ਸ਼ਰਾਬ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਵਾਂਗੇ: ਭਗਵੰਤ ਮਾਨ

ਸ਼ਰਾਬ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਵਾਂਗੇ: ਭਗਵੰਤ ਮਾਨ

ਮੁੱਖ ਮੰਤਰੀ ਨੇ ਪਿੰਡ ਗੁੱਜਰਾਂ ਤੇ ਢੰਡੋਲੀ ਖੁਰਦ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਦਿੜ੍ਹਬਾ ਮੰਡੀ : ਪਿੰਡ ਗੁੱਜਰਾਂ ਤੇ ਢੰਡੋਲੀ ਖੁਰਦ ਵਿੱਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਕਹਿਰ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਪਿੰਡ ਗੁੱਜਰਾਂ ਪੁੱਜੇ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਰਦਰਦੀ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਕਾਰਨ ਇਹ ਮੌਤਾਂ ਹੋਈਆਂ ਹਨ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸ ਮੌਕੇ ਪਿੰਡ ਢੰਡੋਲੀ ਖੁਰਦ ਦੇ ਪੀੜਤ ਪਰਿਵਾਰ ਵੀ ਪਿੰਡ ਗੁੱਜਰਾਂ ਵਿੱਚ ਹੀ ਪਹੁੰਚ ਕੇ ਮੁੱਖ ਮੰਤਰੀ ਨੂੰ ਮਿਲੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ, ਰਾਜਿੰਦਰ ਸਿੰਘ, ਮਜ਼ਦੂਰ ਆਗੂ ਬੂਟਾ ਸਿੰਘ ਆਦਿ ਹਾਜ਼ਰ ਸਨ। ਉਪਰੰਤ ਮੁੱਖ ਮੰਤਰੀ ਨੇ ਪਿੰਡ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਇਨ੍ਹਾਂ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, ‘‘ਮੇਰਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਾਂ ਅਤੇ ਮੈਂ ਪੀੜਤ ਪਰਿਵਾਰਾਂ ਨੂੰ ਸੰਭਾਲਣ ਤੋਂ ਇਲਾਵਾ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਾਵਾਂਗਾ ਅਤੇ ਉਨ੍ਹਾਂ ਨੂੰ ਨੌਕਰੀਆਂ ਵੀ ਦੇਵਾਂਗਾ।’’ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਸਬੰਧੀ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਹੜੇ ਵਿਅਕਤੀਆਂ ਨੇ ਇਹ ਕੰਮ ਕੀਤਾ ਹੈ ਉਨ੍ਹਾਂ ਵਿੱਚੋਂ ਦਸ ਵਿਅਕਤੀ ਫੜ ਲਏ ਗਏ ਹਨ ਜਿਨ੍ਹਾਂ ’ਤੇ ਧਾਰਾ 302 ਤਹਿਤ ਕੇਸ ਦਰਜ ਹੋ ਚੁੱਕਾ ਹੈ। ਉਨ੍ਹਾਂ ਕਿਹਾ, ‘‘ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਹੱਤਿਆ ਹੁੰਦੀ ਹੈ ਇਸ ਕਰ ਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਅਤੇ ਅਸੀਂ ਮੌਤ ਦੀ ਸਜ਼ਾ ਦਿਵਾਉਣ ਤੱਕ ਜਾਵਾਂਗੇ ਕਿਉਂਕਿ ਨਸ਼ਾਂ ਲੋਕਾਂ ਦੇ ਘਰ ਬਰਬਾਦ ਕਰਦਾ ਹੈ।’’ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜਿੰਨਾ ਚਿਰ ਉਹ ਮੁੱਖ ਮੰਤਰੀ ਹਨ ਓਨਾ ਚਿਰ ਕਿਸੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦੇਣਗੇ।
ਸ੍ਰੀ ਮਾਨ ਨੇ ਕਿਹਾ ਕਿ ਪਿੰਡ ਨੂੰ ਪਤਾ ਹੁੰਦਾ ਹੈ ਕਿ ਮਾੜਾ ਨਸ਼ਾ ਜਿਵੇਂ ਚਿੱਟਾ ਵਗੈਰ੍ਹਾ ਕਿੱਥੋਂ ਆਉਂਦਾ ਅਤੇ ਕਿੱਥੇ ਵਿਕਦਾ ਹੈ, ਇਸ ਵਾਸਤੇ ਇਹ ਪਿੰਡ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਹੈ, ਉਸ ਬਾਰੇ ਸਰਕਾਰ ਅਤੇ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਜਾਵੇ। ਅਜਿਹੇ ਵਿਅਕਤੀਆਂ ਨੂੰ ਫੜ ਕੇ ਅੰਦਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹੀ ਉਨ੍ਹਾਂ ਨੂੰ ਇਸ ਪਿੰਡ ਦੇ ਇੱਕ ਮੁੰਡੇ ਨੇ ਦੱਸਿਆ ਹੈ ਕਿ ਇੱਥੇ ਮਾੜੀ ਸ਼ਰਾਬ ਅਤੇ ਚਿੱਟਾ ਬਹੁਤ ਵਿਕਦਾ ਹੈ ਜਿਸ ਨੂੰ ਉਨ੍ਹਾਂ ਨੇ ਲਿਖ ਕੇ ਦੇਣ ਲਈ ਕਿਹਾ ਹੈ ਅਤੇ ਅਜਿਹੇ ਲੋਕਾਂ ਖ਼ਿਲਾਫ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਪਹਿਲਾਂ ਦੱਸਿਆ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੇ ਗਰੋਹ ਹੋਰ ਜ਼ਿਲ੍ਹਿਆਂ ਵਿੱਚ ਵੀ ਨਸ਼ਾ ਵੇਚਣ ਦਾ ਕੰਮ ਕਰਦੇ ਹੋਣਗੇ ਜਿਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੀ ਘਟਨਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਾਪਰੀ ਸੀ, ਜਿੱਥੇ 150 ਬੰਦੇ ਮਰ ਗਏ ਸਨ। ਉਨ੍ਹਾਂ ਸਿਆਸੀ ਵਿਰੋਧੀਆਂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ, ‘‘ਜਿਸ ਤਰ੍ਹਾਂ ਤੁਹਾਡੇ ਪਿੰਡ ਦਾ ਇਹ ਬੋਹੜ ਜੜ੍ਹਾਂ ਨਾਲ ਜੁੜਿਆ ਹੋਇਆ ਹੈ, ਉਸੇ ਤਰ੍ਹਾਂ ਮੈਂ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਹਾਂ। ਪਹਿਲਾਂ ਕਦੇ ਕੋਈ ਮੁੱਖ ਮੰਤਰੀ ਜਨਤਕ ਤੌਰ ’ਤੇ ਲੋਕਾਂ ਕੋਲ ਨਹੀਂ ਆਉਂਦਾ ਸੀ।