ਸਰਹੱਦਾਂ ’ਤੇ ਹਰ ਸਥਿਤੀ ਨਾਲ ਨਜਿੱਠਣ ਲਈ ਫ਼ੌਜ ਤਿਆਰ: ਜਨਰਲ ਪਾਂਡੇ

ਸਰਹੱਦਾਂ ’ਤੇ ਹਰ ਸਥਿਤੀ ਨਾਲ ਨਜਿੱਠਣ ਲਈ ਫ਼ੌਜ ਤਿਆਰ: ਜਨਰਲ ਪਾਂਡੇ

ਫ਼ੌਜ ਮੁਖੀ ਵੱਲੋਂ ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਸਥਿਰ ਹੋਣ ਦਾ ਦਾਅਵਾ
ਨਵੀਂ ਦਿੱਲੀ-ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਫ਼ੌਜ ਕੌਮਾਂਤਰੀ ਸਰਹੱਦਾਂ ’ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸੈਨਾ ਦਿਵਸ ਤੋਂ ਪਹਿਲਾਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਤਾਇਨਾਤ ਫ਼ੌਜੀ ਜਵਾਨ, ਵਿਰੋਧੀ ਦੇ ਕਿਸੇ ਵੀ ਨਾਪਾਕ ਮਨਸੂਬੇ ਨੂੰ ਦ੍ਰਿੜਤਾ ਨਾਲ ਨਾਕਾਮ ਕਰਨ ਲਈ ਮਜ਼ਬੂਤ ਸਥਿਤੀ ਬਣਾਈ ਰੱਖਣ ਵਿੱਚ ਸਫ਼ਲ ਰਹੇ ਹਨ। ਜਨਰਲ ਪਾਂਡੇ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ‘ਸਥਿਰ’ ਪਰ ‘ਅਣਕਿਆਸੇ’ ਹਨ। ਉਨ੍ਹਾਂ ਕਿਹਾ, ‘‘ਸਾਡੇ ਫ਼ੌਜੀ ਮਜ਼ਬੂਤ ਸਥਿਤੀ ਬਣਾਈ ਰੱਖਣ ਵਿੱਚ ਸਫ਼ਲ ਰਹੇ ਹਨ।’’ ਉਨ੍ਹਾਂ ਦੱਸਿਆ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਸੱਤ ਵਿੱਚੋਂ ਪੰਜ ਮੁੱਦਿਆਂ ਦਾ ਹੱਲ ਕੱਢਣ ਵਿੱਚ ਕਾਮਯਾਬ ਰਹੇ ਹਨ। ਸੈਨਾ ਮੁਖੀ ਨੇ ਕਿਹਾ, ‘‘ਸਾਡੇ ਵਿਚਕਾਰ ਸੈਨਿਕ ਅਤੇ ਕੂਟਨੀਤਕ, ਦੋਵਾਂ ਪੱਧਰਾਂ ’ਤੇ ਗੱਲਬਾਤ ਜਾਰੀ ਹੈ।’’ ਫ਼ੌਜ ਮੁਖੀ ਨੇ ਕਿਹਾ ਕਿ ਭਾਰਤ ਸਰਹੱਦ ਨਾਲ ਲੱਗਦੇ ਆਪਣੇ ਖੇਤਰ ਵਿੱਚ ਇੱਕ ਵਿਸ਼ਾਲ ਸੜਕੀ ਨੈੱਟਵਰਕ ਬਣਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ-ਚੀਨ ਸਰਹੱਦ ਨਾਲ ਲੱਗਦੇ ਭਾਰਤੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਲਈ ਬਣਾਈਆਂ ਜਾ ਰਹੀਆਂ ਸੜਕਾਂ ਹਰ ਮੌਸਮ ਦੇ ਅਨੁਕੂਲ ਹੋਣਗੀਆਂ। ਇਸ ਤੋਂ ਇਲਾਵਾ ਸਰਹੱਦਾਂ ਤੱਕ ਸੁਖਾਲੀ ਪਹੁੰਚ ਲਈ ਸੁਰੰਗਾਂ ਅਤੇ ਪੁਲਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਫ਼ੌਜ ਮੁਖੀ ਨੇ ਡੋਕਲਾਮ ਬਾਰੇ ਬਹੁਤੀ ਗੱਲ ਨਹੀਂ ਕੀਤੀ ਪਰ ਉਨ੍ਹਾਂ ਕਿਹਾ ਕਿ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਜੰਮੂ ਕਸ਼ਮੀਰ ਵਿੱਚ ਹਾਲਾਤ ਦਾ ਜ਼ਿਕਰ ਕਰਦਿਆਂ ਜਨਰਲ ਪਾਂਡੇ ਨੇ ਕਿਹਾ ਕਿ ਫਰਵਰੀ 2021 ਵਿੱਚ ਕੰਟਰੋਲ ਰੇਖਾ (ਐੱਲਏਸੀ) ਉੱਤੇ ਜੰਗਬੰਦੀ ਲਈ ਬਣੀ ਸਹਿਮਤੀ ’ਤੇ ਅਮਲ ਜਾਰੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਅਤਿਵਾਦੀ ਢਾਂਚੇ ਨੂੰ ਸਰਹੱਦ ਪਾਰੋਂ ਮਿਲ ਰਿਹਾ ਸਮਰਥਨ ਅਜੇ ਵੀ ਬਰਕਰਾਰ ਹੈ। ਸੈਨਾ ਮੁਖੀ ਨੇ ਕਿਹਾ ਕਿ ਮਹਿਲਾ ਕਰਮੀਆਂ ਨੂੰ ਸੈਨਾ ਦੀਆਂ ਆਰਟਿਲਰੀ ਯੂਨਿਟਾਂ ਵਿੱਚ ਸ਼ਾਮਲ ਕਰਨ ਦਾ ਸੁਝਾਅ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ।