ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ

ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਰੋਜ਼ਾਨਾ-ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ। ਇਸ ਪਵਿੱਤਰ ਗੁਰੂਘਰ ਵਿਖੇ ਸੰਗਤਾਂ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਦੀਆਂ ਹਨ।
ਪ੍ਰਕਾਸ਼ ਪੁਰਬ ਅਤੇ ਗੁਰਮਤਿ ਸਮਾਗਮਾਂ ਮੌਕੇ ਸੰਗਤ ਦੇ ਚਿਹਰਿਆਂ ‘ਤੇ ਅਲੌਕਿਕ ਨੂਰ ਝਲਕਦਾ ਹੋਇਆ ਵਿਖਾਈ ਦਿੰਦਾ ਹੈ ਅਤੇ ਅੱਜ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਵੀ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ। ਇਸ ਮੌਕੇ ਸੰਗਤਾਂ ਨੇ ਗੁਰੂਘਰ ਵਿਖੇ ਮੱਥਾ ਟੇਕਿਆ ਅਤੇ ਮੱਥਾ ਟੇਕਣ ਦੇ ਉਪਰੰਤ ਉਹਨਾਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ ਅਤੇ ਮਨ ਨੂੰ ਸ਼ੁੱਧ ਕਰਦੀ ਹੋਈ ਗੁਰਬਾਣੀ ਦੀ ਖੁਰਾਕ ਦਾ ਸੇਵਨ ਕੀਤਾ। ਸ਼ਾਮ ਦੇ ਸਮੇਂ ਸ੍ਰੀ ਸੋਦਰ ਰਹਿਰਾਸ ਸਾਹਿਬ ਦੇ ਪਾਠ ਦੇ ਉਪਰੰਤ ਸੰਗਤਾਂ ਨੇ ਸਰੋਵਰ ਦੇ ਚਾਰ-ਚੁਫੇਰੇ ਸੁੰਦਰ ਦੀਪਮਾਲਾ ਕੀਤੀ ਅਤੇ ਦੂਰੋਂ-ਦੂਰੋਂ ਸੰਗਤਾਂ ਗੁਰੂਘਰ ਵਿਖੇ ਹਾਜ਼ਰੀ ਭਰਨ ਪਹੁੰਚੀਆਂ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਵੀ ਕੀਤੀ ਗਈ ਅਤੇ ਸੰਗਤਾਂ ਨੇ ਇਸ ਅਦਭੁੱਤ ਨਜ਼ਾਰੇ ਨੂੰ ਆਪਣੇ ਮੋਬਾਇਲ ਵਿੱਚ ਕੈਦ ਕੀਤਾ ਅਤੇ ਇਸ ਦਾ ਆਨੰਦ ਮਾਣਿਆ। ਗੱਲਬਾਤ ਕਰਦਿਆਂ ਸੰਗਤਾਂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਵਿਖੇ ਆ ਕੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲਦੀ ਹੈ ਅਤੇ ਅੱਜ ਅਸੀਂ ਇਸ ਮੁਕੱਦਸ ਦਿਹਾੜੇ ਮੌਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਇੱਥੇ ਪਹੁੰਚੇ ਹਾਂ। ਉਹਨਾਂ ਕਿਹਾ ਕਿ ਅੱਜ ਦੇ ਦਿਹਾੜੇ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਵਾਹਿਗੁਰੂ ਤੋਂ ਇਹੀ ਮੰਗਿਆ ਹੈ ਕਿ ਉਹ ਸਭਨਾਂ ’ਤੇ ਕਿਰਪਾ ਬਣਾਈ ਰੱਖਣ ਅਤੇ ਸੰਸਾਰਭਰ ਦੀਆਂ ਸੰਗਤਾਂ ਵਾਹਿਗੁਰੂ ਦੇ ਦਰ ’ਤੇ ਆ ਕੇ ਨਤਮਸਤਕ ਹੁੰਦੀਆਂ ਰਹਿਣ।