ਸਬ-ਤਹਿਸੀਲ ਦਾ ਗੇਟ ਬੰਦ ਕਰ ਕੇ ਕਿਸਾਨਾਂ ਵੱਲੋਂ ਧਰਨਾ

ਸਬ-ਤਹਿਸੀਲ ਦਾ ਗੇਟ ਬੰਦ ਕਰ ਕੇ ਕਿਸਾਨਾਂ ਵੱਲੋਂ ਧਰਨਾ

ਸਮਾਲਸਰ ਦੇ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਤੋਂ ਬਚਾਈ
ਸਮਾਲਸਰ- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਸਮਾਲਸਰ ਦੇ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਤੋਂ ਰੋਕ ਦਿੱਤੀ। ਇਸ ਸਬੰਧੀ ਬੀਕੇਯੂ ਉਗਰਾਹਾਂ ਨੇ ਸਮਾਲਸਰ ਦੀ ਸਬ-ਤਹਿਸੀਲ ਅੱਗੇ ਧਰਨਾ ਲਾ ਕੇ ਗੇਟ ਸਵੇਰ ਤੋਂ ਸ਼ਾਮ ਪੰਜ ਵਜੇ ਤੱਕ ਬੰਦ ਰੱਖਿਆ ਜਿਸ ਕਾਰਨ ਤਹਿਸੀਲ ਦਾ ਕੰਮ ਪ੍ਰਭਾਵਿਤ ਹੋਇਆ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਬਾਘਾਪੁਰਾਣਾ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਕਲਾਂ ਨੇ ਦੱਸਿਆ ਕਿ ਸਮਾਲਸਰ ਵਾਸੀ ਹਰਨੇਕ ਸਿੰਘ ਤੋਂ ਸਮਾਲਸਰ ਦੇ ਹੀ ਗੁਰਦੇਵ ਸਿੰਘ ਨੇ ਜ਼ਮੀਨ ਸਬੰਧੀ ਪੈਸਾ ਲੈਣਾ ਸੀ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲਦਾ ਰਿਹਾ। ਹੁਣ ਬਾਘਾਪੁਰਾਣਾ ਦੀ ਅਦਾਲਤ ਦੇ ਜੱਜ ਰਵਨੀਤ ਸਿੰਘ ਨੇ ਸਬ-ਤਹਿਸੀਲ ਸਮਾਲਸਰ ਦੇ ਤਹਿਸੀਲਦਾਰ ਨੂੰ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਕਰਨ ਦੇ ਹੁਕਮ ਦਿੱਤੇ ਸਨ ਅਤੇ ਅੱਜ ਉਸ ਦੀ ਜ਼ਮੀਨ ਨਿਲਾਮ ਕੀਤੀ ਜਾਣੀ ਸੀ। ਜ਼ਮੀਨ ਨਿਲਾਮ ਹੋਣ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਦੀ ਅਗਵਾਈ ਵਿੱਚ ਸਬ-ਤਹਿਸੀਲ ਅੱਗੇ ਧਰਨਾ ਲਾ ਕੇ ਮੇਨ ਗੇਟ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਯੂਨੀਅਨ ਨਾਲ ਆਗੂਆਂ ਦੀ ਹਾਜ਼ਰੀ ਵਿਚ ਪਹਿਲਾਂ ਗੁਰਦੇਵ ਸਿੰਘ ਨੇ 6 ਕਨਾਲ, ਫੇਰ 12 ਕਨਾਲ ਅਤੇ ਫੇਰ ਢਾਈ ਏਕੜ ਜ਼ਮੀਨ ਲੈ ਕੇ ਮਸਲਾ ਹੱਲ ਕਰਨਾ ਮੰਨ ਲਿਆ ਸੀ। ਜ਼ਮੀਨ ਦਾ ਕਬਜ਼ਾ ਗੁਰਦੇਵ ਸਿੰਘ ਨੂੰ ਦੇਣ ਲਈ ਕਰੀਬ ਸਾਲ ਭਰ ਢਾਈ ਏਕੜ ਜ਼ਮੀਨ ਵਿਹਲੀ ਛੱਡ ਦਿੱਤੀ ਗਈ ਸੀ ਪਰ ਗੁਰਦੇਵ ਸਿੰਘ ਉਸ ਤੋਂ ਮੁਕਰ ਗਿਆ। ਹਰਨੇਕ ਸਿੰਘ ਯੂਨੀਅਨ ਆਗੂਆਂ ਦੀ ਹਾਜ਼ਰੀ ਵਿਚ ਅੱਜ ਵੀ ਇਸ ਸਮਝੌਤੇ ’ਤੇ ਕਾਇਮ ਸੀ ਪਰ ਗੁਰਦੇਵ ਸਿੰਘ ਤਾਂ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਕਰਵਾਉਣ ਲਈ ਬਜ਼ਿੱਦ ਸੀ। ਬੀਕੇਯੂ ਉੇਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਯੂਨੀਅਨ ਕਿਸੇ ਵੀ ਹਾਲਤ ਵਿਚ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਨਹੀਂ ਹੋਣ ਦੇਵੇਗੀ।

ਇਸ ਧਰਨੇ ਨੂੰ ਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਦੀਪ ਸਿੰਘ, ਗੁਰਜੀਤ ਕੌਰ, ਸੁਖਜੀਤ ਕੌਰ ਆਦਿ ਨੇ ਸੰਬੋਧਨ ਕੀਤਾ। ਅਦਾਲਤ ਨੇ ਹਰਨੇਕ ਸਿੰਘ ਤੋਂ 82 ਲੱਖ ਰੁਪਏ ਸਮੇਤ ਵਿਆਜ ਵਸੂਲਣ ਲਈ ਹਰਨੇਕ ਸਿੰਘ ਦੀ ਜ਼ਮੀਨ ਨਿਲਾਮ ਕਰਨ ਦੇ ਹੁਕਮ ਜਾਰੀ ਕੀਤੇ ਸਨ। ਦਫਤਰੀ ਕਾਮਿਆਂ ਨੇ ਦੱਸਿਆ ਕਿ ਅੱਜ ਸਬ-ਤਹਿਸੀਲ ਸਮਾਲਸਰ ਦੇ ਤਹਿਸੀਲਦਾਰ ਅਰਵਿੰਦਰ ਸਿੰਘ ਛੁੱਟੀ ’ਤੇ ਹਨ।