ਸਰਹੱਦੀ ਪਿੰਡਾਂ ਦਾ ਵਿਕਾਸ ਸਾਡੀ ਤਰਜੀਹ: ਸ਼ਾਹ

ਸਰਹੱਦੀ ਪਿੰਡਾਂ ਦਾ ਵਿਕਾਸ ਸਾਡੀ ਤਰਜੀਹ: ਸ਼ਾਹ

ਗ੍ਰਹਿ ਮੰਤਰੀ ਆਈਟੀਬੀਪੀ ਦੇ 62ਵੇਂ ਸਥਾਪਨਾ ਦਿਵਸ ਸਮਾਗਮ ’ਚ ਪਹੁੰਚੇ
ਦੇਹਰਾਦੂਨ- ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਨੇ ਪਿੰਡਾਂ ਦਾ ਵਿਕਾਸ ਸ਼ੁਰੂ ਕਰਕੇ ਸਰਹੱਦੀ ਪਿੰਡਾਂ ’ਚ ਬਿਹਤਰੀਨ ਸਹੂਲਤਾਂ ਦੇਣ ਦੇ ਕੰਮ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਅਬਾਦੀ ਨਾ ਸਿਰਫ਼ ਕਾਇਮ ਰਹੇ ਬਲਕਿ ਵਧੇ ਵੀ। ਇੱਥੇ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੇ 62ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਸਰਹੱਦੀ ਪਿੰਡ ਜੇਕਰ ਖਾਲੀ ਹੋ ਗਏ ਤਾਂ ਇਨ੍ਹਾਂ ਦੀ ਸੁਰੱਖਿਆ ਮੁਸ਼ਕਿਲ ਹੋ ਜਾਵੇਗੀ।’ ਉਨ੍ਹਾਂ ਕਿਹਾ ਕਿ ਕੇਂਦਰ ਚਾਹੁੰਦੀ ਹੈ ਕਿ ਸਰਹੱਦੀ ਪਿੰਡਾਂ ਨਾਲ ਸਿਰਫ਼ ਭੂਗੋਲਿਕ ਤੌਰ ’ਤੇ ਹੀ ਨਹੀਂ ਬਲਕਿ ਸਹੂਲਤਾਂ ਦੇ ਪੱਖ ਤੋਂ ਪਹਿਲੇ ਪਿੰਡਾਂ ਵਜੋਂ ਵਿਹਾਰ ਕੀਤਾ ਜਾਵੇ। ਸ਼ਾਹ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦੀ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਨੂੰ ਢੁੱਕਵੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਿਹਤਰੀਨ ਪਿੰਡਾਂ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਜੋ ਇੱਥੇ ਦੀ ਅਬਾਦੀ ਨਾ ਸਿਰਫ਼ ਸਥਿਰ ਰਹੇ ਬਲਕਿ ਵਧੇ ਵੀ।’ ਉਨ੍ਹਾਂ ਕਿਹਾ ਕਿ 19 ਜ਼ਿਲ੍ਹਿਆਂ ਦੇ 662 ਸਰਹੱਦੀ ਪਿੰਡਾਂ ’ਚ ਬੁਨਿਆਦੀ, ਸਿਹਤ ਤੇ ਵਿੱਦਿਅਕ ਸਹੂਲਤਾਂ ਮੁਹੱਈਆ ਕਰਵਾਉਣ ਲਈ 4800 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ’ਚ ਵਿਕਾਸ ਕਾਰਜ ਕਰਾਉਣ ਲਈ ਆਈਟੀਬੀਪੀ ਨੂੰ ਨੋਡਲ ਏਜੰਸੀ ਵੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਈਟੀਬੀਪੀ ਦੇ ਜਵਾਨਾਂ ਨੂੰ ਉਸ ਸਮਰਪਣ ਤੇ ਹੌਸਲੇ ਲਈ ਸਲਾਮ ਕਰਦਾ ਹੈ ਜਿਸ ਨਾਲ ਉਹ ਮਨਫੀ ਤੋਂ ਵੀ ਘੱਟ ਤਾਪਮਾਨ ਤੇ ਦੂਰ-ਦਰਾਜ ਦੇ ਇਲਾਕਿਆਂ ’ਚ ਆਪਣਾ ਫਰਜ਼ ਨਿਭਾਉਂਦੇ ਹਨ।