ਸਰਹਾਲੀ ਥਾਣੇ ’ਤੇ ਰਾਕੇਟ ਹਮਲੇ ਦੇ ਮਾਮਲੇ ’ਚ ਛੇ ਗ੍ਰਿਫ਼ਤਾਰ

ਸਰਹਾਲੀ ਥਾਣੇ ’ਤੇ ਰਾਕੇਟ ਹਮਲੇ ਦੇ ਮਾਮਲੇ ’ਚ ਛੇ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਦੋ ਨਾਬਾਲਗ ਸ਼ਾਮਲ
ਚੰਡੀਗੜ੍ਹ/ਤਰਨ ਤਾਰਨ-ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ’ਤੇ ਬੀਤੇ ਸ਼ੁਕਰਵਾਰ-ਸਨਿਚਰਵਾਰ ਦੀ ਵਿਚਕਾਰਲੀ ਰਾਤ ਨੂੰ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਨਾਲ ਕੀਤੇ ਹਮਲੇ ਦੇ ਮਾਮਲੇ ਨੂੰ ਪੁਲੀਸ ਨੇ ਸੁਲਝਾਉਂਦਿਆਂ ਇਸ ਕੇਸ ਵਿੱਚ ਦੋ ਨਾਬਾਲਗਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਪਿੱਛੇ ਵਿਦੇਸ਼ਾਂ ’ਚ ਬੈਠੇ ਅਪਰਾਧੀਆਂ ਦਾ ਹੱਥ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਯਾਦਵ ਨੇ ਦੱਸਿਆ ਕਿ ਇਸ ਅਤਿਵਾਦੀ ਹਮਲੇ ਦੀ ਸਾਜ਼ਿਸ਼ ਵਿਦੇਸ਼ ਰਹਿੰਦੇ ਲੋੜੀਂਦੇ ਅਤਿਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਨੇ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਅਜਮੀਤ ਸਿੰਘ ਦੀ ਮਦਦ ਨਾਲ ਰਚੀ ਸੀ। ਦੋ ਨਾਬਾਲਗਾਂ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਬਾਕੀ ਚਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ (18) ਵਾਸੀ ਨੌਸ਼ਹਿਰਾ ਪੰਨੂਆ, ਗੁਰਲਾਲ ਸਿੰਘ ਉਰਫ ਗਹਿਲਾ (19) ਵਾਸੀ ਚੋਹਲਾ ਸਾਹਿਬ, ਸੁਰਲਾਲਪਾਲ ਸਿੰਘ ਉਰਫ਼ ਗੁਰਲਾਲ ਉਰਫ਼ ਲਾਲੀ (21) ਵਾਸੀ ਪਿੰਡ ਠੱਠੀਆ ਮਹੰਤਾ ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (18) ਵਾਸੀ ਨੌਸ਼ਹਿਰਾ ਪੰਨੂਆ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਗੋਪੀ ਨੰਬਰਦਾਰ, ਜੋ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਸੀ, ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ ਦੇ ਦਿੱਤੀ ਗਈ ਸੀ। 22 ਨਵੰਬਰ, 2022 ਨੂੰ ਆਪਣੀ ਰਿਹਾਈ ਤੋਂ ਇਕ ਦਿਨ ਬਾਅਦ ਉਹ 18 ਸਾਲ ਦਾ ਹੋ ਗਿਆ ਸੀ ਤੇ ਫਿਰ ਵਿਦੇਸ਼ ਆਧਾਰਿਤ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਿਆ। ਡੀਜੀਪੀ ਨੇ ਦੱਸਿਆ ਕਿ ਤਰਨ ਤਾਰਨ ਪੁਲੀਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਕੇ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦੋਵਾਂ ਨੂੰ ਬੀਤੇ ਦਿਨ ਪੱਟੀ ਮੋੜ ਸਰਹਾਲੀ ਤੋਂ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ .32 ਬੋਰ ਪਿਸਤੌਲ ਸਮੇਤ 15 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਗੋਪੀ ਨੰਬਰਦਾਰ ਦੀ ਨਿਸ਼ਾਨਦੇਹੀ ’ਤੇ ਇੱਕ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਜਾਂਚ ਮੁਤਾਬਕ ਗੋਪੀ ਨੂੰ ਸ਼ੁਰੂ ਵਿੱਚ ਲੰਡਾ ਅਤੇ ਸੱਤਾ ਤੋਂ 8.5 ਲੱਖ ਰੁਪਏ ਦੀ ਫੰਡਿੰਗ ਅਤੇ 200 ਕਾਰਤੂਸਾਂ ਸਮੇਤ .30 ਬੋਰ ਦਾ ਪਿਸਤੌਲ ਮਿਲਿਆ ਸੀ। ਡੀਜੀਪੀ ਯਾਦਵ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਨੇ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਨੇ ਦੋ ਨਾਬਾਲਗ ਮੈਂਬਰਾਂ ਨੂੰ ਥਾਣਾ ਸਰਹਾਲੀ ’ਤੇ ਹਮਲੇ ਦਾ ਜ਼ਿੰਮਾ ਸੌਂਪਿਆ ਸੀ। ਡੀਜੀਪੀ ਮੁਤਾਬਕ ਇੱਕ ਹੋਰ ਮੁਲਜ਼ਮ ਗੁਰਲਾਲ ਲਾਲੀ ਨੇ ਪੁਲੀਸ ਸਟੇਸ਼ਨ ਦੀ ਇਮਾਰਤ ’ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪਿੰਡ ਮਰਹਾਣਾ ’ਚ ਰੁਕੇ ਹੋਏ ਦੋਵਾਂ ਨਾਬਾਲਗ ਮੈਂਬਰਾਂ ਦੀ ਮਦਦ ਕੀਤੀ ਸੀ। ਪੁਲੀਸ ਨੇ ਜੋਬਨਪ੍ਰੀਤ ਤੇ ਗੁਰਲਾਲ ਲਾਲੀ ਦੇ ਕਬਜ਼ੇ ’ਚੋਂ ਇੱਕ .30 ਬੋਰ ਦਾ ਪਿਸਤੌਲ, 35 ਕਾਰਤੂਸ ਤੇ ਘਟਨਾ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਤਰਨ ਤਾਰਨ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਧਾਰਾ 307, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 16 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਧੀਨ ਥਾਣਾ ਸਰਹਾਲੀ ਵਿਚ ਪਹਿਲਾਂ ਹੀ ਇਕ ਕੇਸ ਦਰਜ ਕੀਤਾ ਹੋਇਆ ਹੈ।