ਸਭ ਤੋਂ ਖ਼ਤਰਨਾਕ ਦੇਸ਼ਾਂ ਵਿੱਚੋਂ ਇਕ ਹੈ ਪਾਕਿਸਤਾਨ: ਬਾਇਡਨ

ਸਭ ਤੋਂ ਖ਼ਤਰਨਾਕ ਦੇਸ਼ਾਂ ਵਿੱਚੋਂ ਇਕ ਹੈ ਪਾਕਿਸਤਾਨ: ਬਾਇਡਨ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ‘ਪਾਕਿਸਤਾਨ ਦੁਨੀਆ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਹੈ’ ਕਿਉਂਕਿ ‘ਉਸ ਕੋਲ ਬਿਨਾਂ ਕਿਸੇ ਸਮਝੌਤੇ ਜਾਂ ਨਿਗਰਾਨੀ ਤੋਂ ਪਰਮਾਣੂ ਹਥਿਆਰ ਹਨ।’ ਉਨ੍ਹਾਂ ਇਹ ਟਿੱਪਣੀਆਂ ਡੈਮੋਕਰੈਟਿਕ ਪਾਰਟੀ ਦੇ ਇਕ ਸਮਾਗਮ ਵਿਚ ਕੀਤੀਆਂ। ਅਮਰੀਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਆਲਮੀ ਪੱਧਰ ’ਤੇ ਬਦਲ ਰਹੀਆਂ ਭੂਗੋਲਿਕ ਤੇ ਸਿਆਸੀ ਸਥਿਤੀਆਂ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਬਾਇਡਨ ਮੁਤਾਬਕ ਪਾਕਿਸਤਾਨ ਕੋਲ ਪਏ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਕੁਝ ਵੀ ਮੌਜੂਦ ਨਹੀਂ ਹੈ ਤੇ ਇਹ ਬਿਨਾਂ ਕਿਸੇ ਤਾਲਮੇਲ-ਸਹਿਮਤੀ ਦੇ ਮੌਜੂਦ ਹਨ। ਪੱਛਮੀ ਮੁਲਕ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਫ਼ਿਕਰ ਜ਼ਾਹਿਰ ਕਰ ਚੁੱਕੇ ਹਨ। ਪੱਛਮ ਵਿਚ ਕਈਆਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਅਤਿਵਾਦੀਆਂ ਜਾਂ ਜਹਾਦੀਆਂ ਦੇ ਹੱਥ ਲੱਗ ਸਕਦੇ ਹਨ।

ਦੱਸਣਯੋਗ ਹੈ ਕਿ ਬਰੁਕਿੰਗਸ ਦੇ ਵਿਦੇਸ਼ ਨੀਤੀ ਪ੍ਰੋਗਰਾਮ ਦੇ ਸੀਨੀਅਰ ਫੈਲੋ ਮਾਰਵਿਨ ਕਾਲਬ ਨੇ ਕਿਹਾ ਹੈ ਕਿ, ‘ਮਈ 1998 ਤੋਂ ਲੈ ਕੇ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਇਹ ਡਰ ਜ਼ਾਹਿਰ ਕਰਦੇ ਰਹੇ ਹਨ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਗਲਤ ਹੱਥ ਲੱਗ ਸਕਦੇ ਹਨ। ਪਾਕਿਸਤਾਨ ਨੇ ਕੌਮੀ ਸੁਰੱਖਿਆ ਦੇ ਹਵਾਲੇ ਨਾਲ 1998 ਵਿਚ ਹਥਿਆਰਾਂ ਦੇ ਪ੍ਰੀਖਣ ਸ਼ੁਰੂ ਕੀਤੇ ਸਨ।’ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਤੋਂ ਬਾਅਦ ਵਧੇ ਹੌਸਲੇ ਨਾਲ ਪਾਕਿਸਤਾਨ ਦੇ ਜਹਾਦੀ ਵੀ ਪਰਮਾਣੂ ਹਥਿਆਰਾਂ ਨੂੰ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।’ ਅਮਰੀਕੀ ਦੇ ਚੋਟੀ ਦੇ ਫ਼ੌਜੀ ਜਨਰਲ ਮਾਰਕ ਮਿਲੇਅ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਅਫ਼ਗਾਨਿਸਤਾਨ ਵਿਚੋਂ ਫ਼ੌਜ ਤੇਜ਼ੀ ਨਾਲ ਨਿਕਲਣ ਨਾਲ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਲਈ ਖ਼ਤਰਾ ਵਧ ਗਿਆ ਹੈ। ਆਪਣੇ ਭਾਸ਼ਣ ਵਿਚ ਬਾਇਡਨ ਨੇ ਕਿਹਾ ਕਿ ਸੰਸਾਰ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਹੁਣ ਭਾਈਵਾਲੀਆਂ ਬਾਰੇ ਨਵੇਂ ਸਿਰਿਓਂ ਸੋਚਣ ਦਾ ਸਮਾਂ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਸਚਾਈ ਇਹ ਹੈ ਤੇ ਮੈਂ ਯਕੀਨੀ ਤੌਰ ’ਤੇ ਮੰਨਦਾ ਹਾਂ ਕਿ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਇਹ ਕੋਈ ਮਜ਼ਾਕ ਨਹੀਂ ਹੈ। ਇੱਥੋਂ ਤੱਕ ਕਿ ਸਾਡੇ ਦੁਸ਼ਮਣ ਵੀ ਸਾਡੇ ਵੱਲ ਦੇਖ ਰਹੇ ਹਨ ਕਿ ਅਸੀਂ ਕਿਵੇਂ ਇਸ ਦਾ ਹੱਲ ਕੱਢਾਂਗੇ, ਅਸੀਂ ਕੀ ਕਰਾਂਗੇ। ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ।’ ਬਾਇਡਨ ਨੇ ਨਾਲ ਹੀ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਅਗਵਾਈ ਦੀ ਸਮਰੱਥਾ ਹੈ, ਇਹ ਦੁਨੀਆ ਨੂੰ ਉਸ ਪਾਸੇ ਤੋਰ ਸਕਦਾ ਹੈ ਜਿੱਧਰ ਨੂੰ ਅਸੀਂ ਪਹਿਲਾਂ ਕਦੇ ਨਹੀਂ ਗਏ।’ ਜ਼ਿਕਰਯੋਗ ਹੈ ਕਿ ਯੂਕਰੇਨ ਨਾਲ ਲੱਗੀ ਜੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਟੀਵੀ ’ਤੇ ਆ ਕੇ ਪਰਮਾਣੂ ਹਮਲਿਆਂ ਦੀ ਧਮਕੀ ਦੇ ਚੁੱਕੇ ਹਨ।