ਸਰਕਾਰ ਨੇ ਕਿਸਾਨਾਂ ਨੂੰ ਚਾਲੀ ਦੀ ਥਾਂ ਚਾਰ-ਚਾਰ ਹਜ਼ਾਰ ਦੇ ਚੈੱਕ ਵੰਡੇ: ਸੁਖਬੀਰ

ਸਰਕਾਰ ਨੇ ਕਿਸਾਨਾਂ ਨੂੰ ਚਾਲੀ ਦੀ ਥਾਂ ਚਾਰ-ਚਾਰ ਹਜ਼ਾਰ ਦੇ ਚੈੱਕ ਵੰਡੇ: ਸੁਖਬੀਰ

ਆਜ਼ਾਦੀ ਦਿਵਸ ਮੌਕੇ ਵੰਡੇ ਚੈੱਕ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ; ਸਰਕਾਰੀ ਨੁਮਾਇੰਦਿਆਂ ਨੂੰ ਪਿੰਡ ’ਚ ਦਾਖਲ ਨਾ ਹੋਣ ਦੇਣ ਦੀ ਅਪੀਲ
ਦੇਵੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਹੜ੍ਹਾਂ ਕਾਰਨ ਪੰਜਾਬ ਵਿੱਚ ਫ਼ਸਲਾਂ, ਘਰਾਂ, ਪਸ਼ੂਆਂ ਅਤੇ ਮਨੁੱਖੀ ਜਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲੇ ਤਕ ਕਿਸਾਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਦਕਿ ਮੁੱਖ ਮੰਤਰੀ ਨੇ ਬਹੁਤ ਵਾਰ ਹੜ੍ਹਾਂ ਨਾਲ ਹੋਏ ਖ਼ਰਾਬੇ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਜਿਸ ਕਰਕੇ ਪੰਜਾਬ ਦੇ ਲੋਕ ਬਹੁਤ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਹ ਮੁਆਵਜ਼ਾ ਨਹੀਂ ਮਿਲਦਾ ਉਦੋਂ ਤੱਕ ਅਕਾਲੀ ਦਲ ਰੋਸ ਧਰਨਿਆਂ ਦਾ ਸਿਲਸਿਲਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਫਸਲਾਂ ਤੋਂ ਇਲਾਵਾ ਹੜ੍ਹਾਂ ਨਾਲ ਮਰੀਆਂ ਮੁਰਗੀਆਂ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਅੱਜ ਤੱਕ ਕਿਸੇ ਕਿਸਾਨ ਨੂੰ ਇੱਕ ਪੈਸਾ ਵੀ ਮੁਆਵਜ਼ੇ ਦਾ ਨਹੀਂ ਮਿਲਿਆ। ਪੰਦਰਾਂ ਅਗਸਤ ਨੂੰ ਉਨ੍ਹਾਂ ਜੋ ਚੈੱਕ ਦਿੱਤੇ ਸਨ ਉਨ੍ਹਾਂ ਦੇ ਲਿਫਾਫੇ ਉੱਤੇ 40 ਹਜ਼ਾਰ ਰੁਪਏ ਲਿਖਿਆ ਸੀ ਪਰ ਅੰਦਰ ਚੈੱਕ ਸਿਰਫ 4 ਹਜ਼ਾਰ ਰੁਪਏ ਦੇ ਨਿਕਲੇ ਜੋ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਕਾਰ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤਾਂ ਕਿ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ।

ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ ਅਕਾਲੀ ਸਰਕਾਰ ਸਮੇਂ ਹੀ ਹੋਇਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਪੰਜਾਬ ਦਾ ਵਿਨਾਸ਼ ਹੀ ਹੋਇਆ ਹੈ। ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ ਉਦੋਂ ਤੱਕ ਲੋਕ ਸਰਕਾਰ ਦੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ। ਉਨ੍ਹਾਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਫੌਰੀ ਤੌਰ ’ਤੇ ਜਾਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੱਤ ਸਾਲ ਸੰਸਦ ’ਚ ਰਹਿ ਕੇ ਭਗਵੰਤ ਮਾਨ ਨੇ ਘੱਗਰ ਦੇ ਹੱਲ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ। ਇਸੇ ਦੌਰਾਨ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਣ ਤੱਕ ਸੜਕਾਂ ਤੱਕ ਜਾਮ ਕਰਨਗੇ।
ਹੜ੍ਹਾਂ ਵਰਗੇ ਸੰਜੀਦਾ ਮਾਮਲੇ ’ਤੇ ਰਾਜਨੀਤੀ ਨਾ ਕਰਨ ਅਕਾਲੀ: ਪਠਾਣਮਾਜਰਾ

ਪਟਿਆਲਾ (ਖੇਤਰੀ ਪ੍ਰਤੀਨਿਧ): ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਕਿਹਾ ਕਿ ਹੜ੍ਹਾਂ ਵਰਗੇ ਸੰਜੀਦਾ ਮਸਲੇ ’ਤੇ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਹਲਕਾ ਸਨੌਰ ਦੇ ਦੇਵੀਗੜ੍ਹ ਵਿੱਚ ਦਿੱਤੇ ਧਰਨੇ ਸਬੰਧੀ ਅਕਾਲੀ ਦਲ ’ਤੇ ਰਾਜਨੀਤੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੀ ਇਹ ਕਾਰਵਾਈ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਅਕਾਲੀਆਂ ਦੀ ਖੇਡ ਹੋਰ ਵਿਗਾੜ ਰਹੀ ਹੈ ਕਿਉਂਕਿ ਲੋਕਾਂ ਨੂੰ ਗੁਮਰਾਹ ਜਾਂ ਭਰਮਾਉਣ ਵਾਲੇ ਦਿਨ ਹੁਣ ਬੀਤ ਚੁੱੱਕੇ ਹਨ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਘੱਗਰ ਅਤੇ ਟਾਂਗਰੀ ਨਦੀ ਦੇ ਵੱਟ ਕੱਢਣ ਦੇ ਨਾਮ ’ਤੇ ਵੋਟਾਂ ਬਟੋਰ ਕੇ ਇਸ ਖੇਤਰ ਦੇ ਵਿਧਾਇਕ ਵਜੋਂ 1985 ’ਚ ਵਜ਼ੀਰ ਅਤੇ 1996 ਅਤੇ 1998 ’ਚ ਐਮ.ਪੀ ਬਣਨ ਵਾਲ਼ੇ ਪ੍ਰੇਮ ਸਿੰਘ ਚੰਦੂਮਾਜਰਾ ਦੱਸਣ ਕਿ ਉਨ੍ਹਾਂ ਨੇ 38 ਸਾਲਾਂ ’ਚ ਇਲਾਕੇ ’ਚ ਹੜ੍ਹਾਂ ਦੀ ਰੋਕਥਾਮ ਯਕੀਨੀ ਬਣਾਉਣ ਲਈ ਕੀ ਕੀਤਾ ਹੈ। ਹਾਲਾਂ ਕਿ ਹਲਕੇ ਨੇ ਪਿਛਲੀ ਵਾਰ ਉਨ੍ਹਾਂ ਦੇ ਲੜਕੇ ਹਰਿੰਦਰਪਾਲ ਚੰਦੂਮਾਜਰਾ ਨੂੰ ਵੀ ਵਿਧਾਇਕ ਬਣਾ ਕੇ ਨਿਵਾਜਿਆ ਪਰ ਕਾਰਗੁਜ਼ਾਰੀ ਸਿਫਰ ਰਹਿਣ ਕਰਕੇ ਲੋਕਾਂ ਨੇ ਲਾਂਭੇ ਕਰ ਦਿੱਤਾ।