ਸਹੀ ਲੜਕੀ ਮਿਲਣ ’ਤੇ ਵਿਆਹ ਕਰਾਂਗਾ, ਪਰਿਵਾਰ ਦੀ ਖੁਸ਼ਹਾਲੀ ਅਹਿਮ: ਰਾਹੁਲ

ਸਹੀ ਲੜਕੀ ਮਿਲਣ ’ਤੇ ਵਿਆਹ ਕਰਾਂਗਾ, ਪਰਿਵਾਰ ਦੀ ਖੁਸ਼ਹਾਲੀ ਅਹਿਮ: ਰਾਹੁਲ

ਪ੍ਰਧਾਨ ਮੰਤਰੀ ਬਣਨ ’ਤੇ ਸਿੱਖਿਆ ਪ੍ਰਣਾਲੀ ’ਚ ਬਦਲਾਅ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਸਹਾਇਤਾ ਅਤੇ ਮੁਸ਼ਕਲ ਦੌਰ ’ਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਕਰਨ ਦਾ ਤਹੱਈਆ
ਨਵੀਂ ਦਿੱਲੀ- ਕਾਂਗਰਸ ਆਗ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਸਹੀ ਲੜਕੀ ਮਿਲਣ ’ਤੇ ਵਿਆਹ ਕਰਨਗੇ। ਉਨ੍ਹਾਂ ਕਿਹਾ ਕਿ ਅਸਲ ਮੁਸ਼ਕਲ ਇਹ ਹੈ ਕਿ ਉਨ੍ਹਾਂ ਦੇ ਮਾਪਿਆਂ ਦੀ ‘ਵਿਆਹੁਤਾ ਜ਼ਿੰਦਗੀ ਬੇਹੱਦ ਖੁਸ਼ਹਾਲ ਸੀ’, ਇਸ ਲਈ ਆਪਣੀ ਜੀਵਨ ਸਾਥਣ ਨੂੰ ਲੈ ਕੇ ਉਨ੍ਹਾਂ ਦੀਆਂ ਉਮੀਦਾਂ ਕਾਫੀ ਜ਼ਿਆਦਾ ਹਨ। ਯੂਟਿਊਬ ’ਤੇ ਫੂਡ ਐਂਡ ਟਰੈਵਲ ਪਲੇਟਫਾਰਮ ‘ਕਰਲੀ ਟੇਲਜ਼’ ਨਾਲ ਹਲਕੇ-ਫੁਲਕੇ ਅੰਦਾਜ਼ ’ਚ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਸਿਆਸਤ ਨੂੰ ਛੱਡ ਕੇ ਹੋਰ ਕਈ ਵਿਸ਼ਿਆਂ ਨੂੰ ਛੋਹਿਆ। ਇਸ ’ਚ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਤੋਂ ਲੈ ਕੇ ਪਸੰਦੀਦਾ ਪਕਵਾਨ ਅਤੇ ਵਰਜ਼ਿਸ਼ ਨਾਲ ਲਗਾਓ ਤੱਕ ਸ਼ਾਮਲ ਹਨ। ਇਹ ਪੁੱਛੇ ਜਾਣ ’ਤੇ ਕਿ ਉਹ ਕਿਹੋ ਜਿਹੀ ਜੀਵਨ ਸਾਥਣ ਚਾਹੁੰਦੇ ਹਨ ਅਤੇ ਉਨ੍ਹਾਂ ਕੋਈ ਸੂਚੀ ਬਣਾ ਰੱਖੀ ਹੈ ਤਾਂ ਰਾਹੁਲ ਨੇ ਕਿਹਾ, ‘‘ਅਜਿਹੀ ਕੋਈ ਸੂਚੀ ਨਹੀਂ ਹੈ। ਮੈਨੂੰ ਸਿਰਫ਼ ਪਿਆਰ ਕਰਨ ਵਾਲੀ ਲੜਕੀ ਚਾਹੀਦੀ ਹੈ ਜੋ ਸਮਝਦਾਰ ਵੀ ਹੋਵੇ।’’ ਭਾਰਤ ਜੋੜੋ ਯਾਤਰਾ ਦੇ ਰਾਜਸਥਾਨ ਪੜਾਅ ਦੌਰਾਨ ਰਾਹੁਲ ਨਾਲ ਰਾਤ ਦੇ ਭੋਜਨ ਦੌਰਾਨ ਇਸ ਵਾਰਤਾ ਦਾ ਵੀਡੀਓ ਕਾਂਗਰਸ ਨੇ ਐਤਵਾਰ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਰਾਹੁਲ ਇਹ ਆਖਦੇ ਨਜ਼ਰ ਆ ਰਹੇ ਹਨ ਕਿ ਉਹ ਭੋਜਨ ’ਚ ਜ਼ਿਆਦਾ ਕਮੀਆਂ ਨਹੀਂ ਕੱਢਦੇ ਹਨ ਅਤੇ ਜੋ ਕੁਝ ਵੀ ਮਿਲ ਜਾਂਦਾ ਹੈ, ਉਹ ਖਾ ਲੈਂਦੇ ਹਨ ਪਰ ਮਟਰ ਅਤੇ ਕਟਹਲ ਉਨ੍ਹਾਂ ਨੂੰ ਪਸੰਦ ਨਹੀਂ ਹੈ। ਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਉਹ ਘਰ ’ਚ ਆਪਣੇ ਖਾਣ-ਪੀਣ ਨੂੰ ਲੈ ਕੇ ਬਹੁਤ ਸਖ਼ਤ ਹਨ ਪਰ ਯਾਤਰਾ ਦੌਰਾਨ ਉਨ੍ਹਾਂ ਕੋਲ ਜ਼ਿਆਦਾ ਬਦਲ ਨਹੀਂ ਹੁੰਦੇ ਹਨ। ਤਿਲੰਗਾਨਾ ਦੇ ਭੋਜਨ ਨੂੰ ਥੋੜ੍ਹਾ ਤਿੱਖਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ,‘‘ਉਥੋਂ ਦੇ ਖਾਣੇ ’ਚ ਮਿਰਚ ਥੋੜ੍ਹੀ ਜ਼ਿਆਦਾ ਰਹਿੰਦੀ ਸੀ। ਮੈਂ ਇੰਨੀ ਜ਼ਿਆਦਾ ਮਿਰਚ ਨਹੀਂ ਖਾਂਦਾ ਹਾਂ।’’ ਉਨ੍ਹਾਂ ਦੱਸਿਆ ਕਿ ਘਰ ’ਚ ਦਿਨ ਵੇਲੇ ‘ਦੇਸੀ ਭੋਜਨ’ ਬਣਦਾ ਹੈ ਅਤੇ ਰਾਤ ’ਚ ਕੌਂਟੀਨੈਂਟਲ (ਯੂਰੋਪੀ ਮੁਲਕਾਂ ਦੇ) ਪਕਵਾਨ ਬਣਦੇ ਹਨ। ਉਨ੍ਹਾਂ ਕਿਹਾ ਕਿ ਉਹ ਸੰਤੁਲਿਤ ਭੋਜਨ ਖਾਂਦੇ ਹਨ ਅਤੇ ਮਿੱਠੇ ਤੋਂ ਪਰਹੇਜ਼ ਕਰਦੇ ਹਨ। ਰਾਹੁਲ ਮੀਟ ਖਾਣ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਨੂੰ ਚਿਕਨ, ਮਟਨ ਅਤੇ ਸਮੁੰਦਰੀ ਭੋਜਨ ਪਸੰਦ ਹੈ। ਉਨ੍ਹਾਂ ਦੇ ਪਸੰਦੀਦਾ ਭੋਜਨ ’ਚ ਚਿਕਨ ਟਿੱਕਾ, ਸੀਖ ਕਬਾਬ ਅਤੇ ਆਮਲੇਟ ਸ਼ਾਮਲ ਹਨ। ਦਿੱਲੀ ’ਚ ਉਨ੍ਹਾਂ ਨੂੰ ਪਹਿਲਾਂ ਪੁਰਾਣੀ ਦਿੱਲੀ ’ਚ ਜਾ ਕੇ ਖਾਣਾ ਪਸੰਦ ਸੀ ਪਰ ਹੁਣ ਉਨ੍ਹਾਂ ਨੂੰ ਮੋਤੀ ਮਹਿਲ, ਸਾਗਰ, ਸਵਾਗਤ ਅਤੇ ਸਰਵਣ ਭਵਨ ਦਾ ਭੋਜਨ ਪਸੰਦ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਇਕ ਕਸ਼ਮੀਰੀ ਪੰਡਿਤ ਪਰਿਵਾਰ ਨਾਲ ਸਬੰਧ ਰਖਦੇ ਹਨ ਜੋ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ’ਚ ਵਸ ਗਿਆ ਸੀ। ਰਾਹੁਲ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਨਗੇ ਤਾਂ ਤਿੰਨ ਕਦਮ ਉਠਾਉਣਗੇ। ਪਹਿਲਾ-ਸਿੱਖਿਆ ਪ੍ਰਣਾਲੀ ’ਚ ਬਦਲਾਅ, ਦੂਜਾ-ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਸਹਾਇਤਾ ਅਤੇ ਤੀਜੀ-ਮੁਸ਼ਕਲ ਦੌਰ ’ਚੋਂ ਗੁਜ਼ਰ ਰਹੇ ਲੋਕਾਂ ਜਿਵੇਂ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ। ਰਾਹੁਲ ਨੂੰ ਸਕੂਬਾ ਡਾਈਵਿੰਗ, ਫਰੀ ਡਾਈਵਿੰਗ, ਸਾਇਕਲਿੰਗ, ਬੈਕਪੈਕਿੰਗ (ਇਕੱਲਿਆਂ ਘੁੰਮਣ ਦੀ ਆਦਤ) ਅਤੇ ਮਾਰਸ਼ਲ ਆਰਟ ੲੇਕੀਦੋ ’ਚ ਦਿਲਚਸਪੀ ਹੈ।