ਸਰਮਾਏਦਾਰੀ ਦਾ ਸੰਕਟ ਅਤੇ ‘ਸ਼ੈਡੋ ਬੈਂਕ’ ਵਰਤਾਰਾ

ਸਰਮਾਏਦਾਰੀ ਦਾ ਸੰਕਟ ਅਤੇ ‘ਸ਼ੈਡੋ ਬੈਂਕ’ ਵਰਤਾਰਾ

ਨਵਜੋਤ ਨਵੀ

ਕੌਮਾਂਤਰੀ ਮਸਲਿਆਂ ਖਾਸਕਰ ਕੌਮਾਂਤਰੀ ਆਰਥਿਕ ਮਸਲਿਆਂ ਵਿਚ ਰੁਚੀ ਰੱਖਦੇ ਪਾਠਕਾਂ ਨੇ ਪਿਛਲੇ 3-4 ਮਹੀਨਿਆਂ ਵਿਚ ਆਮ ਹੀ ਇੱਕ ਸ਼ਬਦ ‘ਸ਼ੈਡੋ ਬੈਂਕਿੰਗ’ ਵਾਰ ਵਾਰ ਪੜ੍ਹਿਆ ਸੁਣਿਆ ਹੋਵੇਗਾ। ਇਸ ਦਾ ਇਸਤੇਮਾਲ ਆਮ ਹੀ ਆਰਥਿਕ ਸੰਕਟ ਦੇ ਸਬੰਧ ਵਿਚ ਕੀਤਾ ਜਾ ਰਿਹਾ ਹੈ। ਕਈ ਵਿਚਾਰਵਾਨ ‘ਸ਼ੈਡੋ ਬੈਂਕਾਂ’ ਨੂੰ ਹੀ ਪੱਛਮ ਦੇ ਕਈ ਮੁਲਕਾਂ ਵਿਚ ਆਰਥਿਕ ਸੰਕਟ ਜਾਂ ਆਰਥਿਕ ਖੜੋਤ ਦਾ ਮੁੱਖ ਜਿ਼ੰਮੇਵਾਰ ਦੱਸ ਰਹੇ ਹਨ ਤੇ ਇਹ ਮੰਗ ਚੁੱਕੀ ਜਾ ਰਹੀ ਹੈ ਕਿ ਜੇ ਇਨ੍ਹਾਂ ਵਿੱਤੀ ਅਦਾਰਿਆਂ ਉੱਤੇ ਵਧੇਰੇ ਸਖਤੀ ਨਾਲ਼ ਸਰਕਾਰ ਨਿਯਮ ਲਾਗੂ ਕਰੇ ਤਾਂ ਵਿੱਤੀ ਬੇਨਿਯਮੀਆਂ ਕਾਰਨ ਹੋਣ ਵਾਲਾ ਆਰਥਿਕ ਸੰਕਟ ਰੋਕਿਆ ਜਾ ਸਕਦਾ ਹੈ। ਅਜਿਹੇ ਸਿਧਾਂਤ ਹੀ ਕਈ ਬੁੱਧੀਜੀਵੀਆਂ ਨੇ ਅਮਰੀਕਾ ਦੀ 2008 ਦੀ ਮੰਦੀ ਬਾਰੇ ਦਿੱਤੇ ਸਨ ਜਾਂ ਦਿੱਤੇ ਜਾ ਰਹੇ ਹਨ ਜਿਨ੍ਹਾਂ ਦਾ ਤੱਤ ਇਹ ਹੈ ਕਿ ਆਰਥਿਕ ਸੰਕਟ ਸਰਮਾਏਦਾਰਾ ਢਾਂਚੇ ਦਾ ਕੋਈ ਵਜੂਦ ਸਮੋਇਆ ਨਿਯਮ ਨਹੀਂ ਸਗੋਂ 2008 ਦਾ ਆਰਥਿਕ ਸੰਕਟ ਰੀਅਲ ਅਸਟੇਟ ਖੇਤਰ ਵਿਚ ਅਮਰੀਕੀ ਬੈਂਕਾਂ ਅਤੇ ਹੋਰਾਂ ਵਿੱਤੀ ਅਦਾਰਿਆਂ ਦੀ ਸੱਟੇਬਾਜ਼ੀ ਦਾ ਸਿੱਟਾ ਸੀ। ਜੇ ਇਨ੍ਹਾਂ ਵਿੱਤੀ ਬੇਨਿਯਮੀਆਂ ਉੱਤੇ ਕਾਬੂ ਪਾ ਲਿਆ ਜਾਂਦਾ ਤਾਂ ਅਮਰੀਕੀ ਅਰਥਚਾਰੇ ਨੇ ਆਰਥਿਕ ਸੰਕਟ ਦਾ ਸ਼ਿਕਾਰ ਨਹੀਂ ਸੀ ਹੋਣਾ। ਇਸ ਸਿਧਾਂਤ ਦੇ ਪੈਰੋਕਾਰ ਇਨ੍ਹਾਂ ਗੱਲਾਂ ਦਾ ਜਵਾਬ ਦੇਣ ਤੋਂ ਉੱਕਾ ਹੀ ਅਸਮਰੱਥ ਰਹਿੰਦੇ ਹਨ ਕਿ ਆਖਰਕਾਰ ਸਰਮਾਏਦਾਰ ਇੰਨੇ ਵੱਡੇ ਪੱਧਰ ਉੱਤੇ ਸੱਟੇਬਾਜ਼ੀ ਕਿਉਂ ਕਰਦੇ ਹਨ ਜਿਸ ਵਿਚ ਪੈਸੇ ਡੁੱਬਣ ਦਾ ਕਾਫੀ ਖਤਰਾ ਮੌਜੂਦ ਰਹਿੰਦਾ ਹੈ? ਕਿਉਂ ਅਰਥਚਾਰੇ ਵਿਚ ਸਰਮਾਏਦਾਰਾਂ ਦਾ ਵੱਡਾ ਹਿੱਸਾ ਪੈਦਾਵਾਰੀ ਖੇਤਰ ਵਿਚ ਨਿਵੇਸ਼ ਕਰ ਕੇ ਮੁਨਾਫ਼ੇ ਕਮਾਉਣ ਦੀ ਥਾਵੇਂ ਸੱਟੇਬਾਜ਼ੀ ਜਿਹੇ ਗੈਰ-ਪੈਦਾਵਾਰੀ ਖੇਤਰ ਵਿਚ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਕਰ ਕੇ ਹੀ ਇਹੋ ਜਹੇ ਵਿੱਤੀ ਗੁਬਾਰੇ ਫੁੱਲਦੇ ਹਨ ਜਿਹੋ ਜਿਹਾ 2008 ਵਿਚ ਫੁੱਟਿਆ ਸੀ। ‘ਸ਼ੈਡੋ ਬੈਂਕਿੰਗ’ ਜਿਹੇ ਵਰਤਾਰੇ ਦੇ ਵਧਣ, ਪੈਦਾਵਾਰੀ ਖੇਤਰ ਦੇ ਨਿਸਬਤਨ ਸੱਟੇਬਾਜ਼ੀ ਜਹੇ ਗੈਰ-ਪੈਦਾਵਾਰੀ ਖੇਤਰ ਵਿਚ ਨਿਵੇਸ਼ ਰਾਹੀਂ ਵਧੇਰੇ ਮੁਨਾਫ਼ਾ ਕਮਾਉਣ ਦੇ ਵਰਤਾਰੇ ਦੀ ਵਿਆਖਿਆ ਨਿਰੋਲ ਕੁੱਝ ਸਰਮਾਏਦਾਰਾਂ ਦੀਆਂ ਖਬਤਾਂ (ਜਿਵੇਂ ਵਧੇਰੇ ਖਤਰਾ ਚੁੱਕਣ ਦੀ ਆਦਤ ਆਦਿ) ਰਾਹੀਂ ਨਹੀਂ ਹੋ ਸਕਦੀ। ਇਸ ਦੀਆਂ ਜੜ੍ਹਾਂ ਇਨ੍ਹਾਂ ਇਸ ਸਮਾਜਿਕ-ਆਰਥਿਕ ਪ੍ਰਬੰਧ ਜਾਣੀ ਸਰਮਾਏਦਾਰਾ ਪ੍ਰਬੰਧ ਵਿਚ ਤਲਾਸ਼ੀਆਂ ਜਾਣੀਆਂ ਚਾਹੀਦੀਆਂ ਹਨ।

ਸ਼ੈਡੋ ਬੈਂਕ ਅਸਲ ਵਿਚ ਗੈਰ-ਬੈਂਕ ਵਿੱਤੀ ਅਦਾਰਿਆਂ ਦਾ ਹੀ ਦੂਜਾ ਨਾਮ ਹੈ ਜਿਨ੍ਹਾਂ ਦਾ ਕਾਰਜ ਤੇ ਕਾਰਜ ਪ੍ਰਣਾਲੀ ਆਮ ਬੈਂਕਾਂ ਦੇ ਕਈ ਕਾਰਜਾਂ ਨਾਲ਼ ਕਾਫੀ ਮਿਲ਼ਦੀ ਜੁਲਦੀ ਹੁੰਦੀ ਹੈ ਪਰ ਇਨ੍ਹਾਂ ਅਦਾਰਿਆਂ ਉੱਤੇ ਬੈਂਕਿੰਗ ਨਿਯਮ ਲਾਗੂ ਨਹੀਂ ਹੁੰਦੇ। ਇਨ੍ਹਾਂ ਸ਼ੈਡੋ ਬੈਂਕਾਂ ਵਿਚ ਮੁੱਖ ਤੌਰ ਉੱਤੇ ਨਿਵੇਸ਼ ਫੰਡ, ਬੀਮਾ ਫੰਡ, ਪੈਨਸ਼ਨ ਫੰਡ ਤੇ ਹੋਰ ਵਿੱਤੀ ਵਿਚੋਲੀਏ ਆਉਂਦੇ ਹਨ। ਇਸ ਸਮੇਂ ਪੂਰੀ ਦੁਨੀਆਂ ਵਿਚ ਦਿੱਤੀਆਂ ਜਾਣ ਵਾਲ਼ੀਆਂ ਵਿੱਤੀ ਸੇਵਾਵਾਂ ਦਾ ਲਗਭਗ 50% ਹਿੱਸਾ ਇਨ੍ਹਾਂ ਸ਼ੈਡੋ ਬੈਂਕਾਂ ਜਾਂ ਗੈਰ-ਬੈਂਕ ਵਿੱਤੀ ਅਦਾਰਿਆਂ ਵੱਲੋਂ ਦਿੱਤਾ ਜਾਂਦਾ ਹੈ। ਇਨ੍ਹਾਂ ਉੱਤੇ ਬੈਂਕਿੰਗ ਨਿਯਮ ਲਾਗੂ ਨਾ ਹੋਣ ਕਾਰਨ ਇਹ ਵਿੱਤੀ ਅਦਾਰੇ (ਇਨ੍ਹਾਂ ਵਿਚੋਂ ਖ਼ਾਸਕਰ ਨਿਵੇਸ਼ ਫੰਡ) ਵਧੇਰੇ ਖਤਰੇ ਵਾਲ਼ੇ ਨਿਵੇਸ਼, ਖਾਸ ਕਰ ਸੱਟਾ ਬਾਜ਼ਾਰ ਵਿਚ, ਕਰ ਸਕਦੇ ਹਨ ਜਿਨ੍ਹਾਂ ਵਿਚ ਜੇ ਪੈਸੇ ਡੁੱਬਣ ਦਾ ਖਤਰਾ ਵਧੇਰੇ ਆਉਂਦਾ ਹੈ ਤਾਂ ਮੁਨਾਫ਼ਾ ਵੀ ਵਧੇਰੇ ਮਿਲ਼ਣ ਦੀ ਆਸ ਹੁੰਦੀ ਹੈ। ਬਹੁਤ ਸਾਰੇ ਬੈਂਕ ਖੁਦ ਆਪਣਾ ਮੁਨਾਫ਼ਾ ਵਧਾਉਣ ਲਈ ਇਨ੍ਹਾਂ ਗੈਰ ਵਿੱਤੀ ਅਦਾਰਿਆਂ ਰਾਹੀਂ ਵਧੇਰੇ ਖਤਰੇ ਵਾਲ਼ੇ ਪ੍ਰਾਜੈਕਟਾਂ ਵਿਚ ਨਿਵੇਸ਼ ਕਰਦੇ ਹਨ। ਕਰੈਡਿਟ ਸੁਇਸ ਬੈਂਕ, ਸਵਿਟਜਰਲੈਂਡ ਦਾ ਵੱਡਾ ਨਿਵੇਸ਼ ਬੈਂਕ ਜੋ 2023 ਵਿਚ ਡੁੱਬਿਆ ਸੀ, ਦਾ ਗੈਰ-ਬੈਂਕਿੰਗ ਵਿੱਤੀ ਅਦਾਰੇ ਅਰਚੇਗੋਸ ਵਿਚ ਨਿਵੇਸ਼ ਰਾਹੀਂ 5.5 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ। ਇੰਝ ਹੀ ਅਮਰੀਕਾ ਤੇ ਪੱਛਮੀ ਯੂਰੋਪ ਦੇ ਕਈ ਬੈਕਾਂ, ਕੰਪਨੀਆਂ ਦਾ ਇਨ੍ਹਾਂ ਸ਼ੈਡੋ ਬੈਂਕਾਂ ਵਿਚ ਵਧੇਰੇ ਮੁਨਾਫ਼ੇ ਲਈ ਕੀਤਾ ਨਿਵੇਸ਼ ਹੁਣ ਘਾਟੇ ਦਾ ਸੌਦਾ ਬਣਿਆ ਹੋਇਆ ਹੈ ਤੇ ਇਨ੍ਹਾਂ ਬੈਂਕਾਂ, ਕੰਪਨੀਆਂ ਨੂੰ ਦਿਵਾਲੀਏਪਣ ਵੱਲ ਧੱਕ ਰਿਹਾ ਹੈ।

ਉਨ੍ਹਾਂ ਬੈਂਕਾਂ ਤੇ ਕੰਪਨੀਆਂ ਨੂੰ ਜੋ ਗੈਰ-ਬੈਂਕ ਵਿੱਤੀ ਅਦਾਰਿਆਂ ਜਾਂ ਸ਼ੈਡੋ ਬੈਂਕਾਂ ਵਿਚ ਨਿਵੇਸ਼ ਰਾਹੀਂ ਆਮ ਤੌਰ ਉੱਤੇ ਮੋਟਾ ਮੁਨਾਫ਼ਾ ਕਮਾ ਰਹੇ ਸਨ, ਹੁਣ ਨੁਕਸਾਨ ਕਿਉਂ ਹੋਣ ਲੱਗ ਪਿਆ ਹੈ? ਅਸਲ ਵਿਚ ਇਹ ਸ਼ੈਡੋ ਬੈਂਕਾਂ ਦਾ ਵੱਡਾ ਹਿੱਸਾ ਆਪਣਾ ਮੁਨਾਫ਼ਾ ਸੱਟਾ ਬਾਜ਼ਾਰ ਉੱਤੇ ਸੱਟੇਬਾਜ਼ੀ ਰਾਹੀਂ ਮੁਨਾਫ਼ੇ ਕਮਾਉਂਦਾ ਹੈ। ਇਹ ਸੱਟੇਬਾਜ਼ੀ ਜਾਰੀ ਰੱਖਣ ਦਾ ਇੱਕ ਜ਼ਰੂਰੀ ਅੰਗ ਬੈਕਿੰਗ ਖੇਤਰ ਵਿਚ ਸਸਤੇ ਕਰਜ਼ੇ ਦੀ ਉਪਲਬਧਤਾ ਹੁੰਦੀ ਹੈ ਕਿਉਂ ਜੋ ਵਧੇਰੇ ਤੋਂ ਵਧੇਰੇ ਸੱਟੇਬਾਜ਼ੀ ਕਰਨ ਲਈ ਸਸਤਾ ਕਰਜ਼ਾ ਇੱਕ ਲੋੜੀਂਦੀ ਸ਼ਰਤ ਹੈ। ਕਰਜ਼ੇ ਮਹਿੰਗੇ ਹੋਣ ਦੀ ਸੂਰਤ ਵਿਚ ਗੈਰ-ਬੈਂਕ ਵਿੱਤੀ ਅਦਾਰਿਆਂ ਵਿਚ ਖਤਰੇ ਦੀ ਸਥਤਿੀ ਦਾ ਬਣਨਾ ਲਗਭਗ ਲਾਜ਼ਮੀ ਹੁੰਦਾ ਹੈ। ਹਾਲ ਹੀ ਵਿਚ ਪੱਛਮੀ ਮੁਲਕਾਂ ਖਾਸਕਰ ਯੂਨਾਈਟੇਡ ਕਿੰਗਡਮ, ਜਰਮਨੀ, ਅਮਰੀਕਾ ਆਦਿ ਦੇ ਸ਼ੈਡੋ ਬੈਂਕਾਂ ਦੇ ਸੰਕਟ ਦਾ ਕਾਰਨ ਇਨ੍ਹਾਂ ਮੁਲਕਾਂ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿਚ ਕੀਤਾ ਵਾਧਾ ਹੈ ਜਿਸ ਨੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਕਰੋਨਾ ਕਾਲ ਮਗਰੋਂ ਖਾਸਕਰ ਰੂਸ ਯੂਕਰੇਨ ਜੰਗ ਮਗਰੋਂ ਬਣੀਆਂ ਕੌਮਾਂਤਰੀ ਹਾਲਤਾਂ ਤੇ ਇਨ੍ਹਾਂ ਦੇਸ਼ਾਂ ਦੇ ਅਰਥਚਾਰੇ ਦੀਆਂ ਹਾਲਤਾਂ ਸਦਕਾ ਇੱਥੇ ਮਹਿੰਗਾਈ ਨੇ ਛੜੱਪੇ ਮਾਰ ਵਾਧਾ ਕੀਤਾ ਹੈ। ਇਸ ਮਹਿੰਗਾਈ ਉੱਤੇ ਕਾਬੂ ਪਾਉਣਾ ਇਨ੍ਹਾਂ ਦੇਸ਼ਾਂ ਦੀਆਂ ਹਕੂਮਤਾਂ ਦੀ ਲੋੜ ਬਣ ਚੁੱਕੀ ਹੈ ਕਿਉਂ ਜੋ ਮਹਿੰਗਾਈ ਦੇ ਵਿਰੋਧ ਵਿਚ ਲੋਕਾਂ ਦਾ ਰੋਹ ਖਾਸਕਰ ਜਰਮਨੀ, ਫਰਾਂਸ ਤੇ ਯੂਨਾਈਟਡ ਕਿੰਗਡਮ ਵਿਚ ਸੜਕਾਂ ਉੱਤੇ ਵੀ ਫੁੱਟਣ ਲੱਗ ਪਿਆ ਸੀ। ਮਹਿੰਗਾਈ ਨੂੰ ਕਾਬੂ ਕਰਨ ਦਾ ਇੱਕ ਤਰੀਕਾ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿਚ ਵਾਧਾ ਹੁੰਦਾ ਹੈ ਜਿਸ ਨਾਲ਼ ਕੁੱਲ ਅਰਥਚਾਰੇ ਵਿਚ ਨਿਵੇਸ਼ ਘਟਦਾ ਹੈ ਜਿਸ ਦੇ ਸਿੱਟੇ ਵਜੋਂ ਵਸਤਾਂ ਦੀ ਮੰਗ ਵਿਚ ਕਟੌਤੀ ਹੁੰਦੀ ਹੈ ਤੇ ਕੀਮਤਾਂ ਹੇਠਾਂ ਆਉਂਦੀਆਂ ਹਨ। ਵਿਆਜ ਦਰਾਂ ਵਧਾਉਣ ਦਾ ਇਹ ਹਥਿਆਰ ਦੋ ਧਾਰੀ ਹੈ ਕਿਉਂ ਜੋ ਇਸ ਨਾਲ਼ ਅਰਥਚਾਰੇ ਵਿਚ ਕੁੱਲ ਮੁਨਾਫ਼ੇ ਉੱਤੇ ਵੀ ਕਾਟ ਲੱਗਦੀ ਹੈ ਤੇ ਅਰਥਚਾਰੇ ਵਿਚ ਆਰਥਿਕ ਖੜੋਤ ਤੇ ਇੱਥੋਂ ਤੱਕ ਸੰਕਟ ਜਿਹੀ ਸਥਤਿੀ ਬਣ ਸਕਦੀ ਹੁੰਦੀ ਹੈ।

ਅਸਲ ਵਿਚ ਜੋ ਮੂਲ ਗੱਲ ਦਾ ਜਵਾਬ ਇਨ੍ਹਾਂ ਸ਼ੈਡੋ ਬੈਂਕਾਂ ਦੇ ਮਾਮਲੇ ਵਿਚ ਦੇਣਾ ਬਣਦਾ ਹੈ, ਉਹ ਇਹ ਹੈ ਕਿ ਆਖਰਕਾਰ ਇਨ੍ਹਾਂ ਸੱਟੇਬਾਜੀ ਦੇ ਕੇਂਦਰਾਂ ਦਾ ਸਰਮਾਏਦਾਰਾ ਅਰਥਚਾਰਿਆਂ ਵਿਚ ਐਨਾ ਵਿਸਥਾਰ ਕਿਉਂ ਹੋਇਆ ਹੈ? ਆਖਰ ਕੀ ਕਾਰਨ ਹੈ ਕਿ ਪੱਛਮੀ ਮੁਲਕਾਂ ਵਿਚ ਪਿਛਲੇ ਅਰਸੇ ਅੰਦਰ ਤੇ ਅਮਰੀਕਾ ਵਿਚ 2008 ਦੇ ਸੰਕਟ ਤੋਂ ਪਹਿਲਾਂ ਸਰਮਾਏਦਾਰਾਂ ਵੱਲੋਂ ਨਿਵੇਸ਼ ਦਾ ਵੱਡਾ ਹਿੱਸਾ ਪੈਦਾਵਾਰੀ ਖੇਤਰ ਦੀ ਥਾਵੇਂ ਸੱਟੇਬਾਜ਼ੀ ਵਿਚ ਲਾਇਆ ਗਿਆ ਤਾਂ ਜੋ ਵਧੇਰੇ ਮੁਨਾਫ਼ਾ ਕਮਾਇਆ ਜਾ ਸਕੇ? ਇਸ ਦੀਆਂ ਜੜ੍ਹਾਂ ਇਸ ਸਰਮਾਏਦਾਰਾ ਢਾਂਚੇ ਵਿਚ ਪਈਆਂ ਹਨ। ਸਰਮਾਏਦਾਰਾ ਪ੍ਰਬੰਧ ਵਿਚ ਪੈਦਾਵਾਰ ਦੇ ਸਾਧਨਾਂ ਉੱਤੇ ਸਰਮਾਏਦਾਰਾਂ ਦਾ ਕੰਟਰੋਲ ਹੁੰਦਾ ਹੈ। ਸਰਮਾਏਦਾਰ ਜਮਾਤ ਲਈ ਪੈਦਾਵਾਰ ਦਾ ਮੁੱਖ ਮਕਸਦ ਵਧੇਰੇ ਤੋਂ ਵਧੇਰੇ ਮੁਨਾਫ਼ਾ ਕਮਾਉਣਾ ਹੁੰਦਾ ਹੈ ਜਿਸ ਦਾ ਇੱਕੋ ਇੱਕੋ ਸਰੋਤ ਮਜ਼ਦੂਰ ਜਮਾਤ ਤੋਂ ਲੁੱਟੀ ਵਾਫ਼ਰ ਕਦਰ ਹੁੰਦੀ ਹੈ। ਸਰਮਾਏਦਾਰਾ ਅਰਥਚਾਰੇ ਦਾ ਵਜੂਦ ਸਮੋਇਆ ਨਿਯਮ ਹੈ ਕਿ ਲੰਮੇ ਦਾਅ ਵਿਚ ਅਰਥਚਾਰੇ ਅੰਦਰ ਮੁਨਾਫ਼ੇ ਦੀ ਦਰ ਨੇ ਹੇਠਾਂ ਡਿੱਗਣਾ ਹੁੰਦਾ ਹੈ, ਭਾਵੇਂ ਅਜਿਹੇ ਕਾਰਕ ਵੀ ਕੰਮ ਕਰਦੇ ਹਨ ਜੋ ਵਕਤੀ ਤੌਰ ਉੱਤੇ ਮੁਨਾਫ਼ੇ ਦੀ ਦਰ ਨੂੰ ਉੱਪਰ ਚੁੱਕ ਸਕਦੇ ਹਨ। ਮੁਨਾਫ਼ੇ ਦੀ ਦਰ ਦੇ ਇੱਕ ਹੱਦ ਤੋਂ ਵਧੇਰੇ ਡਿੱਗਣ ਮਗਰੋਂ ਕੁੱਲ ਮੁਨਾਫ਼ੇ ਵਿਚ ਗਿਰਾਵਟ ਦਰਜ ਹੁੰਦੀ ਹੈ। ਇਸੇ ਨੂੰ ਆਰਥਿਕ ਸੰਕਟ ਦਾ ਨਾਮ ਦਿੱਤਾ ਜਾਂਦਾ ਹੈ।

ਸ਼ੈਡੋ ਬੈਂਕਿੰਗ ਦੇ ਵਰਤਾਰੇ ਨੂੰ ਸਮਝਣ ਲਈ ਮੁਨਾਫ਼ੇ ਦੀ ਦਰ ਦੇ ਡਿੱਗਣ ਦੇ ਨਿਯਮ ਨੂੰ ਸਮਝਣਾ ਜ਼ਰੂਰੀ ਹੈ। ਅਸਲ ਵਿਚ ਇੱਕ ਸਮੇਂ ਮਗਰੋਂ ਜਦ ਪੈਦਾਵਾਰੀ ਖੇਤਰ ਵਿਚ ਮੁਨਾਫ਼ਾ ਵਧੇਰੇ ਤੋਂ ਵਧੇਰੇ ਡਿੱਗਦਾ ਜਾਂਦਾ ਹੈ ਤਾਂ ਸਰਮਾਏਦਾਰ ਆਪਣਾ ਮੁਨਾਫ਼ਾ ਵਧਾਉਣ ਲਈ ਕਈ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਕਰਦੇ ਹਨ ਜਿਸ ਵਿਚ ਸਰਕਾਰ ਵੱਲੋਂ ਕਰਜ਼ ਵਿਸਥਾਰ ਦੀਆਂ ਨੀਤੀਆਂ ਤੇ ਉਹਦੇ ਰਾਹੀਂ ਕੀਤੀ ਜਾਂਦੀ ਸੱਟੇਬਾਜ਼ੀ ਪ੍ਰਮੁੱਖ ਤਰੀਕਿਆਂ ਵਿਚੋਂ ਹਨ। ਸੱਟੇਬਾਜ਼ੀ ਰਾਹੀਂ ਅਜਿਹਾ ਵਿੱਤੀ ਗੁਬਾਰਾ ਫੁਲਾਇਆ ਜਾਂਦਾ ਹੈ ਜਿਸ ਦਾ ਅਰਥਚਾਰੇ ਦੀ ਅਸਲ ਸਥਤਿੀ (ਜਾਣੀ ਪੈਦਾਵਾਰੀ ਖੇਤਰ ਵਿਚ ਮੁਨਾਫ਼ੇ ਦੀ ਦਰ) ਨਾਲ਼ ਬੇਮੇਲ ਹੁੰਦਾ ਹੈ ਤੇ ਇਹ ਵਿੱਤੀ ਗੁਬਾਰਾ ਅੰਤਹੀਣ ਨਹੀਂ ਬਣਿਆ ਰਹਿ ਸਕਦਾ, ਭਾਵੇਂ ਇਹ ਵਕਤੀ ਰਾਹਤ ਦੇਣ ਵਿਚ ਸਹਾਈ ਵੀ ਹੁੰਦਾ ਹੈ ਸਗੋਂ ਇਸ ਦਾ ਇੱਕ ਨਾ ਇੱਕ ਦਿਨ ਫੁੱਟਣਾ ਲਾਜ਼ਮੀ ਹੁੰਦਾ ਹੈ (ਇਹ ਸਮਾਂ ਅੱਗੇ ਜਾਂ ਪਿੱਛੇ ਹੋ ਸਕਦਾ ਹੈ)। ਉਦਹਾਰਨ ਵਜੋਂ, ਭਾਵੇਂ ਸੱਟੇਬਾਜ਼ੀ ਰਾਹੀਂ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਮੰਗ ਰਾਹੀਂ ਉਸ ਦੀ ਸ਼ੇਅਰਾਂ ਦੀ ਕੀਮਤ ਕਾਫੀ ਉੱਚੀ ਚੁੱਕੀ ਜਾ ਸਕਦੀ ਹੈ ਪਰ ਅੰਤ ਵਿਚ ਇਨ੍ਹਾਂ ਸ਼ੇਅਰਾਂ ਉੱਤੇ ਭੁਗਤਾਨ ਉਸ ਦੇ ਅਸਲ ਮੁਨਾਫਿਆਂ ਉੱਤੇ ਨਿਰਭਰ ਕਰਦਾ ਹੈ। ਪੈਦਾਵਾਰ ਵਿਚੋਂ ਮੁਨਾਫਿਆਂ ਦੀ ਤੋਟ ਨੂੰ ਭਰਨ ਲਈ ਸਰਕਾਰ ਸਰਮਾਏਦਾਰਾਂ ਨੂੰ ਸਸਤੇ ਕਰਜ਼ੇ ਉਪਲਬਧ ਕਰਵਾਉਂਦੀ ਹੈ ਜਿਸ ਦਾ ਵੱਡਾ ਹਿੱਸਾ ਸਰਮਾਏਦਾਰ ਪੈਦਾਵਾਰੀ ਖੇਤਰ ਵਿਚ ਮੁਨਾਫਿਆਂ ਦੀ ਤੋਟ ਸਦਕਾ ਸੱਟੇਬਾਜ਼ੀ ਉੱਤੇ ਲਗਾ ਦਿੰਦੇ ਹਨ, ਭਾਵੇਂ ਇੱਕ ਹਿੱਸਾ ਪੈਦਾਵਾਰੀ ਖੇਤਰ ਵਿਚ ਵੀ ਨਿਵੇਸ਼ ਕਰਦੇ ਹਨ। ਕੁੱਲ ਮਿਲ਼ਾ ਕੇ ਵਧੇਰੇ ਤੋਂ ਵਧੇਰੇ ਸਰਮਾਏਦਾਰਾਂ ਵੱਲੋਂ ਸੱਟੇਬਾਜ਼ੀ ਰਾਹੀਂ ਮੁਨਾਫ਼ੇ ਕਮਾਉਣ ਦਾ ਢੰਗ ਇਸੇ ਲਈ ਅਪਣਾਇਆ ਜਾਂਦਾ ਹੈ ਕਿਉਂ ਜੋ ਪੈਦਾਵਾਰੀ ਖੇਤਰ ਵਿਚ ਮੁਨਾਫ਼ੇ ਦੀ ਦਰ ਕਾਫੀ ਡਿੱਗ ਚੁੱਕੀ ਹੁੰਦੀ ਹੈ।

ਦੂਜੀ ਸੰਸਾਰ ਜੰਗ ਮਗਰੋਂ ਸਰਮਾਏਦਾਰਾਂ ਦੀਆਂ ਚਾਕਰ ਸਰਕਾਰਾਂ ਵੱਲੋਂ ਆਪਣਾਈਆਂ ਕਰਜ਼ ਵਿਸਥਾਰ ਦੀਆਂ ਨੀਤੀਆਂ ਰਾਹੀਂ ਕਈ ਦੇਸ਼ਾਂ ਵਿਚ ਲੰਮੇ ਸਮੇਂ ਤੋਂ ਆਰਥਿਕ ਸੰਕਟ ਟਲ਼ਿਆ ਰਿਹਾ, ਭਾਵੇਂ ਵਿਚ ਵਿਚ ਇਸਦੇ ਫੁਟਾਰੇ ਵੀ ਹੁੰਦੇ ਗਏ। ਇਸ ਤੋਂ ਕਈ ਆਰਥਿਕ ਮਾਹਿਰਾਂ ਵਿਚ ਇਹ ਭੁਲੇਖਾ ਵੀ ਸਿਰਜਿਆ ਗਿਆ ਕਿ ਸਰਮਾਏਦਾਰਾ ਢਾਂਚਾ ਆਰਥਿਕ ਸੰਕਟ ਤੋਂ ਮੁਕਤ ਹੋ ਸਕਦਾ ਹੈ। 2008 ਦੇ ਸੰਕਟ ਤੇ ਪੱਛਮੀ ਦੇਸ਼ਾਂ ਦੀ ਇਸ ਸਮੇਂ ਦੀ ਆਰਥਿਕ ਸਥਤਿੀ ਨੇ ਅਜਿਹੇ ਭੁਲੇਖਿਆਂ ਦੀ ਹਕੀਕਤ ਸਾਫ ਉਜਾਗਰ ਕਰ ਦਿੱਤੀ ਹੈ। ਵੱਖੋ-ਵੱਖ ਪੱਛਮੀ ਦੇਸ਼ਾਂ ਦੇ ਮੁਲਕਾਂ ਵਿਚ ਆਰਥਿਕ ਖੜੋਤ ਤੇ ਸੰਕਟ ਜਿਹੀ ਹਾਲਤ ਬਣੀ ਹੋਈ ਹੈ। ਅਰਥਚਾਰੇ ਦੀ ਇਹ ਹਾਲਤ ਵਧਦੀ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਆਦਿ ਰਾਹੀਂ ਲੋਕਾਈ ਉੱਤੇ ਦੁੱਖਾਂ-ਤਕਲੀਫ਼ਾਂ ਦਾ ਬੋਝ ਦੂਣ-ਸਵਾਇਆ ਕਰ ਰਹੀ ਹੈ। ਨਾਲ਼ ਹੀ ਅਰਥਚਾਰੇ ਦੀ ਇਹ ਹਾਲਤ ਲੋਕਾਈ ਅੱਗੇ ਇਸ ਜਰਜਰ ਢਾਂਚੇ ਦੀ ਅਸਲੀਅਤ ਨੂੰ ਵੀ ਨੰਗਾ ਕਰ ਰਹੀ ਹੈ। ਲੋਕਾਂ ਦੇ ਰੋਹ ਦਾ ਫੁਟਾਰਾ ਪਿਛਲੇ ਸਾਲ ਡੇਢ ਸਾਲ ਦੌਰਾਨ ਇਨ੍ਹਾਂ ਦੇਸ਼ਾਂ ਵਿਚ ਵੱਖੋ-ਵੱਖ ਰੂਪਾਂ ਵਿਚ ਹੁੰਦਾ ਰਿਹਾ ਹੈ। ਸਰਮਾਏਦਾਰੀ ਦੇ ਅਖੌਤੀ ਆਦਰਸ਼ ਮੁਲਕਾਂ ਵਿਚ ਵੀ ਲੋਕਾਈ ਇਸ ਦੇ ਲੋਕ ਵਿਰੋਧੀ ਖ਼ਾਸੇ ਨੂੰ ਸਮਝਣ ਤੇ ਇਸ ਖਿਲਾਫ ਲੜਨ ਲਈ ਮੁੜ ਸਰਗਰਮ ਹੋ ਰਹੀ ਹੈ।