‘ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ’ ਵਿਸ਼ੇ ’ਤੇ ਹੋਈ ਬਰੈਂਪਟਨ ’ਚ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ

‘ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ’ ਵਿਸ਼ੇ ’ਤੇ ਹੋਈ ਬਰੈਂਪਟਨ ’ਚ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ

ਦੋ ਦਿਨ ਚੱਲੀ ਕਾਨਫ਼ਰੰਸ ਦੇ ਪੰਜ ਸੈਸ਼ਨਾਂ ’ਚ ਵਿਦਵਾਨਾਂ ਵੱਲੋਂ ਪੜ੍ਹੇ ਗਏ 25 ਪਰਚੇ

ਬਰੈਂਪਟਨ : ਲੰਘੇ ਸ਼ਨੀਵਾਰ ਤੇ ਐਤਵਾਰ 29-30 ਜੁਲਾਈ ਨੂੰ ਬਰੈਂਪਟਨ ਦੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਦੇ ਵਿਸ਼ਾਲ ਹਾਲ ਵਿੱਚ ‘ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ’ ਵਿਸ਼ੇ ’ਤੇ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਕਾਨਫ਼ਰੰਸ ਦੇ ਆਰੰਭ ਵਿਚ ਇਸ ਦੇ ਸਰਪ੍ਰਸਤ ਪ੍ਰਿਤਪਾਲ ਸਿੰਘ ਚੱਗਰ ਵੱਲੋਂ ਆਏ ਮਹਿਮਾਨਾਂ ਦਾ ਸੁਆਗ਼ਤ ਕੀਤਾ ਗਿਆ ਅਤੇ ਇਸ ਦਾ ਉਦਘਾਟਨ ਮੁੱਖ ਮਹਿਮਾਨਾਂ ਅਤੇ ਆਯੋਜਕਾਂ ਵੱਲੋਂ ਮਿਲ ਕੇ ਸ਼ਮ੍ਹਾਂ ਜਗਾਉਣ ਤੋਂ ਬਾਅਦ ਮਿਸੀਸਾਗਾ ਦੀ ਐੱਮ.ਪੀ.ਪੀ. ਨੀਨਾ ਤਾਂਗੜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਹਾਰਮੋਨੀਅਮ ’ਤੇ ਅਰਦਾਸ ਦੇ ਸ਼ਬਦ ਅਤੇ ਕੈਨੇਡਾ ਦੇ ਕੌਮੀ-ਗੀਤ ‘ਓ ਕੈਨੇਡਾ’ ਨਾਲ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਕੁੰਜੀਵੱਤ-ਭਾਸ਼ਨ ਗੁਰੂ ਗ੍ਰੰਥ ਸਾਹਿਬ ਵੱਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਵਾਈਸ-ਚਾਂਸਲਰ ਡਾ. ਸ਼ਿੰਦਰਪਾਲ ਸਿੰਘ ਵੱਲੋਂ ਪੰਜਾਬੀ ਸੱਭਿਆਚਾਰ ਦੇ ਪਸਾਰ ਲਈ ਧਰਮ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ। ਸੈਸ਼ਨ ਦੇ ਦੂਸਰੇ ਬੁਲਾਰੇ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਆਪਣੀ ਗੱਲ ਕਲਚਰ, ਕਸਟਮ ਅਤੇ ਕਾਨੂੰਨ ਤਿੰਨਾਂ ਹੀ ਪੱਖਾਂ ਨਾਲ ਜੋੜ ਕੇ ਕੀਤੀ। ਉਪਰੰਤ, ਕਾਨਫ਼ਰੰਸ ਦੇ ਪ੍ਰਧਾਨ ਗਿਆਨ ਸਿੰਘ ਕੰਗ ਅਤੇ ਚੇਅਰਮੈਨ ਕੰਵਲਜੀਤ ਲਾਲੀਕਿੰਗ ਵੱਲੋਂ ਇਸ ਕਾਨਫ਼ਰੰਸ ਵਿੱਚ ਕੈਨੇਡਾ ਅਤੇ ਵਿਦੇਸ਼ਾਂ ਤੋਂ ਪਹੁੰਚੇ ਸਮੂਹ ਬੁਲਾਰਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ ਵਿਸ਼ਵ ਪੱਧਰ ’ਤੇ ‘ਪੰਜਾਬੀ ਸੰਗੀਤ ਅਤੇ ਸਿੱਖ ਫ਼ਲਸਫ਼ੇ ਦੀ ਭੂਮਿਕਾ’ ਵਿਸ਼ੇ ਦੇ ਵੱਖ-ਵੱਖ ਪੱਖਾਂ ‘ਤੇ ਰੌਸ਼ਨੀ ਪਾਉਂਦੇ ਪੇਪਰ ਭੁਪਿੰਦਰ ਦੁਲੇ, ਦੀਪਕ ਸ਼ਰਮਾ ਚਨਾਰਥਲ, ਪੂਰਨ ਸਿੰਘ ਪਾਂਧੀ, ਡਾ. ਗੁਰਨਾਮ ਕੌਰ ਬੱਲ, ਪ੍ਰੋ. ਕੁਲਦੀਪ ਕੌਰ ਪਾਹਵਾ ਅਤੇ ਡਾ. ਦਵਿੰਦਰ ਸਿੰਘ ਸੇਖੋਂ ਵੱਲੋਂ ਪੜ੍ਹੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਡਾ. ਕੰਵਲਜੀਤ ਕੌਰ ਗਿੱਲ ਨੇ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਲਹਿੰਦੇ ਪੰਜਾਬ ਤੋਂ ਉਜ਼ਮਾ ਮਹਿਮੂਦ ਸਨ। ਇਸ ਸੈਸ਼ਨ ਦਾ ਸੰਚਾਲਨ ਸੁਰਜੀਤ ਕੌਰ ਟੋਰਾਂਟੋ ਵੱਲੋਂ ਕੀਤਾ ਗਿਆ। ਦੂਸਰੇ ਅਕਾਦਮਿਕ ਸੈਸ਼ਨ ‘ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ’ ਦੇ ਪਹਿਲੇ ਬੁਲਾਰੇ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਸਨ ਜਿਨ੍ਹਾਂ ਨੇ ਆਪਣੇ ਪਰਚੇ ਵਿੱਚ ਵਿਸ਼ਵ ਪੱਧਰ ’ਤੇ ਖੇਡਾਂ ਨਾਲ ਜੁੜੇ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ। ਸੈਸ਼ਨ ਦੇ ਦੂਸਰੇ ਬੁਲਾਰੇ ਰੇਖਾ ਮਹਾਜਨ ਵੱਲੋਂ ਆਪਣੇ ਪੇਪਰ ਵਿੱਚ ਸਕੂਲੀ ਸਿੱਖਿਆ ਕੇਵਲ ਮਾਤ-ਭਾਸ਼ਾ ਵਿੱਚ ਹੀ ਦੇਣ ਦੀ ਗੱਲ ਕੀਤੀ ਗਈ। ਇਸ ਸੈਸ਼ਨ ਦੇ ਤੀਸਰੇ, ਚੌਥੇ ਅਤੇ ਪੰਜਵੇਂ ਬੁਲਾਰਿਆਂ ਵਿੱਚ ਸ਼ਾਮਲ ਬਬਨੀਤ ਕੌਰ, ਸੁਰਿੰਦਰਜੀਤ ਕੌਰ ਅਤੇ ਅਰਤਿੰਦਰ ਸੰਧੂ ਵੱਲੋਂ ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਅਜੋਕੀ ਸਥਿਤੀ, ਕਿਸਾਨ ਅੰਦੋਲਨ ਅਤੇ ਗਲੋਬਲ ਮੰਡੀਕਰਨ ਦੇ ਸੱਭਿਆਚਾਰ ‘ਤੇ ਪਏ ਪ੍ਰਭਾਵ ਬਾਰੇ ਪੇਪਰ ਪੇਸ਼ ਕੀਤੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਦਵਿੰਦਰ ਸਿੰਘ ਸੇਖੋਂ ਵੱਲੋਂ ਕੀਤੀ ਗਈ ਅਤੇ ਇਸ ਦੇ ਵਿਸ਼ੇਸ਼ ਮਹਿਮਾਨ ਭਾਰਤ ਤੋਂ ਆਏ ਬਲਵਿੰਦਰ ਸਿੰਘ ਸੰਧੂ ਸਨ, ਜਦਕਿ ਇਸ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਤੀਸਰੇ ਸੈਸ਼ਨ ‘ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸੱਭਿਆਚਾਰ ’ਤੇ ਵਿਭਿੰਨ ਪ੍ਰਭਾਵ’ ਵਿਚ ਤਿੰਨ ਪੇਪਰ ਪੜ੍ਹੇ ਗਏ ਜਿਨ੍ਹਾਂ ਵਿੱਚ ਲਹਿੰਦੇ ਪੰਜਾਬ ਦੇ ਜਨਾਬ ਮਤਲੂਬ ਵੜੈਚ ਦਾ ਪੇਪਰ ‘1947 ਦੀ ਵੰਡ ਦਾ ਪੰਜਾਬੀ ਸੱਭਿਆਚਾਰ ਉੱਪਰ ਪ੍ਰਭਾਵ’, ਬਲਵਿੰਦਰ ਸਿੰਘ ਸੰਧੂ ਦਾ ਪੇਪਰ ‘ਪੰਜਾਬ ਦੇ ਪੌਣ-ਪਾਣੀ ਨੂੰ ਸਾਫ਼ ਰੱਖਣ ਲਈ ਜਾਗਰੂਕਤਾ ਮੁਹਿੰਮ’ ਅਤੇ ਡਾ. ਡੀ.ਪੀ. ਸਿੰਘ ਦਾ ਪੇਪਰ ‘ਪੰਜਾਬੀ ਸੱਭਿਆਚਾਰ ਅਤੇ ਆਰਟੀਫਿਸ਼ਲ ਇੰਟੈਲੀਜੈਂਸ’ ਬਾਰੇ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਕੁਲਦੀਪ ਕੌਰ ਪਾਹਵਾ ਵੱਲੋਂ ਕੀਤੀ ਗਈ ਅਤੇ ਇਸ ਦਾ ਸੰਚਾਲਨ ਡਾ. ਅਮਰਦੀਪ ਬਿੰਦਰਾ ਵੱਲੋਂ ਕੀਤਾ ਗਿਆ।
ਕਾਨਫ਼ਰੰਸ ਦੇ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਲੋਕਧਾਰਾ ਦੇ ਮਾਹਿਰ ਡਾ. ਨਾਹਰ ਸਿੰਘ ਵੱਲੋਂ ਕੀਤੀ ਗਈ ਅਤੇ ਇਸ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਇਸ ਵਿੱਚ ਤਿੰਨ ਪਰਚੇ ਪੜ੍ਹੇ ਗਏ ਜਿਨ੍ਹਾਂ ਵਿੱਚੋਂ ਪਹਿਲਾ ਪੇਪਰ ਹਰਜੀਤ ਸਿੰਘ ਗਰੇਵਾਲ ਦਾ ‘ਗੁਰਮੁਖੀ, ਗੁਰਬਾਣੀ ਅਤੇ ਗਤਕਾ’ ਵਿਸ਼ੇ ’ਤੇ ਸੀ। ਦੂਸਰਾ ਪੇਪਰ ਮੇਜਰ ਸਿੰਘ ਨਾਗਰਾ ਦਾ ‘ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵਿੱਚ ਮੀਡੀਆ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਭੂਮਿਕਾ’ ਉੱਪਰ ਸੀ। ਸੈਸ਼ਨ ਦੇ ਤੀਸਰੇ ਬੁਲਾਰੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਸਨ ਜਿਨ੍ਹਾਂ ਵੱਲੋਂ ‘ਪੰਜਾਬ ਵਿੱਚੋਂ ਹੋ ਰਹੇ ਪਰਵਾਸ ਦਾ ਕੈਨੇਡੀਅਨ ਸਭਿਆਚਾਰ ’ਤੇ ਪ੍ਰਭਾਵ’ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੂਸਰੇ ਦਿਨ ਦੇ ਦੂਸਰੇ ਸੈਸ਼ਨ ਵਿੱਚ ਪਹਿਲਾ ਪੇਪਰ ਬਰੈਂਪਟਨ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਵਿਚਰ ਰਹੇ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਵੱਲੌਂ ‘ਪੰਜਾਬੀ ਸੱਭਿਆਚਾਰ ’ਤੇ ਕੰਪਿਊਟਰੀਕਰਨ ਦਾ ਪ੍ਰਭਾਵ’ ਸਬੰਧੀ ਪੇਸ਼ ਕੀਤਾ ਗਿਆ। ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਆਪਣੇ ਪੇਪਰ ਵਿੱਚ ‘ਲਾਇਬ੍ਰੇਰੀ ਲਹਿਰ ਦੇ ਪੰਜਾਬੀ ਸੱਭਿਆਚਾਰ ਉੱਤੇ ਪਏ ਪ੍ਰਭਾਵ’ ਬਾਰੇ ਗੱਲ ਕੀਤੀ ਗਈ, ਜਦਕਿ ਤੀਸਰੇ ਬੁਲਾਰੇ ਦਰਸ਼ਨਦੀਪ ਅਰੋੜਾ ਵੱਲੋਂ ‘ਵਿਦਿਆਰਥੀਆਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕ ਦੀ ਭੂਮਿਕਾ’ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ। ਏਸੇ ਸੈਸ਼ਨ ਵਿਚ ਮੀਡੀਆ ਸੰਚਾਰਕ ਪਲਵਿੰਦਰ ਆਹਲੂਵਾਲੀਆ ਨੇ ਇਲੈਕਟ?ਰੌਨਿਕ ਮੀਡੀਆ ਦੇ ਪੰਜਾਬੀ ਸੱਭਿਆਚਾਰ ਉੱਪਰ ਪੈ ਰਹੇ ਚੰਗੇ ਤੇ ਮਾੜੇ ਦੋਹਾਂ ਤਰ੍ਹਾਂ ਦੇ ਅਸਰ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਲਹਿੰਦੇ ਪੰਜਾਬ ਦੇ ਪ੍ਰੋ. ਆਸ਼ਿਕ ਰਹੀਲ ਵੱਲੋਂ ਕੀਤੀ ਗਈ ਅਤੇ ਇਸ ਦੇ ਵਿਸ਼ੇਸ਼ ਮਹਿਮਾਨ ਵੀ ਲਹਿੰਦੇ ਪੰਜਾਬ ਦੇ ਜਨਾਬ ਅਫ਼ਜ਼ਲ ਰਾਜ਼ ਸਨ, ਜਦਕਿ ਇਸ ਦਾ ਸੰਚਾਲਨ ਡਾ. ਅਮਰਦੀਪ ਬਿੰਦਰਾ ਵੱਲੋਂ ਕੀਤਾ ਗਿਆ।
ਕਾਨਫ਼ਰੰਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਕਈ ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਜਨਾਬ ਸ਼ਫ਼ਾਕ ਅਹਿਮਦ ਤੇ ਦੀਪਕ ਅਨੰਦ, ਐਮ.ਪੀ.ਪੀ. ਨੀਨਾ ਤਾਂਗੜੀ ਤੇ ਅਮਰਜੋਤ ਸੰਧੂ ਅਤੇ ਕਈ ਹੋਰ ਸ਼ਾਮਲ ਸਨ। ਦੁਪਹਿਰ ਦੇ ਭੋਜਨ ਤੋਂ ਬਾਅਦ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਸੰਚਾਲਨ ਉੱਘੀ ਕਵਿੱਤਰੀ ਸੁਰਜੀਤ ਕੌਰ ਟੋਰਾਂਟੋ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਕਵੀ ਦਰਬਾਰ ਵਿਚ 38 ਕਵੀਆਂ ਵੱਲੋਂ ਭਾਗ ਲੈ ਕੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਉੱਘੇ ਕਵੀ ਜਸਪਾਲ ਧਾਮੀ, ਬਲਵਿੰਦਰ ਸੰਧੂ, ਦੀਪਕ ਸ਼ਰਮਾ ਚਨਾਰਥਲ, ਹਰਦਿਆਲ ਝੀਤਾ, ਗੁਰਦੇਵ ਚੌਹਾਨ, ਅਰਤਿੰਦਰ ਸੰਧੂ, ਉਜ਼ਮਾ ਮਹਿਮੂਦ ਅਤੇ ਬਲਰਾਜ ਧਾਲੀਵਾਲ ਸ਼ਾਮਲ ਸਨ। ਇਸ ਦੌਰਾਨ ਦੋ ਪੁਸਤਕਾਂ ਵੀ ਲੋਕ-ਅਰਪਿਤ ਕੀਤੀਆਂ ਗਈਆਂ। ਕਾਨਫ਼ਰੰਸ ਦੇ ਅਖ਼ੀਰ ਵੱਲ ਵੱਧਦਿਆਂ ਕੁਝ ਲੇਡੀ ਮੈਂਬਰਾਂ ਵੱਲੋਂ ਪੰਜਾਬ ਦੇ ਲੋਕ-ਨਾਚ ‘ਗਿੱਧੇ’ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਸਫ਼ਲ ਆਯੋਜਨ ਦੀ ਵਧਾਈ ਦਿੰਦਿਆਂ ਹੋਇਆਂ ਕਾਨਫ਼ਰੰਸ ਦੇ ਆਯੋਜਕਾਂ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਅੱਗੋਂ ਹੋਰ ਵੀ ਅਜਿਹੀਆਂ ਵਿਸ਼ਵ ਕਾਨਫ਼ਰੰਸਾਂ ਕਰਵਾਉਣ ਦਾ ਵਾਅਦਾ ਕੀਤਾ ਗਿਆ।