ਸਮਝਣਾ ਉਹ ਮੇਰਾ ਘਰ ਹੈ… : ਅੰਮ੍ਰਿਤਾ ਪ੍ਰੀਤਮ

ਸਮਝਣਾ ਉਹ ਮੇਰਾ ਘਰ ਹੈ… : ਅੰਮ੍ਰਿਤਾ ਪ੍ਰੀਤਮ

ਰਵਿੰਦਰ ਸਿੰਘ

ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਲਿਖਿਆ ਹੈ: ਇਹ 1918 ਦੀ ਕਬਰ ਵਿੱਚੋਂ ਨਿਕਲਿਆ ਇੱਕ ਪਲ ਹੈ, ਮੇਰੀ ਹੋਂਦ ਤੋਂ ਵੀ ਇੱਕ ਵਰ੍ਹਾ ਪਹਿਲਾਂ ਦਾ, ਅੱਜ ਪਹਿਲੀ ਵਾਰ ਵੇਖ ਰਹੀ ਹਾਂ, ਅੱਗੇ ਸਿਰਫ਼ ਸੁਣਿਆ ਸੀ। ਮੇਰੇ ਮਾਂ-ਬਾਪ, ਦੋਵੇਂ ਪੰਚਖੰਡ ਭਸੌੜ ਦੇ ਸਕੂਲ ਵਿੱਚ ਪੜ੍ਹਾਂਦੇ ਸਨ। ਉੱਥੋਂ ਦੇ ਮੁਖੀ ਬਾਬੂ ਤੇਜਾ ਸਿੰਘ ਜੀ ਦੀਆਂ ਬੇਟੀਆਂ ਉਨ੍ਹਾਂ ਦੇ ਵਿਦਿਆਰਥੀਆਂ ਵਿੱਚੋਂ ਸਨ। ਉਨ੍ਹਾਂ ਬੱਚੀਆਂ ਨੂੰ ਪਤਾ ਨਹੀਂ ਕੀ ਸੁੱਝੀ, ਦੋਹਾਂ ਨੇ ਰਲ ਕੇ ਕੀਰਤਨ ਕੀਤਾ, ਅਰਦਾਸ ਕੀਤੀ ਤੇ ਅਰਦਾਸ ਦੇ ਅਖੀਰ ਵਿੱਚ ਆਖ ਦਿੱਤਾ ‘‘ਦੋ ਜਹਾਨਾਂ ਦੇ ਵਾਲੀ! ਸਾਡੇ ਮਾਸਟਰ ਜੀ ਦੇ ਘਰ ਇੱਕ ਬੱਚੀ ਬਖਸ਼ੋ।’’

ਦੋ ਬੱਚੀਆਂ ਦੀ ਅਰਦਾਸ ਕਬੂਲ ਹੋਈ ਅਤੇ ਮਾਸਟਰ ਗਿਆਨੀ ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਰਾਜ ਦੇ ਘਰ ਗੁੱਜਰਾਂਵਾਲਾ (ਹੁਣ ਪਾਕਿਸਤਾਨ ’ਚ) ਵਿੱਚ 31 ਅਗਸਤ 1919 ਨੂੰ ਅੰਮ੍ਰਿਤਾ ਪ੍ਰੀਤਮ ਦਾ ਜਨਮ ਹੋਇਆ। ਕਰਤਾਰ ਸਿੰਘ ਹਿਤਕਾਰੀ ਕਵਿਤਾ ਲਿਖਦੇ ਸਨ। ਉਨ੍ਹਾਂ ਦਾ ਤਖ਼ੱਲਸ ‘ਪਿਯੂਖ’ (ਅੰਮ੍ਰਿਤ) ਸੀ। ਮਾਸਟਰ ਹਿਤਕਾਰੀ ਦੇ ਘਰ ਜਦ ਬੇਟੀ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ‘ਪਿਯੂਖ’ ਲਫ਼ਜ਼ ਨੂੰ ਪੰਜਾਬੀ ਵਿੱਚ ਉਲਥਾ ਕੇ ਬੇਟੀ ਦਾ ਨਾਮ ਅੰਮ੍ਰਿਤ ਕੌਰ ਰੱਖ ਦਿੱਤਾ ਅਤੇ ਆਪ ਪਿਯੂਖ ਤੋਂ ਹਿਤਕਾਰੀ ਬਣ ਗਏ।

ਅੰਮ੍ਰਿਤ ਕੌਰ ਦਾ ਵਿਆਹ 1936 ਵਿੱਚ ਆਪਣੀ ਭੂਆ ਦੇ ਲੜਕੇ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਇਆ। ਪੰਜਾਬ ਦੀ ਆਦਰਸ਼ ਮੁਟਿਆਰ ਵਾਂਗ ਅੰਮ੍ਰਿਤ ਕੌਰ ਨੇ ਪ੍ਰੀਤਮ ਸਿੰਘ ਨਾਲ ਕਦੇ ਨਾ ਟੁੱਟਣ ਵਾਲਾ ਰਿਸ਼ਤਾ ਗੰਢਿਆ। ਆਦਰਸ਼ ਰਿਸ਼ਤੇ ਦੀ ਰੀਝ ਨਾਲ ਉਸ ਨੇ ਆਪਣੇ ਨਾਮ ਨਾਲੋਂ ‘ਕੌਰ’ ਹਟਾ ਕੇ ਪ੍ਰੀਤਮ ਸਿੰਘ ਨਾਲੋਂ ‘ਸਿੰਘ’ ਹਟਾ ਕੇ ਆਪਣਾ ਨਵਾਂ ਨਾਮ ਅੰਮ੍ਰਿਤਾ ਪ੍ਰੀਤਮ ਰੱਖਿਆ।

ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ, 1933 ਵਿੱਚ ਗਿਆਨੀ ਪਾਸ ਕੀਤੀ। ਉਸ ਨੇ ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਪਾਸ ਕੀਤੀ। ਦੇਸੀ-ਵਿਦੇਸ਼ੀ ਸਾਹਿਤ ਪੜ੍ਹਿਆ। ਉਹ ਕਈ ਭਾਸ਼ਾਵਾਂ ਦੀ ਗਿਆਤਾ ਸੀ। ਉਸ ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ. ਦੀ ਆਨਰੇਰੀ ਡਿਗਰੀ ਪ੍ਰਾਪਤ ਹੋਈ।

ਅੰਮ੍ਰਿਤਾ ਪ੍ਰੀਤਮ ਨੇ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਕਾਵਿ-ਰਚਨਾ ਦਾ ਆਗਾਜ਼ ਕੀਤਾ ਅਤੇ ਅੱਧੀ ਸਦੀ ਤੋਂ ਵੱਧ ਇਸ ਖੇਤਰ ਵਿੱਚ ਕਿਰਿਆਸ਼ੀਲ ਰਹੀ। ਉਸ ਨੇ ਪੰਜਾਬੀ ਸਾਹਿਤ ਵਿੱਚ ਅਮਰ ਸਥਾਨ ਸਥਾਪਤ ਕੀਤਾ। ਉਸ ਦੇ ਲਗਭਗ ਵੀਹ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ। ਉਸ ਨੇ ਨਾਵਲ, ਕਹਾਣੀ, ਸਫ਼ਰਨਾਮੇ, ਸਵੈ-ਜੀਵਨੀ ਆਦਿ ਸਾਹਿਤਕ ਸਿਨਫ਼ਾਂ ’ਤੇ ਕਲਮ ਅਜ਼ਮਾਈ, ਪਰ ਉਸ ਨੂੰ ਵਧੇਰੇ ਪ੍ਰਸਿੱਧੀ ਕਵਿਤਰੀ ਵਜੋਂ ਮਿਲੀ। ਉਸ ਨੇ ਅਨੇਕਾਂ ਪੁਸਤਕਾਂ (ਪੰਜਾਬੀ, ਹਿੰਦੀ, ਅੰਗਰੇਜ਼ੀ ਵਿੱਚ) ਸੰਪਾਦਿਤ ਕੀਤੀਆਂ, ਲੋਕ ਗੀਤਾਂ ਨੂੰ ਇਕੱਤਰ ਕਰ ਕੇ ਪ੍ਰਕਾਸ਼ਿਤ ਕਰਵਾਇਆ ਅਤੇ ਇਮਰੋਜ਼ ਦੇ ਸਹਿਯੋਗ ਨਾਲ ‘ਨਾਗਮਣੀ’ ਰਸਾਲਾ ਬਤੌਰ ਸੰਪਾਦਿਕਾ ਪ੍ਰਕਾਸ਼ਿਤ ਕਰਦੀ ਰਹੀ। ਉਸ ਨੇ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਜ਼ੁਬਾਨ ਵਿੱਚ ਤਰਜਮਾ ਵੀ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਆਪਣੇ ਜੀਵਨ ਦਾ ਵਧੇਰੇ ਸਮਾਂ ਸਾਹਿਤ ਸਿਰਜਣਾ ਦੇ ਲੇਖੇ ਲਾਇਆ। ਅੰਮ੍ਰਿਤਾ ਵੱਲੋਂ ਸਿਰਜੇ ਸਾਹਿਤ ਦਾ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ ਜਿਹੜਾ ਇੱਕ ਤੋਂ ਵਧੇਰੇ ਵਾਰ ਪ੍ਰਕਾਸ਼ਿਤ ਹੋਇਆ।

ਬੁੱਧੀਜੀਵੀਆਂ ਨੇ ਅੰਮ੍ਰਿਤਾ ਪ੍ਰੀਤਮ ਨੂੰ ‘ਪੰਜਾਬ ਦੀ ਆਵਾਜ਼’, ‘ਇਸਤਰੀ ਦੀ ਆਵਾਜ਼’ ਅਤੇ ‘ਪੰਜਾਬ ਦੀ ਹੂਕ’ ਲਕਬਾਂ ਨਾਲ ਨਿਵਾਜ਼ਿਆ ਹੈ। ਉਸ ਨੂੰ ਬੇਸ਼ੁਮਾਰ ਸਨਮਾਨਾਂ ਨਾਲ ਸਤਿਕਾਰਿਆ ਤੇ ਪਿਆਰਿਆ ਗਿਆ। ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਆਪਣੇ ਆਪ ਵਿੱਚ ਸਮੁੱਚੀ ਔਰਤ ਜਾਤੀ ਦਾ ਮੂੰਹ ਬੋਲਦਾ ਇਤਿਹਾਸ ਹਨ।

ਅੰਮ੍ਰਿਤਾ ਪ੍ਰੀਤਮ ਦਾ ਪਲੇਠਾ ਕਾਵਿ-ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿੱਚ ਅਤੇ ਅਖੀਰਲਾ ਕਾਵਿ-ਸੰਗ੍ਰਹਿ ‘ਮੈਂ ਤੈਨੂੰ ਫਿਰ ਮਿਲਾਂਗੀ’ 2004 ਵਿੱਚ ਪ੍ਰਕਾਸ਼ਿਤ ਹੋਇਆ। ਅੰਮ੍ਰਿਤਾ ਨੇ ਕਵਿਤਾ ਦਾ ਆਗਾਜ਼ ਆਪਣੇ ਪਿਤਾ ਦੀ ਦੇਖ-ਰੇਖ ਹੇਠ ਰਵਾਇਤੀ ਕਵਿਤਾ ਦੇ ਰੂਪ ਵਿੱਚ ਕੀਤਾ। ਕਦਮ-ਦਰ-ਕਦਮ ਉਸ ਦੀ ਕਵਿਤਾ ਦੀ ਨੁਹਾਰ ਸਮੇਂ ਦੀ ਚਾਲ ਨਾਲ ਬਦਲਦੀ ਗਈ। ਉਸ ਨੇ ਪ੍ਰਗਤੀਵਾਦੀ ਅਤੇ ਪ੍ਰਯੋਗਵਾਦੀ ਪ੍ਰਭਾਵ ਅਧੀਨ ਚੋਖਾ ਸਾਹਿਤ ਸਿਰਜਿਆ, ਪਰ ਉਸ ਦੇ ਸਾਹਿਤ ਦਾ ਮੂਲ ਧੁਰਾ ਰੁਮਾਨੀ ਹੀ ਰਿਹਾ। ਉਸ ਨੇ ਕਵਿਤਾ ਵਿੱਚ ਵਿਸ਼ੇ ਅਤੇ ਰੂਪ ਪੱਖੋਂ ਨਵੇਂ ਪ੍ਰਯੋਗ ਵੀ ਕੀਤੇ। ਉਸ ਦੇ ਸਿਰਜੇ ਸਾਹਿਤ ਵਿੱਚ ਪੰਜਾਬੀ ਲੋਕ ਛੰਦਾਂ ਅਤੇ ਲੋਕਧਾਰਾਈ ਵੇਰਵਿਆਂ ਦੀ ਭਰਮਾਰ ਉਸ ਦੀ ਯੋਗਤਾ ਦੀ ਸਾਖ਼ ਭਰਦੀ ਹੈ।

ਅੰਮ੍ਰਿਤਾ ਪ੍ਰੀਤਮ ਦੇ ਹਿਰਦੇ ਨੂੰ 1947 ਦੀ ਵੰਡ ਨੇ ਬਹੁਤ ਪ੍ਰਭਾਵਿਤ ਕੀਤਾ। ਔਰਤਾਂ ’ਤੇ ਹੋਏ ਅਣਮਨੁੱਖੀ ਵਰਤਾਰੇ ਦਾ ਵਿਰੋਧ ਕਰਨ ਲਈ ਉਹ ਉੱਜੜੀਆਂ ਰੂਹਾਂ ਤੇ ਟੁੱਕੀਆਂ ਜ਼ੁਬਾਨਾਂ ਦੀ ਆਵਾਜ਼ ਬਣੀ। ਉਸ ਨੇ ਸੱਭਿਅਕ ਕਹੇ ਜਾਂਦੇ ਸਮਾਜ ਦੇ ਪਾਜ ਉਧੇੜ ਕੇ ਕਈ ਸਵਾਲ ਖੜ੍ਹੇ ਕੀਤੇ। ਇਹ ਉਸ ਦੀ ਕਵਿਤਾ ਦਾ ਨਵਾਂ ਵੱਡਾ ਮੋੜ ਸੀ ਜਿਸ ਦੇ ਤਹਿਤ ਉਸ ਨੇ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਵਰਗੀ ਮਹਾਨ ਕਵਿਤਾ ਰਚੀ। ਉਸ ਨੇ ਮਨੁੱਖੀ ਪੀੜ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ। ਉਸ ਦੀ ਕਲਮ ਲੋਕ-ਹਿਤੈਸ਼ੀ ਹੋ ਗਈ ਜਿਸ ਦੀ ਬਦੌਲਤ ਉਸ ਦੀ ਕਵਿਤਾ ਨੇ ਸਿਖ਼ਰਾਂ ਛੋਹੀਆਂ। ਉਹ ਨਿੱਜੀ ਪਿਆਰ ਦੇ ਵਿਸ਼ਾਦ ਤੋਂ ਮੁਕਤ ਹੋ ਕੇ ਸਮੁੱਚੀ ਮਾਨਵਤਾ ਦੇ ਪਿਆਰ ਨੂੰ ਸਮਰਪਿਤ ਹੋਈ। ਇਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੀ ਸਵੈ-ਪੀੜ ਮਾਨਵਤਾ ਦੀ ਪੀੜ ਨੂੰ ਮਾਪਣ ਦੇ ਤੁਲ ਹੋ ਗਈ।

ਹਾਕਮਾਂ ਦੇ ਕੋਝੇ ਵਿਹਾਰ ਵਿਰੁੱਧ ਉਸ ਨੇ ਲੋਕ ਲਹਿਰਾਂ ਨੂੰ ਖਿੜੇ ਮੱਥੇ ਸਵੀਕਾਰਿਆ। ਰੁਮਾਨੀ ਭਾਵਾਂ ਨੂੰ ਲਾਂਭੇ ਰੱਖ ਕੇ ਆਪਣੀ ਕਵਿਤਾ ਨੂੰ ਲੋਕ ਲਹਿਰਾਂ ਦੇ ਲੇਖੇ ਲਾਇਆ। ਉਹ ਸਮੂਹ ਇਸਤਰੀਆਂ ਦੀ ਪ੍ਰਤੀਨਿਧ ਕਵਿੱਤਰੀ ਹੈ। ਔਰਤਾਂ ਲਈ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਨਾਹਰਾ ਮਾਰਦੀ ਹੈ। ਉਹ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੇ ਮਨ ਦੀਆਂ ਅਣਛੋਹੀਆਂ ਪਰਤਾਂ ਨੂੰ ਫਰੋਲਦੀ ਹੈ। ਸਮਾਜਿਕ ਸੱਚ ਦੀ ਪੇਸ਼ਕਾਰੀ ਨਿਝੱਕ ਹੋ ਕੇ ਸਰਲ ਸ਼ੈਲੀ ਵਿੱਚ ਕਰਦੀ ਹੈ।

ਸਾਮੰਤੀ ਅਤੇ ਪਿਤਰਕੀ ਕੀਮਤਾਂ ਦੀ ਪੱਕੀ-ਪੀਢੀ ਪਕੜ ਨੂੰ ਖੋਰਾ ਲਾਉਣ ਵਾਲੀ, ਨਾਰੀ ਦੇ ਸੁਤੰਤਰ ਵਿਅਕਤਿਤਵ ਨੂੰ ਸਥਾਪਤ ਕਰਨ ਦਾ ਜਜ਼ਬਾ ਰੱਖਣ ਵਾਲੀ, ਆਜ਼ਾਦੀ ਦੀ ਸ਼ਮ੍ਹਾਂ ਰੁਸ਼ਨਾਉਣ ਵਾਲੀ ਅੰਮ੍ਰਿਤਾ ਪ੍ਰੀਤਮ ਹਰ ਸੁਤੰਤਰ ਰੂਹ ਵਿੱਚ ਆਪਣੀ ਹੋਂਦ ਸਵੀਕਾਰਦੀ ਸੀ ਅਤੇ ਅੱਜ ਵੀ ਆਪਣੀ ਕਵਿਤਾ ਜ਼ਰੀਏ ਹਰੇਕ ਆਜ਼ਾਦ ਸੋਚ ਵਿੱਚ ਜਿਉਂਦੀ ਹੈ:

ਅੱਜ ਮੈਂ ਆਪਣੇ ਘਰ ਦਾ

ਨੰਬਰ ਮਿਟਾਇਆ ਹੈ

ਗਲੀ ਦੇ ਮੱਥੇ ’ਤੇ ਲੱਗਾ

ਗਲੀ ਦਾ ਨਾਉਂ ਹਟਾਇਆ ਹੈ

ਤੇ ਹਰ ਸੜਕ ਦੀ ਦਿਸ਼ਾ ਦਾ ਨਾਉਂ

ਪੂੰਝ ਦਿੱਤਾ ਹੈ…

ਪਰ ਜੇ ਤੁਸਾਂ ਮੈਨੂੰ ਜ਼ਰੂਰ ਲੱਭਣਾ ਹੈ

ਤਾਂ ਹਰ ਦੇਸ਼ ਦੇ ਹਰ ਸ਼ਹਿਰ ਦੀ

ਹਰ ਗਲੀ ਦਾ ਬੂਹਾ ਠਕੋਰੋ

ਇਹ ਇੱਕ ਸਰਾਪ ਹੈ ਇੱਕ ਵਰ ਹੈ

ਤੇ ਜਿੱਥੇ ਵੀ ਸੁਤੰਤਰ ਰੂਹ ਦੀ ਝਲਕ ਪਵੇ

ਸਮਝਣਾ ਉਹ ਮੇਰਾ ਘਰ ਹੈ…