਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਜਦਕਿ ਪਬਲਿਕ ਹੀਅਰਿੰਗ ਕਮੇਟੀ ਵਿਚ ਬਲਵਿੰਦਰ ਸਿੰਘ, ਫਤਹਿ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਫਤਹਿ ਸਿੰਘ ਇਸ ਵੇਲੇ ਜੁਡੀਸ਼ੀਅਲ ਹਿਰਾਸਤ ਵਿਚ ਹੈ। ਪਸ਼ੂਆਂ ਲਈ ਬਣਾਈ ਕਮੇਟੀ ਵਿਚ ਗੁਰਮੇਲ ਸਿੰਘ ਅਤੇ ਜਗਤਾਰ ਸਿੰਘ, ਪੰਚਾਇਤੀ ਮਤਿਆਂ ਬਾਰੇ ਬਣਾਈ ਕਮੇਟੀ ਵਿਚ ਸਰਪੰਚ ਗੁਰਮੇਲ ਸਿੰਘ ਅਤੇ ਜਗਤਾਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਿੱਟੀ ਦੀ ਉਪਜ ਬਾਰੇ ਬਣਾਈ ਕਮੇਟੀ ਵਿਚ ਹਰਜਿੰਦਰ ਸਿੰਘ ਅਤੇ ਰਘਬੀਰ ਸਿੰਘ ਸ਼ਾਮਲ ਕੀਤੇ ਗਏ ਹਨ।