ਸਮਝੌਤਿਆਂ ਦੀ ਉਲੰਘਣਾ ਨਾਲ ਭਰੋਸਾ ਟੁੱਟਦੈ: ਜੈਸ਼ੰਕਰ

ਸਮਝੌਤਿਆਂ ਦੀ ਉਲੰਘਣਾ ਨਾਲ ਭਰੋਸਾ ਟੁੱਟਦੈ: ਜੈਸ਼ੰਕਰ

ਢਾਕਾ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਚੀਨ ’ਤੇ ਵਰ੍ਹਦਿਆਂ ਕਿਹਾ ਕਿ ਜਦੋਂ ਦੇਸ਼ ਲੰਬੇ ਸਮੇਂ ਤੋਂ ਚਲ ਰਹੇ ਸਮਝੌਤਿਆਂ ਦੀ ਉਲੰਘਣਾ ਕਰਦੇ ਹਨ ਤਾਂ ਭਰੋਸਾ ਟੁੱਟਦਾ ਹੈ। ਉਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਕਰਵਾਏ ਹਿੰਦ ਮਹਾਸਾਗਰ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ। ਚੀਨ ਵੱਲੋਂ ਭਾਰਤ ਨਾਲ ਸਰਹੱਦੀ ਸਮਝੌਤੇ ਦੀ ਕੀਤੀ ਗਈ ਕਥਿਤ ਉਲੰਘਣਾ ਸਬੰਧੀ ਉਨ੍ਹਾਂ ਕਿਹਾ, ‘ਜਦੋਂ ਰਾਸ਼ਟਰ ਕਾਨੂੰਨੀ ਜ਼ਿੰਮੇਵਾਰੀਆਂ ਜਾਂ ਲੰਬੇ ਸਮੇਂ ਤੋਂ ਚਲ ਰਹੇ ਸਮਝੌਤਿਆਂ ਦੀ ਉਲੰਘਣਾ ਕਰਦੇ ਹਨ ਤਾਂ ਇਸ ਨਾਲ ਭਰੋਸੇ ਨੂੰ ਢਾਹ ਲੱਗਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਚੀਨ ਵੱਲੋਂ ਵੱਡੀ ਗਿਣਤੀ ਵਿੱਚ ਫੌਜੀਆਂ ਦੀ ਤਾਇਨਾਤੀ ਅਤੇ ਉਸ ਦਾ ਹਮਲਾਵਰ ਵਿਵਹਾਰ ਸਰਹੱਦ ਸਬੰਧੀ ਸਮਝੌਤੇ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਰਤ ਦੌਰੇ ’ਤੇ ਆਏ ਆਪਣੇ ਚੀਨੀ ਹਮਰੁਤਬਾ ਕਿਨ ਗੈਂਗ ਨੂੰ ਦੋ-ਟੁੱਕ ਸ਼ਬਦਾਂ ’ਚ ਸਾਫ਼ ਕਰ ਦਿੱਤਾ ਸੀ ਕਿ ਸਰਹੱਦ ’ਤੇ ਅਮਨ ਦੀ ਬਹਾਲੀ ਤੋਂ ਬਿਨਾਂ ਸੰਵਾਦ ਸੰਭਵ ਨਹੀਂ ਹੈ।