ਸਮਾਜੀਕਰਨ ਵਿਹੂਣੀ ਨਵੀਂ ਪੀੜ੍ਹੀ

ਸਮਾਜੀਕਰਨ ਵਿਹੂਣੀ ਨਵੀਂ ਪੀੜ੍ਹੀ

ਸੁਖਪਾਲ ਸਿੰਘ ਬਰਨ

ਆਪਣੇ ਸਮਾਜ ਦੇ ਸੱਭਿਆਚਾਰ, ਰਸਮਾਂ, ਰਿਵਾਜਾਂ, ਰੀਤਾਂ ਨੂੰ ਗ੍ਰਹਿਣ ਕਰਕੇ ਸਮਾਜ ਵਿੱਚ ਸਫਲਤਾ ਨਾਲ ਵਿਚਰਨ ਦੀ ਯੋਗਤਾ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਸਮਾਜੀਕਰਨ ਕਹਿੰਦੇ ਹਨ। ਕਿਸੇ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਥਾਪਨਾ ਕਰਨ ਲਈ ਉਸ ਦੇ ਬੱਚਿਆਂ, ਨੌਜਵਾਨਾਂ ਅਤੇ ਨਾਗਰਿਕਾਂ ਦਾ ਸਮਾਜੀਕਰਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਉਹ ਪ੍ਰਕਿਰਿਆ ਹੈ ਜਿਸ ਨਾਲ ਸਾਡੇ ਅੰਦਰ ਆਪਣੇ ਸਮਾਜ ਪ੍ਰਤੀ ਡੂੰਘੀ ਭਾਵਨਾਤਮਕ ਸਾਂਝ ਪੈਦਾ ਹੁੰਦੀ ਹੈ ਅਤੇ ਅਸੀਂ ਆਪਣੇ ਸਮਾਜ ਦੇ ਨਾਲ ਇਕਸੁਰਤਾ ਮਹਿਸੂਸ ਕਰਦੇ ਹਾਂ।

ਅੱਜ ਦੇ ਆਧੁਨਿਕਤਾ ਦੇ ਦੌਰ ਵਿੱਚ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ। ਅਸੀਂ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਛੂਹ ਰਹੇ ਹਾਂ, ਪ੍ਰੰਤੂ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਸਮਾਜੀਕਰਨ ਦੀ ਭਾਵਨਾ ਲਗਾਤਾਰ ਘਟਦੀ ਜਾ ਰਹੀ ਹੈ। ਸਾਡੇ ਬੱਚਿਆਂ ਅਤੇ ਨੌਜਵਾਨਾਂ ਦਾ ਘੱਟ ਰਿਹਾ ਸਮਾਜਿਕ ਵਿਕਾਸ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਸਾਡੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਨਾਲੋਂ ਟੁੱਟ ਰਹੀ ਹੈ ਅਤੇ ਵਰਚੂਅਲ ਜ਼ਿੰਦਗੀ ਨਾਲ ਜੁੜ ਰਹੀ ਹੈ ਜਿਹੜੀ ਕਿ ਸਾਡੀ ਅਸਲ ਜ਼ਿੰਦਗੀ ਤੋਂ ਕਾਫ਼ੀ ਹੱਦ ਤੱਕ ਅਲੱਗ ਹੈ।

ਬੱਚੇ ਦੇ ਸਮਾਜਿਕ ਵਿਕਾਸ ਵਿੱਚ ਪਰਿਵਾਰ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਬੱਚੇ ਦੇ ਸਮਾਜੀਕਰਨ ਦੀ ਮੁੱਢਲੀ ਇਕਾਈ ਪਰਿਵਾਰ ਹੀ ਹੈ। ਅੱਜਕੱਲ੍ਹ ਸਾਂਝੇ ਪਰਿਵਾਰਾਂ ਦਾ ਰੁਝਾਨ ਘੱਟ ਰਿਹਾ ਹੈ ਅਤੇ ਪਰਿਵਾਰ ਇਕਹਿਰੇ ਅਤੇ ਛੋਟੇ ਹੋ ਰਹੇ ਹਨ। ਸਾਂਝੇ ਪਰਿਵਾਰਾਂ ਵਿੱਚ ਦਾਦਾ-ਦਾਦੀ ਤੋਂ ਇਲਾਵਾ ਚਾਚੇ, ਤਾਏ ਆਦਿ ਬਹੁਤ ਸਾਰੇ ਮੈਂਬਰ ਹੁੰਦੇ ਹਨ। ਦਾਦੇ-ਦਾਦੀ ਦੁਆਰਾ ਸੁਣਾਈਆਂ ਕਹਾਣੀਆਂ ਬੱਚੇ ਦੇ ਸਮਾਜਿਕ ਵਿਕਾਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਪਰਿਵਾਰ ਬੱਚੇ ਲਈ ਇੱਕ ਛੋਟਾ ਸਮਾਜ ਹੀ ਹੁੰਦੇ ਹਨ। ਸਾਂਝੇ ਪਰਿਵਾਰਾਂ ਵਿੱਚ ਜਿੱਥੇ ਬੱਚਿਆਂ ਨੂੰ ਰਿਸ਼ਤਿਆਂ ਦੀ ਚੰਗੀ ਸਮਝ ਆਉਂਦੀ ਹੈ ਉੱਥੇ ਬੱਚਾ ਬਹੁਤ ਜਲਦੀ ਆਪਣੇ ਸੱਭਿਆਚਾਰ ਅਤੇ ਰਸਮ-ਰਿਵਾਜਾਂ ਨਾਲ ਜੁੜ ਜਾਂਦਾ ਹੈ, ਪ੍ਰੰਤੂ ਪਰਿਵਾਰ ਇਕਹਿਰੇ ਅਤੇ ਛੋਟੇ ਪੈ ਜਾਣ ਕਾਰਨ ਅਤੇ ਮਾਤਾ-ਪਿਤਾ ਦੋਵਾਂ ਦੇ ਕੰਮਕਾਜੀ ਹੋਣ ਕਾਰਨ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਮਿਲ ਰਿਹਾ।

ਅਜਿਹੇ ਪਰਿਵਾਰਾਂ ਵਿੱਚ ਬੱਚੇ ਆਪਣਾ ਜ਼ਿਆਦਾ ਸਮਾਂ ਮੋਬਾਈਲ, ਟੀਵੀ ਅਤੇ ਕੰਪਿਊਟਰ ’ਤੇ ਲਾਉਂਦੇ ਹਨ। ਵੱਖ-ਵੱਖ ਖੋਜਾਂ ਅਤੇ ਅਧਿਐਨ ਦੱਸਦੇ ਹਨ ਕਿ ਜੇਕਰ ਬੱਚੇ ਦਾ ਸਕਰੀਨ ਸਮਾਂ ਜ਼ਿਆਦਾ ਹੈ ਤਾਂ ਉਸ ਨਾਲ ਉਸ ਦੀ ਸਮਾਜਿਕ ਤੇ ਮਾਨਸਿਕ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਬੱਚਾ ਵਰਚੂਅਲ ਸੰਸਾਰ ਨਾਲ ਜੁੜ ਕੇ ਆਪਣੀ ਅਸਲੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਸਕਦਾ। ਮੋਬਾਈਲਾਂ ’ਤੇ ਖੇਡੀਆਂ ਜਾਣ ਵਾਲੀਆਂ ਗੇਮਾਂ ਦੇ ਬਹੁਤ ਬੁਰੇ ਪ੍ਰਭਾਵ ਸਾਡੇ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਅਧਿਐਨ ਦੱਸਦੇ ਹਨ ਕਿ ਲਗਭਗ 50 ਫੀਸਦੀ ਮਾਨਸਿਕ ਸਮੱਸਿਆਵਾਂ 14 ਸਾਲ ਦੀ ਉਮਰ ਤੋਂ ਪਹਿਲਾਂ ਆ ਜਾਂਦੀਆਂ ਹਨ। ਮੋਬਾਈਲ ਸਕਰੀਨ ’ਤੇ ਸਭ ਤੋਂ ਵੱਧ ਸਮਾਂ ਲਾਉਣ ਵਾਲੇ ਨੌਜਵਾਨ ਅਤੇ ਬੱਚੇ ਹੀ ਹੁੰਦੇ ਹਨ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਕਿਸੇ ਪਰਿਵਾਰਕ ਸਮਾਗਮ ’ਤੇ ਇਕੱਤਰ ਹੁੰਦੇ ਹਾਂ ਤਾਂ ਪਰਿਵਾਰਕ, ਸਮਾਜਿਕ ਗੱਲਾਂ ਬਹੁਤ ਘੱਟ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਲੋਕ ਆਪੋ ਆਪਣੇ ਮੋਬਾਈਲਾਂ ’ਤੇ ਹੀ ਰੁੱਝੇ ਹੁੰਦੇ ਹਨ। ਸਮਾਜਿਕ ਸਾਈਟਾਂ ਜਿਵੇਂ ਕਿ ਵਟਸਐਪ, ਯੂ-ਟਿਊਬ ਅਤੇ ਫੇਸ ਬੁੱਕ ਆਦਿ ’ਤੇ ਬਹੁਤ ਸਮਾਂ ਖਪਤ ਕੀਤਾ ਜਾਂਦਾ ਹੈ। ਇਨ੍ਹਾਂ ਸਾਈਟਾਂ ’ਤੇ ਜਾਣਕਾਰੀਆਂ ਅਤੇ ਪ੍ਰਤੀਕਿਰਿਆਵਾਂ ਬਹੁਤ ਤੇਜ਼ੀ ਨਾਲ ਸੰਚਾਲਤ ਹੁੰਦੀਆਂ ਹਨ। ਇਨ੍ਹਾਂ ਵਿੱਚ ਗੰਭੀਰ ਚਿੰਤਨ ਦੀ ਘਾਟ ਹੁੰਦੀ ਹੈ ਅਤੇ ਅਸੀਂ ਇਸ ਦੁਨੀਆ ਨੂੰ ਹੀ ਅਸਲੀ ਦੁਨੀਆ ਮੰਨ ਲੈਣ ਦਾ ਭਰਮ ਪਾਲ ਬੈਠਦੇ ਹਾਂ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ਤੋਂ ਹਟਕੇ ਅਸਲ ਜ਼ਿੰਦਗੀ ਵਿੱਚ ਸਾਡੇ ਕੋਲ ਖ਼ੁਸ਼ੀ-ਗ਼ਮੀ ਦੇ ਮੌਕਿਆਂ ’ਤੇ ਕਹਿਣ ਲਈ ਚਾਰ ਸ਼ਬਦ ਨਹੀਂ ਹੁੰਦੇ।

ਬੱਚੇ ਦੇ ਸਮਾਜਿਕ ਸਰੋਕਾਰ ਘੜਨ ਤੇ ਉਸ ਨੂੰ ਸਮਾਜ ਨਾਲ ਜੋੜਨ ਲਈ ਵਿੱਦਿਅਕ ਸੰਸਥਾਵਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ। ਵਿਦਿਆਰਥੀਆਂ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਸਮਾਜ ਦਾ ਇੱਕ ਨਵਾਂ ਰੂਪ ਹੀ ਹੁੰਦੀਆਂ ਹਨ। ਇਨ੍ਹਾਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਆਪਣੇ ਹਮ-ਉਮਰ ਸਾਥੀਆਂ ਨਾਲ ਸਾਂਝ ਪੈਦਾ ਹੁੰਦੀ ਹੈ। ਵਿਦਿਆਰਥੀਆਂ ਦਾ ਇੱਕ ਦੂਜੇ ’ਤੇ ਬਹੁਤ ਗਹਿਰਾ ਪ੍ਰਭਾਵ ਹੁੰਦਾ ਹੈ ਅਤੇ ਇੱਥੇ ਉਹ ਆਪਣੇ ਨਵੇਂ ਸਿਧਾਂਤ ਸਿਰਜਦੇ ਹਨ। ਕਾਲਜ ਅਤੇ ਯੂਨੀਵਰਸਿਟੀਆਂ ਅਜਿਹੀਆਂ ਸੰਸਥਾਵਾਂ ਹੁੰਦੀਆਂ ਹਨ ਜਿੱਥੇ ਗ੍ਰਹਿਣ ਕੀਤੇ ਗਏ ਪ੍ਰਭਾਵ ਤਾਉਮਰ ਰਹਿੰਦੇ ਹਨ, ਪਰ ਸਾਡੀ ਅਜੋਕੀ ਸਿੱਖਿਆ ਅਤੇ ਸਿੱਖਿਆ ਪ੍ਰਣਾਲੀ ਦੀ ਤ੍ਰਾਸਦੀ ਇਹ ਹੈ ਕਿ ਅਸੀਂ ਅੰਕਾਂ ਦੀ ਦੌੜ ਵੱਲ ਵੱਧ ਰਹੇ ਹਾਂ। ਸਿੱਖਿਆ ਦਾ ਮੁੱਖ ਉਦੇਸ਼ ਸਰਬਪੱਖੀ ਵਿਕਾਸ ਨਾ ਹੋ ਕੇ ਸਿਰਫ਼ ਅੰਕਾਂ ਦੀ ਪ੍ਰਾਪਤੀ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ।

ਮਾਪਿਆਂ ਦੀ ਵੀ ਇਹ ਸੋਚ ਬਣ ਚੁੱਕੀ ਹੈ ਕਿ ਉਨ੍ਹਾਂ ਦੇ ਬੱਚੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਕੇ ਵੱਡੇ ਤੋਂ ਵੱਡੇ ਅਹੁਦਿਆਂ ਤੱਕ ਪਹੁੰਚਣ। ਕੋਈ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਸੰਸਥਾਵਾਂ ਵਿੱਚ ਇਸ ਲਈ ਨਹੀਂ ਭੇਜ ਰਿਹਾ ਕਿ ਉਨ੍ਹਾਂ ਦਾ ਬੱਚਾ ਚੰਗੇ ਸੰਸਕਾਰ ਗ੍ਰਹਿਣ ਕਰਕੇ ਇੱਕ ਚੰਗਾ ਇਨਸਾਨ ਬਣੇ। ਪੜ੍ਹਾਈ ਦਾ ਇੱਕਮਾਤਰ ਉਦੇਸ਼ ਨੌਕਰੀ ਲੈਣਾ ਹੀ ਰਹਿ ਗਿਆ ਹੈ। ਬੱਚਿਆਂ ਨੂੰ ਸਖ਼ਤ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫਲ ਹੋਣ ਲਈ ਬੱਚਿਆ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੜ੍ਹਾਈ ਤੋਂ ਹਟ ਕੇ ਹੋਰ ਕਿਸੇ ਵੀ ਪੱਖ ਬਾਰੇ ਨਾ ਸੋਚਣ। ਇਸੇ ਸੋਚ ਵਿੱਚੋਂ ਪੀਜੀ ਨੁਮਾ ਰੈਣ ਬਸੇਰੇ ਹੋਂਦ ਵਿੱਚ ਆਏ ਹਨ। ਇੱਥੇ ਇੱਕ ਛੋਟੇ ਜਿਹੇ ਕਮਰੇ ਵਿੱਚ ਇੱਕ ਜਾਂ ਦੋ ਵਿਦਿਆਰਥੀ ਅਤੇ ਕਿਤਾਬਾਂ ਹੀ ਹੁੰਦੀਆਂ ਹਨ। ਬਾਹਰ ਦੀ ਦੁਨੀਆ ਅਤੇ ਪਰਿਵਾਰ ਤੋਂ ਵਿਦਿਆਰਥੀ ਬਿਲਕੁਲ ਅਲੱਗ-ਥਲੱਗ ਹੋ ਕੇ ਰਹਿ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਰਹਿਣ ਕਰ ਕੇ ਉਸ ਦੇ ਸਮਾਜਿਕ ਸਰੋਕਾਰਾਂ ਨੂੰ ਬਹੁਤ ਵੱਡੀ ਢਾਹ ਲੱਗਦੀ ਹੈ।

ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਬੱਚੇ ਦੇ ਸਮਾਜਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਾਠਕ੍ਰਮ ਨੂੰ ਮੁੜ ਤੋਂ ਵਿਉਂਤਣ ਦੀ ਲੋੜ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਅਜਿਹਾ ਸਾਜ਼ਗਾਰ ਮਾਹੌਲ ਤਿਆਰ ਕੀਤਾ ਜਾਵੇ ਜਿੱਥੇ ਬੱਚਾ ਆਪਣੀਆਂ ਮੌਲਿਕ ਸੰਭਾਵਨਾਵਾਂ ਨੂੰ ਤਲਾਸ਼ ਕੇ, ਸਮਾਜ ਨੂੰ ਚੰਗੀ ਤਰ੍ਹਾਂ ਸਮਝ ਕੇ ਇੱਕ ਚੰਗਾ ਨਾਗਰਿਕ ਬਣ ਕੇ ਵਿਚਰਨ ਦੇ ਯੋਗ ਹੋ ਸਕੇ। ਸਾਡੀਆਂ ਇਹ ਸੰਸਥਾਵਾਂ ਚੰਗੇ ਨਾਗਰਿਕ ਪੈਦਾ ਕਰਨ ਜਿਸ ਨਾਲ ਅਸੀਂ ਤੰਦਰੁਸਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੀਏ।

ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਈਏ ਅਤੇ ਉਨ੍ਹਾਂ ਦੀਆਂ ਸਮਾਜਿਕ ਲੋੜਾਂ ਨੂੰ ਸਮਝ ਕੇ ਆਪਣੇ ਸਮਾਜਿਕ ਸਰੋਕਾਰਾਂ ਨਾਲ ਜੋੜੀਏ ਤਾਂ ਕਿ ਉਹ ਖ਼ੁਸ਼ੀ- ਖ਼ੁਸ਼ੀ ਆਪਣੇ ਸਮਾਜ ਵਿੱਚ ਵਿਚਰਨ ਦੇ ਯੋਗ ਹੋ ਸਕਣ। ਸਮਾਜਿਕ, ਧਾਰਮਿਕ ਸੰਸਥਾਵਾਂ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਆਪਣਾ ਸਹੀ ਫਰਜ਼ ਨਿਭਾਉਣ ਤਾਂ ਕਿ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਅਤੇ ਨਰੋਈਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾਵੇ।

ਸਾਡੇ ਬੱਚੇ, ਵਿਦਿਆਰਥੀ ਅਤੇ ਨੌਜਵਾਨ ਸਾਡਾ ਭਵਿੱਖ ਹਨ ਤੇ ਸਾਡੇ ਆਉਣ ਵਾਲੇ ਕੱਲ੍ਹ ਦੇ ਸਮਾਜ ਦੀ ਬੁਨਿਆਦ ਇਨ੍ਹਾਂ ’ਤੇ ਹੀ ਨਿਰਭਰ ਹੈ। ਆਓ! ਇਨ੍ਹਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਾਈਏ ਅਤੇ ਇੱਕ ਚੰਗੇ ਸਮਾਜ ਦੀ ਸਿਰਜਨਾ ਕਰੀਏ।