ਸਰਕਾਰੀ ਸਕੂਲਾਂ ’ਚ ਮੁਹੱਈਆ ਹੋਵੇਗਾ ਬੁਨਿਆਦੀ ਢਾਂਚਾ: ਨਿੱਝਰ

ਸਰਕਾਰੀ ਸਕੂਲਾਂ ’ਚ ਮੁਹੱਈਆ ਹੋਵੇਗਾ ਬੁਨਿਆਦੀ ਢਾਂਚਾ: ਨਿੱਝਰ

ਕੈਬਨਿਟ ਮੰਤਰੀ ਨੇ ਸ਼ਹੀਦ ਗੁਰਮੀਤ ਸਿੰਘ ਸਰਕਾਰੀ ਸਕੂਲ ’ਚ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ- ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਸ਼ਹੀਦ ਗੁਰਮੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ (ਲੜਕੀਆਂ) ’ਚ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਅਕਾਦਮਿਕ ਅਤੇ ਵੱਖ-ਵੱਖ ਗੈਰ ਅਕਾਦਮਿਕ ਮੁਕਾਬਲਿਆਂ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਜੇਤੂ ਰਹਿਣ ’ਤੇ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਤੋਂ ਇਲਾਵਾ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ ਵੀ ਉਨ੍ਹਾਂ ਨੂੰ ਬਹੁਤ ਅੱਗੇ ਸਫ਼ਲਤਾ ਵੱਲ ਲੈ ਕੇ ਜਾਵੇਗਾ ਅਤੇ ਉਹ ਆਪਣੇ ਵਿਵਹਾਰ ਨੂੰ ਐਨਾ ਚੰਗਾ ਬਣਾਉਣ ਕਿ ਉਨ੍ਹਾਂ ਦਾ ਕਿਰਦਾਰ ਉੱਚਾ ਹੋਵੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜੁਗਰਾਜ ਸਿੰਘ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਚੀਫ਼ ਖ਼ਾਲਸਾ ਦੀਵਾਨ ਬਟਾਲਾ ਵਿੱਚ ਸਥਾਪਤ ਕਰੇਗਾ ਵਿਸ਼ਵ ਪੱਧਰੀ ਸਕੂਲ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਇਥੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਅਧੀਨ 50 ਸਕੂਲ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ ਅਤੇ ਇਸ ਲੜੀ ਵਿਚ ਵਾਧਾ ਕਰਦਿਆਂ ਹੁਣ ਚੀਫ਼ ਖ਼ਾਲਸਾ ਦੀਵਾਨ ਅਧੀਨ ਬਟਾਲਾ ਵਿੱਚ ਡੇਢ ਏਕੜ ਜ਼ਮੀਨ ’ਤੇ ਛੇਤੀ ਹੀ ਤਿੰਨ ਮੰਜ਼ਿਲਾ ਇਕ ਵਿਸ਼ਵ ਪੱਧਰੀ ਸਕੂਲ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਕੁਆਲਿਟੀ ਐਜੂਕੇਸ਼ਨ ਅਤੇ ਹੋਰਾਂ ਸਹੂਲਤਾਂ ਪੱਖੋਂ ਉੱਚ ਤਕਨੀਕੀ ਅਤੇ ਇੰਟਰਨੈਸ਼ਨਲ ਪੱਧਰ ਦਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿਚ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦਿਆਂ ਉਨ੍ਹਾਂ ਨੂੰ ਗਲੋਬਲ ਪੱਧਰ ਦੀ ਵਿਦਿਆ ਦਿੱਤੀ ਜਾਵੇਗੀ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸਮੂਹ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਇਹ ਨਵਾਂ ਸਕੂਲ ਚੀਫ਼ ਖ਼ਾਲਸਾ ਦੀਵਾਨ ਦੇ ਸਕੂਲਾਂ ਦੀ ਲੜੀ ਵਿਚ ਵਾਧਾ ਕਰਦਿਆਂ ਦੀਵਾਨ ਦਾ ਮਾਣ ਹੋਰ ਵੀ ਵਧਾਏਗਾ।