ਸ਼ਬਦ ਗੁਰੂ ਗ੍ਰੰਥ ਗੁਰੂ ਗੱਦੀ ਦਿਵਸ ਯੂਬਾ ਸਿਟੀ ਦੇ 43ਵੇਂ ਮਹਾਨ ਨਗਰ ਕੀਰਤਨ ਉਪਰ ਕੌਮੀ ਸੇਵਾਦਾਰ ਸਰਦਾਰ ਦਿਦਾਰ ਸਿੰਘ ਬੈਂਸ ਨੂੰ ਯਾਦ ਕਰਦਿਆਂ

ਸ਼ਬਦ ਗੁਰੂ ਗ੍ਰੰਥ ਗੁਰੂ ਗੱਦੀ ਦਿਵਸ ਯੂਬਾ ਸਿਟੀ ਦੇ 43ਵੇਂ ਮਹਾਨ ਨਗਰ ਕੀਰਤਨ ਉਪਰ ਕੌਮੀ ਸੇਵਾਦਾਰ ਸਰਦਾਰ ਦਿਦਾਰ ਸਿੰਘ ਬੈਂਸ ਨੂੰ ਯਾਦ ਕਰਦਿਆਂ

ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਯੂਬਾਸਿਟੀ ਸ਼ਹਿਰ ਕੈਲੇਫੋਰਨੀਆਂ (ਅਮਰੀਕਾ) ਵਿਖੇ ਸਿੱਖਾਂ ਦੇ ਧੰਨਾਡ ਤੇ ਸ਼ਰਧਾਵਾਨ ਮਰਹੂਮ ਮਰਹੂਮ ਨੇਤਾ ਸ੍ਰ. ਦਿਦਾਰ ਸਿੰਘ ਬੈਂਸ ਵੱਲੋਂ ਕਈ ਦਹਾਕੇ ਪਹਿਲਾਂ ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਦਾ ਗੁਰ ਗੱਦੀ ਦਿਵਸ ਵੱਡੀ ਪੱਧਰ ਤੇ ਮਨਾਇਆ ਜਾਣ ਲੱਗਾ ਜੋ ਅੱਜ ਇੱਕ ਵਿਸ਼ੇਸ਼ ਨਗਰ ਕੀਰਤਨ ਦਾ ਰੂਪ ਧਾਰਨ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਸਿੱਖੀ ਜਲਵੇ ਦੀ ਖਿੱਚ ਦਾ ਮੁੱਖ ਬਿੰਦੂ ਬਣਿਆਂ ਹੋਇਆ ਹੈ ਜਿੱਥੇ ਕਥਾ, ਕੀਰਤਨ, ਢਾਡੀ ਤੇ ਕਵੀ ਦਰਬਾਰ, ਸੈਮੀਨਾਰ, ਧਾਰਮਿਕ ਤੇ ਰਾਜੀਤਕ ਸਟੇਜਾਂ ਲੱਗਦੀਆਂ ਹਨ। ਵੰਨ ਸੁਵੰਨੇ ਲੰਗਰ, ਧਾਰਮਿਕ ਲਿਟਰੇਚਰ ਅਤੇ ਹੋਰ ਸਾਜੋ ਸਮਾਨ ਦੀਆਂ ਵੱਖ ਵੱਖ ਸਟਾਲਾਂ ਇਸ ਨਗਰ ਕੀਰਤਨ ਮੇਲੇ ਦੀ ਸ਼ੋਭਾ ਨੂੰ ਵਧਾਉਂਦੀਆਂ ਹਨ। ਹੈਲੀ ਕੈਪਟਰ ਨਾਲ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਪੰਜਾਬੀਆਂ ਤੋਂ ਇਲਾਵਾ ਗੋਰੇ, ਕਾਲੇ, ਮਸੀਕੇ ਤੇ ਹੋਰ ਕਮਿੰਟੀਆਂ ਦੇ ਲੋਕ ਵੀ ਇਸ ਨਗਰ ਕੀਰਤਨ ਮੇਲੇ ਦਾ ਸ਼ਿੰਗਾਰ ਬਣਦੇ ਹਨ। ਇਹ ਦਿਹਾੜਾ ਸਿੱਖਾਂ ਦੀ ਵੱਖਰੀ ਪਹਿਚਾਨ, ਕੌਮ, ਸ਼ਾਨੋ ਸ਼ੌਕਤ ਅਤੇ ਚਿਰਾਂ ਦੇ ਵਿਛੜਿਆਂ ਦੇ ਮੇਲ ਗੇਲ ਦਾ ਪ੍ਰਤੀਕ ਵੀ ਬਣ ਗਿਆ ਹੈ।
ਜਲੌਅ-ਜਲੌਅ ਦਾ ਅਰਥ ਹੈ ਜਲਵਾ, ਸ਼ਾਨੌ ਸ਼ੌਕਤ ਵਾਲੀਆਂ ਝਲਕੀਆਂ। ਆਮ ਤੌਰ ਤੇ ਕਿਸੇ ਵਿਸ਼ੇਸ਼ ਦਿਨ ਤੇ ਕੀਮਤੀ ਚੀਜਾਂ ਦੀ ਨਮਾਇਸ਼ ਲਾਉਣੀ। ਸਿੱਖਾਂ ’ਚ ਜਲੌਅ ਸ਼ਬਦ ਦੀ ਬਹਤੀ ਵਰਤੋਂ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਪਏ ਤੋਸ਼ੇਖਾਨੇ ਦੀ ਦੀ ਨਮਾਇਸ਼ ਜੋ ਸਾਲ ’ਚ ਚਾਰ ਵਾਰ ਲਾਈ ਜਾਂਦੀ ਹੈ। ਜਲਵਾ ਤੇ ਜਲੂਸ ਸ਼ਬਦ ਵੀ ਜਲੌਅ ਚੋਂ ਹੀ ਪੈਦਾ ਹੋਏ ਹਨ।
ਜਲੂਸ-ਜਲੂਸ ਤੋਂ ਭਾਵ ਜਲਵੇ ਦੀ ਨਮਾਇਸ਼ ਕਰਨਾ। ਸਮਾਂ ਬੀਤਣ ਤੇ ਕਿਸੇ ਵਿਸ਼ੇਸ਼ ਦਿਨ ਉਸ ਘਟਨਾਂ ਸਬੰਧੀ ਇਕੱਠੇ ਹੋ, ਖੁਸ਼ੀ, ਗੁੱਸੇ ਜਾਂ ਜ਼ਜ਼ਬਾਤ ਦਾ ਪ੍ਰਗਟਾਵਾ ਕਰਨਾ। ਕਿਸੇ ਵਿਸ਼ੇਸ਼ ਇਤਹਾਸਕ ਘਟਨਾਂ ਨੂੰ ਹਮੇਸ਼ਾਂ ਯਾਦ ਰੱਖਣ ਵਾਸਤੇ ਵੀ ਜਲੂਸ ਕੱਢੇ ਜਾਣ ਲੱਗੇ। ਸਿੱਖਾਂ ’ਚ ਗੁਰਪੁਰਬ ਸਬੰਧੀ, ਸ਼ਬਦ ਗੁਰੂ ਦੀ ਅਗਵਾਈ ’ਚ ਇਕੱਠੇ ਹੋ ਗਲੀਆਂ ਬਜਾਰਾਂ ’ਚ ਕੀਰਤਨ ਕਰਦੇ ਲੰਘਣ ਨੂੰ ਵੀ ਜਲੂਸ ਕਿਹਾ ਜਾਂਦਾ ਸੀ। ਸਿੱਖ ਵੱਡੇ ਸ਼ਹਿਰਾਂ ਤੇ ਨਗਰਾਂ ’ਚ ਇਸ ਤਰਾਂ ਦੇ ਜਲੂਸ ਗੁਰੂ ਨਾਨਕ ਸਾਹਿਬ ਦੇ ਜਨਮ ਪ੍ਰਕਾਸ਼ ਸੰਨ 1469, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-1661, ਖਾਲਸਾ ਪ੍ਰਗਟ ਦਿਵਸ-1699, ਸ਼ਹੀਦੀ ਗੁਰੂ ਅਰਜਨ ਸਾਹਿਬ-30-05-1606, ਸ਼ਹੀਦੀ ਗੁਰੂ ਤੇਗਬਹਾਰ 11-11-1675 ਦੇ ਸਬੰਧ ’ਚ ਕੱਢਿਆ ਕਰਦੇ ਸਨ। ਧਾਰਮਿਕ ਜਾਂ ਰਾਜਨੀਤਕ ਮੰਗਾਂ ਜਾਂ ਕਿਸੇ ਹੋਰ ਮਸਲੇ ਵਾਸਤੇ ਵੀ ਪ੍ਰੋਟੈਸਟ ਰੂਪ ’ਚ ਜਲੂਸ ਕੱਢੇ ਜਾਂਦੇ ਹਨ। ਭਾਰਤ ਦੀ ਬਦਨੀਤ ਸਰਕਾਰ ਦੇ ਹੁਕਮ ਨਾਲ ਭਰਤੀ ਫੌਜ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਅੰਮਿ੍ਰਤਸਰ ’ਤੇ ਕੀਤੇ ਘਾਤਕ ਹਮਲੇ ਦੇ ਵਿਰੁੱਧ ਪ੍ਰੋਟੈਸਟ ਲਈ ਸਿੱਖਾਂ ਨੇ ਸੰਸਾਰ ਭਰ ’ਚ ਰੋਸ ਮਾਰਚ (ਜਲੂਸ) ਕੱਢੇ ਤੇ ਕਈ ਥਾਵੀਂ ਹੁਣ ਵੀ ਕੱਢੇ ਜਾ ਰਹੇ ਹਨ।
ਨਗਰ ਕੀਰਤਨ-ਹੁਣ ਜਲੂਸ ਦੀ ਥਾਂ ਸਭਿਅਕ ਸ਼ਬਦ ਨਗਰ ਕੀਰਤਨ ਵਰਤਿਆ ਜਾਣ ਲੱਗ ਪਿਆ ਜਿਸ ਦਾ ਭਾਵ ਕਿ ਪਿੰਡਾਂ, ਨਗਰਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਤੇ ਮੁਹੱਲਿਆਂ ਚੋਂ ਸ਼ਬਦ ਗਾਉਂਦੇ ਲੰਘਣਾ। ਵੀਹਵੀਂ ਸਦੀ ਤੋਂ ਪਹਿਲਾਂ ਇਹ ਵਰਤਾਰਾ ਨਹੀਂ ਸੀ। ਸਿੱਖ ਇਤਹਾਸ ’ਚ ਕੇਵਲ ਇੱਕ ਨਗਰ ਕੀਰਤਨ ਦਾ ਪਤਾ ਲਗਦਾ ਹੈ ਜੋ ‘‘ਹੋਲੇ ਮਹੱਲੇ” ਮੌਕੇ ਸੰਨ 1703 ਤੋਂ ਹਰ ਸਾਲ ਅਨੰਦਪੁਰ ਵਿਖੇ ਕੱਢਿਆ ਜਾਂਦਾ ਸੀ। ਅੱਜ ਕੱਲ੍ਹ ਨਗਰ ਕੀਰਤਨ ਦੌਰਾਨ, ਸਿੱਖ ਗਲੀਆਂ, ਮੁਹੱਲਿਆਂ ਤੇ ਬਜਾਰਾਂ ’ਚ ਮਿਥੇ ਰਸਤੇ ਪਰ ਜਲੂਸ (ਨਗਰ ਕੀਰਤਨ) ਕਰਦੇ ਹਨ। ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਤੇ ਪੰਜ ਸਿੱਖ ਜਿੰਨ੍ਹਾਂ ਨੇ ਹੱਥਾਂ ’ਚ ਨਿਸ਼ਾਨ ਸਾਹਿਬ ਫੜੇ ਹੁੰਦੇ ਆ, ਨਗਰ ਕੀਰਤਨ ਦੀ ਅਗਵਾਈ ਕਰਦੇ ਪਰ ਅਜੋਕੇ ਦੌਰ ’ਚ ਪੰਜ ਸਿੰਘ ਨੰਗੀਆਂ ਕਿਰਪਾਨਾਂ ਨਾਲ ਅਗਵਾਈ ਕਰਦੇ ਨੇ ਜਿੰਨਾਂ ਨੂੰ ਗਲਤੀ ਨਾਲ ਪੰਜ ਪਿਆਰੇ ਕਿਹਾ ਜਾਣ ਲੱਗ ਪਿਆ ਹੈ। ਰਾਗੀ, ਢਾਡੀ ਤੇ ਸੰਗਤਾਂ ਇਸ ਸਮੇਂ ਮਿਥੇ ਰਸਤਿਆਂ ਤੇ ਸ਼ਬਦ ਗਾਉਂਦੇ ਜਾਂਦੇ ਅਤੇ ਜੋਸ਼ੀਲੇ ਨਾਅਰੇ ਵੀ ਲਗਾਏ ਜਾਂਦੇ ਹਨ। ਇਹ ਧਾਰਮਿਕ ਸੰਗਤੀ ਰੋਸ ਜਲੂਸ ਤੋਂ ਵੱਖਰਾ ਹੁੰਦੈ ਕਿਉਂਕਿ ਇਸ ’ਚ ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਦੀ ਸਵਾਰੀ ਨਹੀਂ ਹੁੰਦੀ ਅਤੇ ਪ੍ਰੋਟੈਸਟ ਕਰਦੇ ਵਿਰੋਧਤਾ ਦੇ ਨਾਅਰੇ ਲਗਾਏ ਜਾਂਦੇ ਹਨ।
ਨਗਰ ਕੀਰਤਨ ਦੇ ਸਬੰਧ ’ਚ ਭਾਈ ਕਾਹਨ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ’ਚ ਲਿਖਦੇ ਹਨ ਕਿ ਹੁਣ ਖਾਸ ਉਤਸਵਾਂ ’ਤੇ ਨਗਰ ’ਚ ਫਿਰ ਕੇ ਵਾਜੇ ਗਾਜੇ ਨਾਲ ਕੀਰਤਨ ਉਪਦੇਸ਼ ਕਰਨ ਦੀ ਰੀਤ ਪੈ ਗਈ ਜੋ ਧਰਮ ਪ੍ਰਚਾਰ ਲਈ ਬੁਰੀ ਨਹੀਂ ਪਰ ਕਦੇ ਕਦੇ ਨਾਦਾਨ ਜੋਸ਼ੀਲੇ ਲੋਕਾਂ ਦੀ ਕਿ੍ਰਪਾ ਨਾਲ ਉਪਦ੍ਰਵ ਮੱਚ ਜਾਂਦੇ ਹਨ। ਵਿਚਾਰਵਾਨ ਪ੍ਰਬੰਧਕਾਂ ਨੂੰ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਉਹ ਸ਼ਬਦ ਗਾਏ ਜਾਣ ਜਿੰਨ੍ਹਾਂ ’ਚ ਭਗਤੀ, ਸੇਵਾ, ਪ੍ਰੇਮ ਅਤੇ ਸ਼ਰਧਾ ਆਦਿ ਦਾ ਉਪਦੇਸ਼ ਹੋਵੇ। ਵਖਿਆਨ ਕੋਮਲ ਸ਼ਬਦਾਂ ’ਚ ਹਿਤ ਭਰੇ ਪਰਸਪਰ ਪ੍ਰੀਤ ਵਧਾਉਣ ਵਾਲੇ ਹੋਣ। ਖਿਮਾਂ, ਧੀਰਜ ਤੇ ਸ਼ਾਤੀ ਦਾ ਕਿਸੇ ਦੇ ਭੜਕਾਉਣ ਤੇ ਵੀ ਤਿਆਗ ਨਾ ਕੀਤਾ ਜਾਵੇ। ਨਗਾਰਾ ਤੇ ਨਿਸ਼ਾਨ ਜੋ ਖਾਲਸੇ ਦਾ ਮੁੱਖ ਚਿੰਨ੍ਹ ਹੈ ਜਥੇ ਦੇ ਅੱਗੇ ਹੋਵੇ ਅਤੇ ਰੌਲੂ ਵਾਜਿਆਂ ਦਾ ਤਿਆਗ ਕੀਤਾ ਜਾਵੇ। ਜੇ ਕਿਸੇ ਪ੍ਰਸਿੱਧ ਗੁਰਦੁਆਰੇ ਤੋਂ ਮੁਹੱਲੇ ਦੀ ਸ਼ਕਲ ’ਚ ਸੰਗਤ ਜਾਵੇ ਤਾਂ ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹਾਥੀ ਪਾਲਕੀ ਆਦਿਕ ਵਿੱਚ ਅਸਥਾਪਨ ਕਰਕੇ, ਪ੍ਰੋਸ਼ੈਸਨ ’ਚ ਲਿਆਂਦਾ ਜਾਵੇ, ਨਹੀਂ ਤਾਂ ਮਾਮੂਲੀ ਗਲੀਆਂ ’ਚ ਜਾਣੋ ਸੰਕੋਚ ਕਰਨਾ ਚਾਹੀਏ।
ਜਰਾ ਵਿਚਾਰੀਏ ਕਿ ਗੁਰਬਾਣੀ ਨੂੰ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਥਾਂ ਭਾੜੇ ਦੇ ਪਾਠ, ਕਥਾ, ਕੀਰਤਨ ਅਤੇ ਅਰਦਾਸਾਂ ਕਰੌਣੀਆਂ, ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਦੀ ਵੀ ਮੂਰਤੀਆਂ ਵਾਂਗ ਪੂਜਾ ਕਰਨੀ ਭਾਵ ਕੇਵਲ ਮੱਥੇ ਟੇਕਣੇ, ਸੁੱਖਣਾ ਸੁੱਖਣੀਆਂ, ਧੂਫਾਂ ਧੁਖਾਉਣੀਆਂ ਅਤੇ ਵੱਖ-ਵੱਖ ਪਾਰਟੀਆਂ ਬਣਾ ਕੇ, ਭਰਾ ਮਾਰੂ ਜੰਗ ਵਿੱਚ ਉਲਝਣਾ ਆਦਿਕ ਹੋਰ ਵੀ ਐਸੇ ਅਨੇਕਾਂ ਕਾਰਨ ਹਨ ਜਿੰਨ੍ਹਾਂ ਕਰਕੇ ਅੱਜ ਖਾਲਸਾ ਪੰਥ ਢਹਿੰਦੀਆਂ ਕਲਾਂ ਵਿੱਚ ਜਾ ਰਿਹੈ ਅਤੇ ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਦੀ ਸਰਬਉੱਚਤਾ ਨੂੰ ਢਾਹ ਲੱਗ ਰਹੀ ਹੈ। ਸੋ ਅੱਜ ਸਾਨੂੰ ਛੋਟੇ ਮੋਟੇ ਵਖਰੇਵੇਂ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥(੧੧੮੫) ਦੇ ਮਹਾਂਵਾਕ ਤੇ ਅਮਲ ਕਰ, ਇੱਕ ਪੰਥਕ ਕਾਫਲਾ ਬਣ ਕੇ, ‘‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ” ਦੀ ਮਹਾਨਤਾ ਤੇ ਸਰਬਉੱਚਤਾ ਨੂੰ ਬਹਾਲ ਕਰਨਾ ਚਾਹੀਦੈ ਜੋ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਜੇ ਇਵੇਂ ਕਰਦੇ ਹਾਂ ਤਾਂ ਗੁਰਗੱਦੀ ਦਿਵਸ ਮਨਾਏ ਅਤੇ ਨਗਰ ਕੀਰਤਨ ਕੱਢੇ ਸਫਲੇ ਨੇ ਵਰਨਾ ਖਾਣ ਪੀਣ, ਪੁਜਾਰੀਆਂ ਦੀਆਂ ਜ੍ਹੇਬਾਂ ਭਰਨ, ਪ੍ਰਬੰਧਕਾਂ ਦੀਆਂ ਚੌਧਰਾਂ ਚਮਕੌਣ, ਲਕੀਰ ਦੇ ਫਕੀਰ ਬਣਕੇ ਰੀਤਾਂ ਰਸਮਾਂ ਪੂਰੀਆਂ ਕਰਨ ਅਤੇ ਲੋਕ ਦਿਖਾਵੇ ਤੱਕ ਹੀ ਸੀਮਤ ਰਹੇ ਜਾਵਾਂਗੇ।
ਭਾਈ ਅਵਤਾਰ ਸਿੰਘ
5104325827