ਸਰਵੇਖਣ ਭਾਰਤ ਦੀ ਦੁਨੀਆ ਪ੍ਰਤੀ ਆਸ਼ਾਵਾਦੀ ਸੋਚ ਦਾ ਪ੍ਰਗਟਾਵਾ: ਮੋਦੀ

ਸਰਵੇਖਣ ਭਾਰਤ ਦੀ ਦੁਨੀਆ ਪ੍ਰਤੀ ਆਸ਼ਾਵਾਦੀ ਸੋਚ ਦਾ ਪ੍ਰਗਟਾਵਾ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਰਥਿਕ ਸਰਵੇਖਣ ਭਾਰਤ ਦੀ ਵਿਕਾਸ ਦੀ ਰਫ਼ਤਾਰ ਦੀ ਵਿਆਪਕ ਸਮੀਖਿਆ ਨੂੰ ਪੇਸ਼ ਕਰਦਾ ਹੈ ਤੇ ਇਹ ਭਾਰਤ ਪ੍ਰਤੀ ਕੁੱਲ ਆਲਮ ਦੀ ਆਸ਼ਾਵਾਦੀ ਸੋਚ ਨੂੰ ਵੀ ਦਰਸਾਉਂਦਾ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਆਰਥਿਕ ਸਰਵੇਖਣ ਵਿੱਚ ਬੁਨਿਆਦੀ ਢਾਂਚੇ, ਖੇਤੀ, ਸਨਅਤਾਂ ਤੇ ਭਵਿੱਖੀ ਸੈਕਟਰਾਂ ਦੀ ਵਿਆਪਕ ਸਮੀਖਿਆ ਕੀਤੀ ਗਈ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਲਮੀ ਪੱਧਰ ਉੱਤੇ ਆਰਥਿਕ ਫਰੰਟ ’ਤੇ ਮਚੀ ਹਫ਼ੜਾ-ਦਫੜੀ ਦਰਮਿਆਨ ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਦਾ ਬਜਟ ਕੁੱਲ ਆਲਮ ਲਈ ਆਸ ਦੀ ਕਿਰਨ ਹੋਵੇਗਾ। ਬਜਟ ਇਜਲਾਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਆਲਮੀ ਅਰਥਚਾਰੇ ਵਿਚਲੀਆਂ ਜਾਣੀਆਂ ਪਛਾਣੀਆਂ ਅਵਾਜ਼ਾਂ ਚਹੁੰਪਾਸਿਓ ਤੋਂ ਸਕਾਰਾਤਮਕ ਸੁਨੇਹੇ ਲਿਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ, ਜੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੁੱਧਵਾਰ ਨੂੰ ਪੇਸ਼ ਕੀਤਾ ਜਾਣਾ ਹੈ, ਲੋਕਾਂ ਦੀਆਂ ਆਸਾਂ-ਉਮੀਦਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਤੋਂ ਇਲਾਵਾ ਉਨ੍ਹਾਂ ਸੰਭਾਵਨਾਵਾਂ ਨੂੰ ਵੀ ਹਕੀਕੀ ਰੂਪ ਦੇਵੇਗਾ, ਜਿਨ੍ਹਾਂ ਲਈ ਕੁੱਲ ਆਲਮ ਭਾਰਤ ਵੱਲ ਵੇਖ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ, ‘‘ਵਿਸ਼ਵ, ਜਿਸ ਆਸ ਦੀ ਕਿਰਨ ਨੂੰ ਵੇਖ ਰਿਹਾ ਹੈ, ਉਹ ਹੋਰ ਚਮਕੇਗੀ, ਮੈਨੂੰ ਪੂਰਾ ਯਕੀਨ ਹੈ ਕਿ ਵਿੱਤ ਮੰਤਰੀ ਇਨ੍ਹਾਂ ਇੱਛਾਵਾਂ ਤੇ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ।’’