ਸਮਾਜਿਕ ਵਿਗਾੜ ਠੀਕ ਕਰਨ ਵਿਚ ਡਾਕਟਰਾਂ ਦੀ ਭੂਮਿਕਾ

ਸਮਾਜਿਕ ਵਿਗਾੜ ਠੀਕ ਕਰਨ ਵਿਚ ਡਾਕਟਰਾਂ ਦੀ ਭੂਮਿਕਾ

ਡਾ. ਅਰੁਣ ਮਿੱਤਰਾ

ਦੇਸ਼ ਦੇ ਕਈ ਹਿੱਸਿਆਂ ਵਿਚ ਵਾਪਰੀਆਂ ਘਟਨਾਵਾਂ ਨੇ ਸਮਾਜ ਵਿਚ ਸਨੇਹੀ ਤੱਤਾਂ ਦੀ ਚੇਤਨਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਜ਼ਾਦੀ ਦੇ ਸਮੇਂ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਸੀ, ਗ਼ਰੀਬੀ ਆਪਣੇ ਸਿਖਰ ’ਤੇ ਸੀ, 34 ਕਰੋੜ ਦੀ ਆਬਾਦੀ ਲਈ ਜੀਡੀਪੀ ਸਿਰਫ਼ 2.7 ਲੱਖ ਕਰੋੜ ਰੁਪਏ ਸੀ ਜੋ ਵਿਸ਼ਵ ਦੀ ਕੁੱਲ ਜੀਡੀਪੀ ਦਾ ਲਗਭਗ 3% ਬਣਦਾ ਹੈ। ਉਸ ਸਮੇਂ ਭਾਰਤ ਦੇ ਲੋਕਾਂ ਨੇ ਧਰਮ ਨਿਰਪੱਖਤਾ ਅਤੇ ਲੋਕਤੰਤਰ ’ਤੇ ਆਧਾਰਿਤ ਸੰਵਿਧਾਨ ਅਪਣਾਉਣ ਦੀ ਚੋਣ ਕੀਤੀ। ਇਹ ਇਸ ਦੇ ਬਾਵਜੂਦ ਸੀ ਕਿ ਵੰਡ ਸਮੇਂ ਵੱਡੇ ਪੱਧਰ ’ਤੇ ਫਿ਼ਰਕੂ ਦੰਗੇ ਹੋਏ ਸਨ ਅਤੇ ਦੁਨੀਆ ਵਿਚ ਆਬਾਦੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਰਵਾਸ ਹੋਇਆ ਸੀ ਪਰ ਇਹ ਘਟਨਾਵਾਂ ਸਮਾਜ ਵਿਚ ਮਿਲ-ਜੁਲ ਕੇ ਰਹਿਣ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੀਆਂ। ਆਜ਼ਾਦੀ ਉਪਰੰਤ ਕੁਝ ਘਟਨਾਵਾਂ ਨੂੰ ਛੱਡ ਕੇ, ਉਦੋਂ ਤੋਂ ਦੇਸ਼ ਦੇ ਲੋਕ ਇਕੱਠੇ ਰਹਿੰਦੇ ਰਹੇ ਹਨ। ਹੁਣ ਜਦੋਂ ਅਸੀਂ ਸਾਰੇ ਖੇਤਰਾਂ ਵਿਚ ਵਿਕਾਸ ਕਰ ਚੁੱਕੇ ਹਾਂ ਅਤੇ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਨ ਦੀ ਇੱਛਾ ਰੱਖਦੇ ਹਾਂ ਤਾਂ ਸਾਡੇ ਲੋਕਾਂ ਦਾ ਇਕ ਹਿੱਸਾ ਫਿ਼ਰਕੂ ਲੀਹਾਂ ’ਤੇ ਤੁਰ ਪਿਆ ਹੈ ਅਤੇ ਉਨ੍ਹਾਂ ਦੇ ਮਨਾਂ ਵਿਚ ਦੂਜਿਆਂ ਦੇ ਵਿਰੁੱਧ ਨਫ਼ਰਤ ਭਰ ਗਈ ਹੈ ਤੇ ਪੱਖਪਾਤ ਪੈਦਾ ਹੋ ਗਿਆ ਹੈ। ਇਹ ਮਾਨਸਿਕਤਾ ਜੋ ਸਮਾਜ ਦੇ ਇੱਕ ਹਿੱਸੇ ਵਿਚ ਵਿਕਸਤ ਹੋਈ ਹੈ, ਉਹ ਮਨੁੱਖਤਾਵਾਦ ਦੇ ਉਸ ਸੰਕਲਪ ਦੇ ਵਿਰੁੱਧ ਹੈ ਜਿਸ ਦਾ ਭਾਰਤ ਹਮੇਸ਼ਾ ਸਮਰਥਨ ਕਰਦਾ ਰਿਹਾ ਹੈ। ਲੋਕਾਂ ਨੂੰ ਕੱਟੜਤਾ, ਕੂੜ ਪ੍ਰਚਾਰ ਅਤੇ ਮਨਘੜਤ ਰਚੇ ਗਏ ਇਤਿਹਾਸ ਦੁਆਰਾ ਇਕ ਦੂਜੇ ਤੋਂ ਦੂਰ ਕੀਤਾ ਜਾ ਰਿਹਾ ਹੈ। ਜਾਤ, ਧਰਮ, ਕਬੀਲੇ, ਨਸਲ ਦੇ ਆਧਾਰ ’ਤੇ ਦੂਜਿਆਂ ਨਾਲ ਨਫ਼ਰਤ ਕਰਨ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਤਿਹਾਸ ਗਵਾਹ ਹੈ ਕਿ ਭਾਰਤ ਦੀ ਵੰਡ ਵੇਲੇ ਫਿ਼ਰਕੂ ਦੰਗਿਆਂ ਵਿਚ 25 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਉਹ ਹਿੰਦੂ, ਸਿੱਖ ਅਤੇ ਮੁਸਲਮਾਨ ਤਿੰਨਾਂ ਭਾਈਚਾਰਿਆਂ ਨਾਲ ਸਬੰਧਿਤ ਸਨ। ਨਫ਼ਰਤ ਅਵਿਸ਼ਵਾਸ ਪੈਦਾ ਕਰਦੀ ਹੈ ਜੋ ਇਕ ਦੂਜੇ ਦੇ ਵਿਰੁੱਧ ਹਿੰਸਾ ਨੂੰ ਹੋਰ ਵਧਾਉਂਦੀ ਹੈ।

ਇਸ ਸਮੇਂ ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ, ਉਹ ਕੋਈ ਨਵਾਂ ਵਰਤਾਰਾ ਨਹੀਂ ਹੈ ਸਗੋਂ ਇਸ ਤਰ੍ਹਾਂ ਦੀਆਂ ਤਾਕਤਾਂ ਅਤੀਤ ਵਿਚ ਜੋ ਕੁਝ ਕਰਨ ਦੀ ਕੋਸਿ਼ਸ਼ ਕਰਦੀਆਂ ਰਹੀਆਂ ਹਨ, ਉਸ ਦੀ ਨਿਰੰਤਰਤਾ ਹੈ। ਹਿੰਦੂਆਂ ਦੀ ਬਹੁਗਿਣਤੀ 80% ਆਬਾਦੀ ਲਈ ਖ਼ਤਰਾ ਸਮਝੀਆਂ ਜਾਣ ਵਾਲੀਆਂ ਘੱਟਗਿਣਤੀਆਂ ਵਿਰੁੱਧ ਯੋਜਨਾਬੱਧ ਮੁਹਿੰਮ ਚਲਾਈ ਜਾ ਰਹੀ ਹੈ। ਮੁਸਲਮਾਨਾਂ ਦੀ ਤੁਸ਼ਟੀਕਰਨ ਵਰਗੀਆਂ ਮਿੱਥਾਂ, ਕਿ ਉਹ ਖੁੰਬਾਂ ਵਾਂਗ ਉੱਗਦੇ ਹਨ, ਚਾਰ ਵਿਆਹ ਕਰਦੇ ਹਨ, ਉਹ ਜਲਦੀ ਹੀ ਹਿੰਦੂ ਆਬਾਦੀ ਨੂੰ ਪਛਾੜ ਦੇਣਗੇ, ਲੋਕਾਂ ਦੇ ਮਨਾਂ ਵਿਚ ਭਰਿਆ ਜਾ ਰਿਹਾ ਹੈ। ਇਹ ਨਫ਼ਰਤੀ ਮੁਹਿੰਮ ਤਰਕ ਜਾਂ ਸਬੂਤਾਂ ਤੋਂ ਰਹਿਤ ਹੈ। ਇਹ ਬੇਹੂਦਾ ਵਿਚਾਰ ਇਲੈਕਟ੍ਰੌਨਿਕ ਟੀਵੀ ਮੀਡੀਆ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਜਨਤਕ ਸਮਾਗਮਾਂ ਰਾਹੀਂ ਫੈਲਾਏ ਜਾਂਦੇ ਹਨ। ਕਈ ਟੀਵੀ ਸੀਰੀਅਲ ਜਿਨ੍ਹਾਂ ਨੂੰ ਇਤਿਹਾਸਕ ਸੀਰੀਅਲ ਕਿਹਾ ਜਾਂਦਾ ਹੈ, ਨੂੰ ਬਹੁਤ ਹੀ ਸੂਖ਼ਮ ਢੰਗ ਨਾਲ ਝੂਠ ਅਤੇ ਨਫ਼ਰਤ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ।

ਅਜਿਹੇ ਹਾਲਾਤ ਵਿਚ ਔਰਤਾਂ ਅਤੇ ਬੱਚੇ ਸਭ ਤੋਂ ਵੱਧ ਪੀੜਤ ਹਨ। ਝਗੜਿਆਂ ਵਿਚ ਔਰਤ ਦੇ ਸਰੀਰ ਨੂੰ ਸੰਦ ਵਜੋਂ ਵਰਤਿਆ ਗਿਆ। ਮਨੀਪੁਰ ਦੀ ਘਟਨਾ ਜਿੱਥੇ ਔਰਤਾਂ ਨੂੰ ਨਗਨ ਰੂਪ ਵਿਚ ਘੁਮਾਇਆ ਗਿਆ ਅਤੇ ਛੇੜਛਾੜ ਕੀਤੀ ਗਈ, ਇਸ ਨੂੰ ਨਫ਼ਰਤ, ਗੁੱਸੇ ਤੇ ਸਾਡੀ ਸਮਾਜਿਕ ਵਿਵਸਥਾ ਵਿਚ ਗੰਭੀਰ ਵਿਗਾੜ ਦੇ ਪ੍ਰਤੀਬਿੰਬ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸਥਿਤੀ ਪ੍ਰਤੀ ਰਾਜ ਦੀ ਪੂਰੀ ਅਸੰਵੇਦਨਸ਼ੀਲਤਾ ਸੰਦੇਹ ਪੈਦਾ ਕਰਦੀ ਹੈ- ਕੀ ਇਹ ਘਟਨਾਵਾਂ ਰਾਜ ਦੀ ਸਰਪ੍ਰਸਤੀ ਹੇਠ ਕਿਸੇ ਖ਼ਤਰਨਾਕ ਇਰਾਦੇ ਨਾਲ ਬਕਾਇਦਾ ਯੋਜਨਾਬੱਧ ਸਨ?

ਨਫ਼ਰਤ ਦੀਆਂ ਮੁਹਿੰਮਾਂ ਆਪਣੇ ਆਪ ਨਹੀਂ ਰੁਕਦੀਆਂ। ਫਿਰ ਹਰਿਆਣਾ ਵਿਚ ਫਿ਼ਰਕੂ ਦੰਗੇ ਕਰਵਾਏ ਗਏ। ਨਫ਼ਰਤ ਫੈਲਾਉਣ ਵਾਲੇ ਆਜ਼ਾਦ ਘੁੰਮ ਰਹੇ ਹਨ; ਪੀੜਤਾਂ ਨੂੰ ਸਤਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੇ ਰੋਕ ਨਾ ਲਗਾਈ ਗਈ ਤਾਂ ਨੇੜਲੇ ਭਵਿੱਖ ਵਿਚ ਗੁਜਰਾਤ ਜਾਂ ਮਨੀਪੁਰ ਦੇ ਪੱਧਰ ਦੀ ਵੱਡੇ ਪੱਧਰ ’ਤੇ ਹਿੰਸਾ ਦੇਸ਼ ਦੇ ਹੋਰ ਭਾਗਾਂ ਵਿਚ ਕਰਵਾਈ ਜਾ ਸਕਦੀ ਹੈ। ਅਜਿਹੀਆਂ ਨਫ਼ਰਤੀ ਮੁਹਿੰਮਾਂ ਦੀ ਅਗਵਾਈ ਕਰਨ ਵਾਲੀਆਂ ਤਾਕਤਾਂ ਹਮੇਸ਼ਾ ਇਹ ਤਜਰਬਾ ਕਰਦੀਆਂ ਹਨ ਕਿ ਉਹ ਜਨਤਾ ਨੂੰ ਆਪਣੇ ਪੱਖ ਵਿਚ ਕਿਵੇਂ ਜਿੱਤ ਸਕਦੀਆਂ ਹਨ। 1995 ਵਿਚ ਦੇਸ਼ ਭਰ ਵਿਚ ਭਗਵਾਨ ਗਣੇਸ਼ ਦੀ ਮੂਰਤੀ ਦੇ ਦੁੱਧ ਪੀਣ ਦੀ ਘਟਨਾ ਬਹੁਤ ਸਫ਼ਲ ਅਜਮਾਇਸ਼ ਸੀ। ਇਹ ਸੰਦੇਸ਼ ਕੁਝ ਸਮੇਂ ਵਿਚ ਦੇਸ਼ ਭਰ ਵਿਚ ਫੈਲ ਗਿਆ ਭਾਵੇਂ ਉਸ ਸਮੇਂ ਕੋਈ ਸੋਸ਼ਲ ਮੀਡੀਆ ਨੈਟਵਰਕ ਨਹੀਂ ਸੀ। ਇਹ ਇਕਦਮ ਰੁਕ ਵੀ ਗਿਆ ਜਦੋਂ ਇਹ ਮਹਿਸੂਸ ਹੋਇਆ ਕਿ ਸਾਰੀ ਮਿੱਥ ਦਾ ਪਰਦਾਫਾਸ਼ ਹੋ ਜਾਵੇਗਾ।

ਡਾਕਟਰ ਅਜਿਹੀਆਂ ਸਥਿਤੀਆਂ ਨੂੰ ਕਾਬੂ ਵਿਚ ਰੱਖਣ ਵਿਚ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ। ਸਮਾਜ ਦੀ ਸਿਹਤ ਦੇ ਰਖਵਾਲੇ ਹੋਣ ਦੇ ਨਾਤੇ ਡਾਕਟਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੋਲਣ ਅਤੇ ਸੱਚ ਨੂੰ ਸੱਚ ਕਹਿਣ। ਉਨ੍ਹਾਂ ਨੂੰ ਸਦਭਾਵਨਾ, ਪਿਆਰ, ਭਾਈਚਾਰੇ ਦਾ ਪ੍ਰਚਾਰ ਕਰਨ ਲਈ ਪ੍ਰੋਗਰਾਮ ਬਣਾਉਣੇ ਪੈਣਗੇ। ਅਜਿਹੀਆਂ ਸਥਿਤੀਆਂ ਵਿਚ ਪੀੜਤਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਡਾਕਟਰ ਵਧੀਆ ਭੂਮਿਕਾ ਨਿਭਾ ਸਕਦੇ ਹਨ। ਆਸਟਰੀਆ ਦੇ ਮਨੋਵਿਗਿਆਨੀ ਵਿਕਟਰ ਫਰੈਂਕਲ ਜੋ ਹਿਟਲਰ ਦੇ ਮੌਤ ਦੇ ਕੈਂਪਾਂ ’ਚ ਬਚ ਗਿਆ ਸੀ, ਨੇ ਨਾਜ਼ੀ ਤਸ਼ੱਦਦ ਕੈਂਪਾਂ ਵਿਚ ਕੈਦੀਆਂ ਨੂੰ ਬਿਹਤਰ ਭਵਿੱਖ ਦੀ ਉਮੀਦ ਨਾ ਛੱਡਣ ਲਈ ਪ੍ਰੇਰਨ ਲਈ ਵਧੀਆ ਕੰਮ ਕੀਤਾ। ਆਪਣੀਆਂ ਲਗਾਤਾਰ ਕੋਸਿ਼ਸ਼ਾਂ ਨਾਲ ਉਹ ਬਹੁਤ ਸਾਰੇ ਲੋਕਾਂ ਨੂੰ ਮਰਨ ਤੋਂ ਬਚਾਉਣ ਵਿਚ ਕਾਮਯਾਬ ਹੋਇਆ। ਸਾਡੀ ਆਵਾਜ਼ ਮਾਇਨੇ ਰੱਖਦੀ ਹੈ ਪਰ ਸਾਡੀ ਚੁੱਪ ਸ਼ੱਕੀ ਅਤੇ ਫਰਜ਼ ਦੀ ਅਣਦੇਖੀ ਹੋ ਸਕਦੀ ਹੈ।

ਨਫ਼ਰਤ ਪ੍ਰਚਾਰਕਾਂ ਦੁਆਰਾ ਲਗਾਤਾਰ ਧਮਕੀਆਂ ਅਤੇ ਰਾਜ ਦੀ ਸ਼ੱਕੀ ਭੂਮਿਕਾ ਦੇ ਬਾਵਜੂਦ ਅੱਜ ਤਬਦੀਲੀ ਹੋਈ ਹੈ। ਬਹੁਤ ਸਾਰੇ ਵਿਗਿਆਨੀ ਜੋ ਅੱਜ ਤੱਕ ਸ਼ਾਂਤ ਸਨ, ਨੇ ਮਿੱਥਾਂ ਅਤੇ ਗ਼ੈਰ-ਵਿਗਿਆਨਕ ਵਿਚਾਰਾਂ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ ਹੈ। ਤਾੜੀਆਂ ਵਜਾਉਣ ਵਾਲੇ ਅਤੇ ਥਾਲੀਆਂ ਖੜਕਾਉਣ ਵਾਲੇ ਡਾਕਟਰਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਕੋਵਿਡ-19 ਤੋਂ ਛੁਟਕਾਰਾ ਪਾਉਣ ਦਾ ਉਹ ਵਿਗਿਆਨਕ ਤਰੀਕਾ ਨਹੀਂ ਸੀ। ਆਖ਼ਰਕਾਰ ਸਾਨੂੰ 1600 ਡਾਕਟਰਾਂ ਦੀਆਂ ਜਾਨਾਂ ਦੀ ਕੀਮਤ ’ਤੇ ਮਹਾਮਾਰੀ ਨਾਲ ਲੜਨਾ ਪਿਆ। ਗਊ ਮੂਤਰ ਜਾਂ ਗੋਬਰ ਦੀ ਕੋਈ ਵੀ ਮੁਹਿੰਮ ਕੰਮ ਨਹੀਂ ਕਰ ਸਕੀ। ਬਹੁਤ ਸਾਰੇ ਡਾਕਟਰ ਇਸ ਨੂੰ ਸਮਝਦੇ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਉਹ ਬੋਲਣ ਦੀ ਹਿੰਮਤ ਪੈਦਾ ਕਰਨ।

ਨਫ਼ਰਤ ਦੀਆਂ ਮੁਹਿੰਮਾਂ ਦਾ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਡਾਕਟਰਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਸਗੋਂ ਦੇਸ਼ ਨੂੰ ਇਨ੍ਹਾਂ ਹਾਲਾਤ ’ਚੋਂ ਬਾਹਰ ਕੱਢਣ ਲਈ ਸਾਧਨ ਲੱਭਣੇ ਪੈਣਗੇ। ਡਾਕਟਰ ਆਪਣੇ ਮਰੀਜ਼ਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਪਿਆਰ ਅਤੇ ਹਮਦਰਦੀ ਦੀ ਗੱਲ ਕਰ ਸਕਦੇ ਹਨ ਜੋ ਸਾਡੇ ਪੇਸ਼ੇ ਦਾ ਹਿੱਸਾ ਹੈ। ਸਾਨੂੰ ਉਨ੍ਹਾਂ ਤਾਕਤਾਂ ਦੀ ਪਛਾਣ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜੋ ਸਦਭਾਵਨਾ ਨੂੰ ਭੰਗ ਕਰਨ ਲਈ ਲੱਗੀਆਂ ਹਨ। ਸਾਨੂੰ ਇਹ ਸਮਝਣਾ ਹੋਵੇਗਾ ਕਿ ਅਜਿਹੀ ਹਿੰਸਾ ਮਹਾਮਾਰੀ ਸਿਹਤ ਸਮੱਸਿਆ ਹੈ ਅਤੇ ਜਿਸ ਤਰ੍ਹਾਂ ਅਸੀਂ ਹੋਰ ਬਿਮਾਰੀਆਂ ਲਈ ਯੋਜਨਾ ਬਣਾਉਂਦੇ ਹਾਂ ਇਸ ਬਾਬਤ ਵੀ ਉਸੇ ਢੰਗ ਨਾਲ ਕੰਮ ਕਰਨਾ ਪਏਗਾ; ਜਿਵੇਂ:

ਮੁੱਢਲੀ ਰੋਕਥਾਮ ਪਹੁੰਚ: ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਅਤੇ ਹਿੰਸਾ ਹੋਣ ਤੋਂ ਪਹਿਲਾਂ ਹੀ ਇਸ ਨੂੰ ਰੋਕਣਾ।

ਸੈਕੰਡਰੀ ਰੋਕਥਾਮ: ਜੋਖ਼ਮ ਵਾਲੀ ਆਬਾਦੀ ਅਤੇ ਜੋਖ਼ਮ ਕਾਰਕਾਂ ਨੂੰ ਨਿਸ਼ਾਨਾ ਬਣਾਉਣ ਲਈ ਸਮੂਹਿਕ ਯਤਨ ਦੀ ਲੋੜ ਹੈ ਕਿਉਂਕਿ ਹਿੰਸਕ ਵਿਹਾਰ ਛੂਤ ਵਾਲੀ ਪ੍ਰਕਿਰਿਆ ਹੈ ਅਤੇ ਇਸ ਨਾਲ ਉਸੇ ਤਰ੍ਹਾਂ ਨਜਿੱਠਣਾ ਚਾਹੀਦਾ ਹੈ। ਦੂਜਿਆਂ ਲਈ ਪਿਆਰ, ਹਮਦਰਦੀ ਅਤੇ ਦੇਖਭਾਲ ’ਤੇ ਜ਼ੋਰ ਦੇ ਕੇ ਸਮਾਜਿਕ ਸਦਭਾਵਨਾ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰੋ। ਤਰਕ ਅਤੇ ਸਬੂਤ ’ਤੇ ਗੱਲ ਕਰੋ. ਕਮਜ਼ੋਰ ਅਤੇ ਵਾਂਝੇ ਲੋਕਾਂ ਪ੍ਰਤੀ ਨਿਮਰ ਬਣੋ ਅਤੇ ਸਮਾਜ ਵਿਚ ਉਨ੍ਹਾਂ ਕਾਰਕਾਂ ਵਿਰੁੱਧ ਦ੍ਰਿੜ ਰਹੋ ਜੋ ਦੇਸ਼ ਵਿਚ ਸਮਾਜਿਕ ਸਦਭਾਵਨਾ ਦੇ ਨਾਜ਼ੁਕ ਸੰਤੁਲਨ ਨੂੰ ਵਿਗਾੜਨ ਦੀ ਕੋਸਿ਼ਸ਼ ਕਰ ਰਹੇ ਹਨ। ਇਹ ਸਮਾਂ ਹੈ ਕਿ ਅਸੀਂ ਚੁੱਪ ਤੋੜੀਏ।