ਸਮੇਂ ਦੀ ਫਿਟਕਾਰ

ਸਮੇਂ ਦੀ ਫਿਟਕਾਰ

ਵਰਿੰਦਰ ਸਿੰਘ ਵਾਲੀਆ

ਭਾਵਪੂਰਤ ਫੋਟੋਗ੍ਰਾਫੀ ਨੂੰ ਉਤਸ਼ਾਹਤ ਕਰਨ ਲਈ 1955 ਵਿਚ ਬਣੀ ਨੀਦਰਲੈਂਡ ਸਥਿਤ ਆਲਮੀ ਸੰਸਥਾ ‘ਦਿ ਵਰਲਡ ਪ੍ਰੈੱਸ ਫੋਟੋ ਫਾਊਂਡੇਸ਼ਨ’ ਨੇ ਭੂਆ-ਭਤੀਜੀ ਦੀ ਦਿਲ ਦਹਿਲਾਉਣ ਵਾਲੀ ਤਸਵੀਰ ਨੂੰ ਸਾਲ 2023-24 ਦੀ ਬਿਹਤਰੀਨ ਫੋਟੋਗ੍ਰਾਫ ਵਜੋਂ ਚੁਣਿਆ ਹੈ। ਰੌਂਗਟੇ ਖੜ੍ਹੇ ਕਰਨ ਵਾਲੀ ਉਪਰੋਕਤ ਤਸਵੀਰ ਰਾਈਟਰਜ਼ ਦੇ 39 ਸਾਲਾ ਨਾਮਵਰ ਫਲਸਤੀਨੀ ਫੋਟੋ ਜਰਨਲਿਸਟ ਮੁਹੰਮਦ ਸਲੇਮ ਨੇ 17 ਅਕਤੂਬਰ 2023 ਨੂੰ ਦੱਖਣੀ ਗਾਜ਼ਾ ਪੱਟੀ ਦੇ ਨਾਸਰ ਹਸਪਤਾਲ ਦੇ ਬਰਾਮਦੇ ਵਿਚ ਖਿੱਚੀ ਸੀ। ਇਜ਼ਰਾਈਲ ਵੱਲੋਂ ਦਾਗੇ ਗਏ ਰਾਕਟ ਲਾਂਚਰਾਂ ਨੇ ਹਸਪਤਾਲ ਵਿਚ ਲੋਥਾਂ ਵਿਛਾ ਦਿੱਤੀਆਂ ਸਨ। ਹਸਪਤਾਲ ਦਾ ਮੰਜ਼ਿਰ ਬੇਹੱਦ ਕਰੁਣਾਮਈ ਸੀ।
ਰਿਸ਼ਤੇਦਾਰ ਤੇ ਸੱਜਣ-ਬੇਲੀ ਹਸਪਤਾਲ ਦੇ ਮੁਰਦਾਘਾਟ ਵਿਚ ਆਪਣਿਆਂ ਦੀ ਪਛਾਣ ਕਰਨ ਲਈ ਏਧਰ-ਓਧਰ ਭਟਕ ਰਹੇ ਸਨ। ਬਰਾਮਦੇ ਵਿਚ ਅਬੂ ਮਾਮਾਰ ਨਾਂ ਦੀ 36 ਸਾਲਾ ਬੁਰਕਾਧਾਰੀ ਔਰਤ ਆਪਣੀ ਪੰਜ ਸਾਲਾ ਕੱਫਣ ਵਿਚ ਲਪੇਟੀ ਨੰਨ੍ਹੀ ਭਤੀਜੀ ਸੈਲੀ ਨੂੰ ਮੋਢੇ ਨਾਲ ਲਾਈ ਝੂਲਾ ਦਿੰਦਿਆਂ ਹਟਕੋਰੇ ਲੈ ਰਹੀ ਸੀ। ਨਿਸ਼ਚੇ ਹੀ ਇਹ ਫੋਟੋ ਸਮੇਂ ਦੀ ਪਾਈ ਫਿਟਕਾਰ ਦਾ ਅਨੁਵਾਦ ਕਰਦੀ ਹੈ। ਇਸ ਤਸਵੀਰ ਦੀ ਖਿੜਕੀ ਰਾਹੀਂ ਗਾਜ਼ਾ ਪੱਟੀ ਵਿਚ ਹੋ ਰਹੇ ਨਰਸੰਘਾਰ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪੱਤਰਕਾਰੀ ਦੀ ਰਵਾਇਤੀ ਪਰਿਭਾਸ਼ਾ ਵਿਚ ਇਕ ਭਾਵਪੂਰਤ ਤਸਵੀਰ ਹਜ਼ਾਰ ਸ਼ਬਦਾਂ ਦੇ ਤੁੱਲ ਗਿਣੀ ਜਾਂਦੀ ਸੀ। ਇਲੈਕਟ?ਰਾਨਿਕ ਮੀਡੀਆ ਦੀ ਆਮਦ ਤੋਂ ਬਾਅਦ ਇਸ ਪਰਿਭਾਸ਼ਾ ਨੂੰ ਨਿਰਾਰਥਕ ਸਮਝਿਆ ਜਾਣ ਲੱਗਾ। ਮੂਕ ਤਸਵੀਰਾਂ ਦਾ ਸਮਾਂ ਜਿਵੇਂ ਬੀਤ ਗਿਆ ਜਾਪਦਾ ਸੀ।
ਮੁਹੰਮਦ ਸਲੇਮ ਦੇ ਕੈਮਰੇ ਦੀ ਅੱਖ ਦੱਸਦੀ ਹੈ ਕਿ ਤਸਵੀਰਾਂ ਅਜੇ ਵੀ ਬਹੁਤ ਕੁਝ ਬੋਲਦੀਆਂ ਹਨ। ਅਜਿਹੀਆਂ ਤਸਵੀਰਾਂ ਵੇਖ ਕੇ ਪੀੜ-ਪੀੜ ਹੋਏ ਦਿਲ ਖ਼ੌਲਦੇ ਹਨ। ਤਸਵੀਰ ਦੇ ਆਰ-ਪਾਰ ਗਾਜ਼ਾ ਪੱਟੀ ਵਿਚ ਵਹਿੰਦੇ ਖ਼ੂਨ ਦੇ ਦਰਿਆ ਨੂੰ ਤੱਕਿਆ ਜਾ ਸਕਦਾ ਹੈ। ਬਹੁਤ ਕੁਝ ਅਮੂਰਤ ਹੁੰਦਾ ਹੈ ਜਿਸ ਨੂੰ ਅੱਖਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜਾਂ ਇੰਜ ਕਹਿ ਲਓ ਕਿ ਅਮੂਰਤਤਾ ਦਾ ਅੱਖਰਕਾਰੀ ਚਿਤ੍ਰਣ ਹਮੇਸ਼ਾ ਅਧੂਰਾ ਰਹਿ ਜਾਂਦਾ ਹੈ। ਭਾਵੁਕ ਤਰੰਗਾਂ ਦਾ ਆਕ੍ਰੋਸ਼ੀ ਵਰਣਨ ਕਰਨ ਲਈ ਮੂਕ ਤਸਵੀਰਾਂ ਕਾਰਗਰ ਮਾਧਿਅਮ ਹਨ ਬਸ਼ਰਤੇ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਜ਼ਾਵੀਏ ਤੋਂ ਖਿੱਚਿਆ ਜਾਵੇ। ਕੱਫ਼ਨ ਵਿਚ ਲਿਪਟੀ ਭਤੀਜੀ ਤੇ ਬੁਰਕਾਧਾਰੀ ਭੂਆ ਦੇ ਚਿਹਰੇ ਤਸਵੀਰ ਵਿਚ ਦਿਖਾਈ ਨਹੀਂ ਦਿੰਦੇ। ਇਸ ਦੇ ਬਾਵਜੂਦ ਭੂਆ ਦੇ ਦਿਲ ਦੀਆਂ ਤੈਹਾਂ ਨੂੰ ਵਾਚਿਆ ਜਾ ਸਕਦਾ ਹੈ। ਤਸਵੀਰ ਅਸਹਿਜ ਕਰਦੀ ਹੈ। ਸੰਵੇਦਨਾ ਨੂੰ ਟੁੰਬਣਾ ਹੀ ਇਸ ਫੋਟੋ ਦਾ ਮਕਸਦ ਹੈ। ਤਸਵੀਰ ਦੀਆਂ ਕਈ ਪਰਤਾਂ ਹਨ।
ਹਰ ਪਰਤ ਫਰੋਲਣ ਨਾਲ ਨਵੀਂ ਗਾਥਾ ਦ੍ਰਿਸ਼ਟੀਗੋਚਰ ਹੁੰਦੀ ਹੈ। ਤਸਵੀਰ ਦੀ ਬਦੌਲਤ ਗਾਜ਼ਾ ਪੱਟੀ ਵਿਚ ਹੋ ਰਹੇ ਮਨੁੱਖਤਾ ਦੇ ਘਾਣ ਤੋਂ ਪਰਦਾ ਉੱਠਦਾ ਹੈ। ਇਜ਼ਰਾਈਲ-ਹਮਾਸ ਦੀ ਜੰਗ ਨੇ ਹੁਣ ਤੱਕ ਜਿੱਥੇ ਹਜ਼ਾਰਾਂ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ, ਓਥੇ ਸੌ ਤੋਂ ਵੱਧ ਪੱਤਰਕਾਰਾਂ/ਫੋਟੋ ਜਰਨਲਿਸਟਾਂ ਨੇ ਵੀ ਸ਼ਹਾਦਤ ਪਾਈ ਹੈ। ਮੈਦਾਨ-ਏ-ਜੰਗ ਵਿਚ ਪੱਤਰਕਾਰੀ ਸੀਸ ਤਲੀ ’ਤੇ ਰੱਖ ਕੇ ਹੀ ਕੀਤੀ ਜਾ ਸਕਦੀ ਹੈ।
ਆਜ਼ਾਦਾਨਾ ਪੱਤਰਕਾਰੀ, ‘ਇੰਬੈਡਡ ਪੱਤਰਕਾਰੀ’ ਤੋਂ ਬਿਲਕੁਲ ਵੱਖਰੀ ਹੁੰਦੀ ਹੈ। ਇੰਬੈਡਡ ਪੱਤਰਕਾਰ ਉਹ ਹੁੰਦੇ ਹਨ ਜੋ ਕਿਸੇ ਹਮਲਾਵਰ ਦੇਸ਼ ਦੀ ਫ਼ੌਜ ਨਾਲ ਨੱਥੀ ਹੋ ਕੇ ਪੱਤਰਕਾਰੀ ਕਰਦੇ ਹਨ। ਇਨ੍ਹਾਂ ਨੂੰ ਸੁਰੱਖਿਆ ਛੱਤਰੀ ਇਸ ਲਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਹਮਲਾਵਰ ਦੇਸ਼ ਲਈ ਰਿਪੋਰਟਿੰਗ ਕਰਨ। ਇੰਬੈਡਡ ਪੱਤਰਕਾਰ ਦੁਨੀਆ ਨੂੰ ਉਹੀ ਪਰੋਸਦੇ ਹਨ ਜੋ ਹਮਲਾਵਰ ਦੇਸ਼ ਚਾਹੁੰਦਾ ਹੈ। ਫ਼ੌਜ ਨਾਲ ਨੱਥੀ ਹੋ ਕੇ ਪੱਤਰਕਾਰੀ ਕਰਨਾ ਭਾਵੇਂ ਕੋਈ ਨਵੀਂ ਗੱਲ ਨਹੀਂ ਪਰ ਵੀਹਵੀਂ ਸਦੀ ਵਿਚ ਅਮਰੀਕਾ ਨੇ ਇਸ ਨੂੰ ਖ਼ੂਬ ਵਰਤਿਆ।
ਅਜਿਹੇ ਪੱਤਰਕਾਰ ਸਿਆਹ ਖੁੰਦਰਾਂ ਵਿਚ ਦੀਵੇ ਨਹੀਂ ਜਗਾਉਂਦੇ। ਸੰਵੇਦਨਾ ਨੂੰ ਝੰਜੋੜਨਾ ਉਨ੍ਹਾਂ ਦੇ ਵਸ ਦੀ ਗੱਲ ਨਹੀਂ ਹੁੰਦੀ। ਅੱਖਾਂ ਵਿਚ ਟੀਰ ਲੈ ਕੇ ਉਹ ਤਿੜਕਿਆ ਸੱਚ ਪ੍ਰਸਤੁਤ ਕਰਦੇ ਹਨ। ਇੰਬੈਡਡ ਜਰਨਲਿਜ਼ਮ ਦੀ ਤਾਜ਼ਾ-ਤਰੀਨ ਉਦਾਹਰਨ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਵੇਖਣ ਵਿਚ ਆਈ ਸੀ। ਅਮਰੀਕਾ ਵੱਲੋਂ ਸੰਨ 2003 ਵਿਚ ਇਰਾਕ ’ਤੇ ਕੀਤੇ ਗਏ ਹਮਲੇ ਵਿਚ ਨੱਥੀ ਪੱਤਰਕਾਰਾਂ ਦੇ ਟੋਲਿਆਂ ਨੇ ਉਹੀ ਕੁਝ ਦਿਖਾਇਆ ਜੋ ‘ਸੁਪਰ ਪਾਵਰ’ ਚਾਹੁੰਦੀ ਸੀ।
ਹਮਲੇ ਵਿਚ ਮਨੁੱਖਤਾ ਦਾ ਹੋਇਆ ਘਾਣ ਸਹਿਜੇ ਹੀ ਛੁਪਾ ਲਿਆ ਗਿਆ। ਇਸ ਦੇ ਉਲਟ ਗਾਜ਼ਾ ਪੱਟੀ ਵਿਚ ਹੋ ਰਹੇ ਖ਼ੂਨ-ਖ਼ਰਾਬੇ ਨੂੰ ਕਵਰ ਕਰਨ ਲਈ ਕਈ ਪੱਤਰਕਾਰ ਆਪਣੀ ਜਾਨ ਜੋਖ਼ਮ ਵਿਚ ਪਾ ਰਹੇ ਹਨ। ਮੁਹੰਮਦ ਸਲੇਮ ਉਨ੍ਹਾਂ ਚੰਦ ਪੱਤਰਕਾਰਾਂ/ਫੋਟੋ ਜਰਨਲਿਸਟਾਂ ’ਚੋਂ ਇਕ ਹੈ। ਸੰਨ 1985 ਵਿਚ ਜਨਮੇ ਸਲੇਮ ਨੇ ਗਾਜ਼ਾ ਯੂਨੀਵਰਸਿਟੀ ਤੋਂ ਮੀਡੀਆ ਦੀ ਡਿਗਰੀ ਹਾਸਲ ਕੀਤੀ ਸੀ। ਸਲੇਮ ਦੇ ਸਾਥੀ ਉਸ ਨੂੰ ਕੈਮਰੇ ਵਾਲਾ ਗੁਰੀਲਾ ਕਹਿੰਦੇ ਹਨ। ਦਹਿਸ਼ਤ ਤੇ ਵਹਿਸ਼ਤ ਦੇ ਸਾਏ ਹੇਠ ਜੰਮੇ-ਪਲੇ ਸਲੇਮ ਨੇ ਮੌਤ ਨੂੰ ਸਦਾ ਟਿੱਚ ਜਾਣਿਆ ਹੈ।
ਗਾਜ਼ਾ ਪੱਟੀ ਭੂ-ਮੱਧ ਸਾਗਰ ਦੇ ਪੂਰਬੀ ਤੱਟ ’ਤੇ ਪੈਂਦਾ ਹੈ। ਮਿਸਰ ਨਾਲ ਇਸ ਦੀ ਗਿਆਰਾਂ ਕਿੱਲੋਮੀਟਰ ਤੇ ਇਜ਼ਰਾਈਲ ਨਾਲ 51 ਕਿੱਲੋਮੀਟਰ ਲੰਬੀ ਸਰਹੱਦ ਹੈ। ਇਕਤਾਲੀ ਕਿੱਲੋਮੀਟਰ ਲੰਬੀ ਤੇ ਬਾਰਾਂ ਕੁ ਕਿੱਲੋਮੀਟਰ ਚੌੜੀ 365 ਵਰਗ ਕਿੱਲੋਮੀਟਰ ਦੀ ਗਾਜ਼ਾ ਪੱਟੀ ਕਈ ਵਰਿ੍ਹਆਂ ਤੋਂ ਖ਼ੂਨ ਨਾਲ ਰੰਗੀ ਜਾਂਦੀ ਰਹੀ ਹੈ। ਸੁੰਨੀ ਮੁਸਲਮਾਨਾਂ ਦੀ ਬਹੁਤਾਤ ਵਾਲੇ ਇਸ ਖੇਤਰ ਵਿਚ ਸ਼ਾਂਤੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਗਾਜ਼ਾ ਪੱਟੀ ਨੂੰ ਦੁਨੀਆ ਦੇ ਸਭ ਤੋਂ ਘਣਤਾ ਵਾਲੇ ਖੇਤਰਾਂ ਵਿਚ ਗਿਣਿਆ ਜਾਂਦਾ ਹੈ। ਇੱਥੋਂ ਦੀ ਬਹੁ-ਸੰਖਿਆ ਕੁਪੋਸ਼ਣ ਦਾ ਸ਼ਿਕਾਰ ਹੈ।
ਆਲਮੀ ਇਮਦਾਦ ਨਾਲ ਹੀ ਹਸਪਤਾਲ ਤੇ ਸਕੂਲ ਆਦਿ ਚੱਲਦੇ ਹਨ। ਅਜਿਹੀਆਂ ਪ੍ਰਸਥਿਤੀਆਂ ਵਿਚ ਜਨਮਿਆ ਸਲੇਮ ਆਪਣੇ ਲੋਕਾਂ ਦੇ ਦੁੱਖਾਂ-ਦਰਦਾਂ ਦੀ ਭਾਸ਼ਾ ਸਮਝਦਾ ਹੈ। ਸੱਤ ਅਕਤੂਬਰ ਨੂੰ ਈਰਾਨ ਦੀ ਸ਼ਹਿ ’ਤੇ ਹਮਾਸ ਵੱਲੋਂ ਇਜ਼ਰਾਈਲ ’ਤੇ ਰਾਕਟਾਂ/ਮਿਜ਼ਾਈਲਾਂ ਨਾਲ ਕੀਤੇ ਅਚਾਨਕ ਤਾਬੜਤੋੜ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਦੇ ਵਸਨੀਕਾਂ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ। ਸੰਨ 1948 ਵਿਚ ਬਣੇ ਇਜ਼ਰਾਈਲ ਦਾ ਐਲਾਨੀਆ ਨਾਅਰਾ ਹੈ, ‘‘ਅਸੀਂ ਨਾ ਭੁੱਲਦੇ ਹਾਂ ਤੇ ਨਾ ਬਖ਼ਸ਼ਦੇ ਹਾਂ।’’ ਮੁਸਲਮਾਨ ਦੇਸ਼ਾਂ ਵਿਚ ਘਿਰਿਆ ਹੋਣ ਦੇ ਬਾਵਜੂਦ ਇਜ਼ਰਾਈਲ ਆਪਣੇ ਵੈਰੀਆਂ ਨੂੰ ਅੱਖਾਂ ਕੱਢਦਾ ਆਇਆ ਹੈ। ਯਹੂਦੀ ਉਹ ਕੌਮ ਹੈ ਜਿਸ ਨੇ ਸਦੀਆਂ ਤੋਂ ਅੰਤਾਂ ਦਾ ਸੰਤਾਪ ਝੱਲਿਆ ਹੈ। ਇਹ ਉਹ ਕੌਮ ਹੈ ਜਿਸ ਨੂੰ ਸਦੀਆਂ ਤੱਕ ਸਭ ਤੋਂ ਵੱਧ ਕੁੱਟਿਆ ਤੇ ਲੁੱਟਿਆ ਗਿਆ।
ਹਿਟਲਰ ਵੇਲੇ ਨਾਜ਼ੀਆਂ ਨੇ ਗੈਸ ਚੈਂਬਰਾਂ ਵਿਚ ਸੁੱਟ ਕੇ ਲੱਖਾਂ ਯਹੂਦੀਆਂ ਨੂੰ ਮਾਰ-ਮੁਕਾਇਆ ਸੀ। ਈਸਾਈਆਂ ਤੋਂ ਬਾਅਦ ਭਾਵੇਂ ਮੁਸਲਮਾਨਾਂ ਦੀ ਜਨਸੰਖਿਆ ਸਭ ਤੋਂ ਵੱਧ ਹੈ ਇਸ ਦੇ ਬਾਵਜੂਦ ਉਹ ਰਲ ਕੇ ਵੀ ਇਕ ਕਰੋੜ ਤੋਂ ਘੱਟ ਆਬਾਦੀ ਵਾਲੇ ਦੇਸ਼ ਇਜ਼ਰਾਈਲ ਦਾ ਵਾਲ ਵਿੰਙਾ ਨਹੀਂ ਕਰ ਸਕੇ। ਇਸ ਦੀ ਖ਼ੁਫ਼ੀਆ ਏਜੰਸੀ ਮੋਸਾਦ ਆਪਣੇ ਦੁਸ਼ਮਣਾਂ ਨੂੰ ਲੱਭ-ਲੱਭ ਕੇ ਮਾਰਦੀ ਹੈ। ਅਮਰੀਕਾ, ਇੰਗਲੈਂਡ ਸਣੇ ਪੱਛਮੀ ਦੇਸ਼ ਇਸ ਦੀ ਪਿੱਠ ’ਤੇ ਹਨ। ਅਮਰੀਕਾ ’ਚ ਫਲਸਤੀਨੀਆਂ ਵੱਲੋਂ ਥਾਂ-ਥਾਂ ਧਰਨੇ-ਮੁਜ਼ਾਹਰੇ ਆਯੋਜਿਤ ਕੀਤੇ ਜਾ ਰਹੇ ਹਨ। ਜੋਅ ਬਾਇਡਨ ਦੇ ਬੁੱਲ੍ਹ ਸੀਤੇ ਹੋਏ ਹਨ। ਇਜ਼ਰਾਈਲ ਹਮਾਸ ਸਣੇ ਇਸਲਾਮਿਕ ਕੱਟੜਪੰਥੀਆਂ ਨੂੰ ਨੇਸਤੋ-ਨਾਬੂਦ ਕਰਨ ’ਤੇ ਤੁਲਿਆ ਹੋਇਆ ਹੈ।
ਹਮਾਸ ਨੇ ਵੀ ਇਜ਼ਰਾਈਲ ਦਾ ਬੀਜ ਨਾਸ਼ ਕਰਨ ਦਾ ਹਲਫ਼ ਲਿਆ ਹੋਇਆ ਹੈ। ਗਹਿਗੱਚ ਜੰਗ ਦੌਰਾਨ ਬੇਦੋਸ਼ੇ ਦੋ ਪੁੜਾਂ ਵਿਚ ਪੀਸੇ ਜਾ ਰਹੇ ਹਨ। ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਤੇਈ ਲੱਖ ਲੋਕਾਂ ਦੀ ਆਬਾਦੀ ਵਾਲੀ ਗਾਜ਼ਾ ਪੱਟੀ ਦੀਆਂ ਅਣਗਿਣਤ ਇਮਾਰਤਾਂ ਖੰਡਰਾਤ ਬਣ ਚੁੱਕੀਆਂ ਹਨ। ਰਣਭੂਮੀ ’ਚ ਮਾਰੇ ਜਾਂਦੇ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਨੂੰ ਇਜ਼ਰਾਈਲ ਵਰ੍ਹਦੀਆਂ ਗੋਲ਼ੀਆਂ ’ਚ ਵੀ ਚੁੱਕ ਕੇ ਲੈ ਜਾਂਦਾ ਹੈ।
ਫਲਸਤੀਨੀਆਂ ਦੀਆਂ ਖਿੰਡਰੀਆਂ ਲੋਥਾਂ ਨਾਲ ਆਬੋ-ਹਵਾ ਦੂਸ਼ਿਤ ਹੋਈ ਪਈ ਹੈ। ਉੱਥੇ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਅਸਹਿ ਤੇ ਅਕਹਿ ਪੀੜਾ ਸਮੇਂ ਦੇ ਮੱਥੇ ’ਤੇ ਬਦਨੁਮਾ ਦਾਗ਼ ਹੈ। ਸੂਖ਼ਮ ਅਹਿਸਾਸਾਂ ਦਾ ਬਿਰਤਾਂਤ ਸਿਰਜਣ ਲਈ ਸਲੇਮ ਵਰਗਿਆਂ ਦੀਆਂ ਖਿੱਚੀਆਂ ਫੋਟੋਆਂ ਵੱਡਾ ਜ਼ਰੀਆ ਹਨ। ਇਹ ਫੋਟੋ ਗਾਜ਼ਾ ਪੱਟੀ ਦੇ ਸੰਤਾਪ ਦਾ ਪੰਚਨਾਮਾ ਹੈ ਜਿਸ ਰਾਹੀਂ ਇਕ ਭੂਆ ਅਲਿੰਗਨ ਦੇ ਪੰਘੂੜੇ ਵਿਚ ਆਪਣੀ ਭਤੀਜੀ ਦੀ ਲੋਥ ਨੂੰ ਵਿਲ੍ਹਕਦੀ ਹੋਈ ਲੋਰੀਆਂ ਦੇ ਰਹੀ ਹੈ। ਇਹ ਧੁਆਂਖੇ ਸਮੇਂ ਦਾ ਪ੍ਰਤੀਬਿੰਬ ਹੈ ਜੋ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਵਿਚਲਿਤ ਕਰਦਾ ਹੈ। ਸਲੇਮ ਨੂੰ ਸਲਾਮ ਜਿਸ ਨੇ ਜ਼ਿਕਰਹੀਣ ਪੀੜਤਾ ਦੀਆਂ ਲੇਰਾਂ ਨੂੰ ਜ਼ਿਕਰਯੋਗ ਬਣਾ ਦਿੱਤਾ। ਅਕੱਥ ਦੁੱਖਾਂ ਦੀ ਕਥਾ ਅਜਿਹੀਆਂ ਤਸਵੀਰਾਂ ਰਾਹੀਂ ਹੀ ਬਿਆਨ ਕੀਤੀ ਜਾ ਸਕਦੀ ਹੈ। ਅਜਿਹੀਆਂ ਤਸਵੀਰਾਂ ਨੂੰ ਕਿਸੇ ਕੈਪਸ਼ਨ ਦੀ ਲੋੜ ਨਹੀਂ ਹੁੰਦੀ।