ਸਨਅਤਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ: ਮਾਨ

ਸਨਅਤਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ: ਮਾਨ

ਮੁੱਖ ਮੰਤਰੀ ਵੱਲੋਂ ਮੁੰਬਈ ਦੇ ਸਨਅਤਕਾਰਾਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੰਬਈ ਵਿੱਚ ਕਈ ਸਨਅਤਕਾਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾ ਨੂੰ ਪੰਜਾਬ ਵਿੱਚ ਸਨਅਤਾਂ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਗੋਦਰੇਜ, ਹਿੰਦੋਸਤਾਨ ਯੂਨੀਲਿਵਰ, ਮਫਤਲਾਲ ਗਰੁੱਪ, ਮਹਿੰਦਰਾ ਐਂਡ ਮਹਿੰਦਰਾ, ਜਿੰਦਲ ਸਟੀਲਜ਼ ਅਤੇ ਹੋਰਾਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮਾਨ ਨੇ ਕਿਹਾ ਕਿ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ ਧੋਖਾ ਤੇ ਛਲਾਵਾ ਸੀ। ਇਸ ਦਾ ਕੋਈ ਸਾਰਥਕ ਮਨੋਰਥ ਨਹੀਂ ਸੀ। ਇਸ ਨੇ ਨਾ ਸਿਰਫ ਸੰਭਾਵੀ ਨਿਵੇਸ਼ਕਾਂ ਦਾ ਮਨੋਬਲ ਤੋੜਿਆ ਸਗੋਂ ਸੂਬੇ ਦੇ ਸਨਅਤੀ ਵਿਕਾਸ ਵਿੱਚ ਵੀ ਰੁਕਾਵਟ ਪਾਈ। ਹੁਣ ਪੰਜਾਬ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਹਿੰਦੋਸਤਾਨ ਯੂਨੀਲਿਵਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਨਾਭਾ ਵਿੱਚ ਸਥਾਪਤ ਟੋਮਾਟੋ ਕੈਚਪ ਦੇ ਪਲਾਂਟ ਦਾ ਵਿਸਥਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਪੰਜਾਬ ਵਿੱਚ ਟਮਾਟਰਾਂ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕਰੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ’ਚ ਸੁਧਾਰ ਹੋਵੇਗਾ। ਇਸ ਦੌਰਾਨ ਸਿਹਤ ਜਾਂਚ ਤੇ ਸੰਭਾਲ ਬਾਰੇ ਲੈਬਾਰਟਰੀਆਂ ਦੀ ਭਾਰਤੀ ਬਹੁ-ਰਾਸ਼ਟਰੀ ਕੰਪਨੀ ਥਾਈਰੋਕੇਅਰ ਦੇ ਵਫਦ ਨਾਲ ਵੀ ਮੀਟਿੰਗ ਕੀਤੀ ਗਈ।

ਉਨ੍ਹਾਂ ਮਫਤਲਾਲ ਗਰੁੱਪ ਨਾਲ ਮੀਟਿੰਗ ਦੌਰਾਨ ਕਿਹਾ ਕਿ ਸੂਬੇ ਦੀ ਕਪਾਹ ਪੱਟੀ ਵਿਸ਼ਵ ਭਰ ’ਚ ਸਭ ਤੋਂ ਵਧੀਆ ਕਪਾਹ ਪੈਦਾ ਕਰਦੀ ਹੈ, ਜਿਸ ਨੂੰ ਉੱਤਮ ਦਰਜੇ ਦਾ ਕੱਪੜਾ ਬਣਾਉਣ ਲਈ ਕੱਚੇ ਮਾਲ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਮਹਿੰਦਰਾ ਐਂਡ ਮਹਿੰਦਰਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸੂਬੇ ’ਚ ਸੈਰ ਸਪਾਟਾ ਖੇਤਰ ਖਾਸ ਕਰਕੇ ਰਣਜੀਤ ਸਾਗਰ ਡੈਮ, ਚੋਹਾਲ ਡੈਮ ਅਤੇ ਹੋਰਾਂ ਪ੍ਰਾਜੈਕਟਾਂ ਦੇ ਆਸ-ਪਾਸ ਵੱਡੀਆਂ ਸੰਭਾਵਨਾਵਾਂ ਹਨ। ਕੰਪਨੀ ਨੇ ਸੂਬੇ ’ਚ ਕਲੱਬ ਮਹਿੰਦਰਾ ਰਿਜ਼ੌਰਟ ਦੀ ਆਪਣੀ ਚੇਨ ਸਥਾਪਤ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਮੁੱਖ ਮੰਤਰੀ ਨੂੰ ਲਾਲੜੂ ਵਿੱਚ ਸਵਰਾਜ ਟਰੈਕਟਰਜ਼ ਦੇ ਅੱਪਗਰੇਡ ਕੀਤੇ ਪਲਾਂਟ ਦੇ ਉਦਘਾਟਨ ਲਈ ਵੀ ਸੱਦਾ ਦਿੱਤਾ। ਮੁੱਖ ਮੰਤਰੀ ਨੇ ਗੋਦਰੇਜ ਗਰੁੱਪ ਨੂੰ ਖੇਤੀਬਾੜੀ ਸੈਕਟਰ ਵਿਚ ਨਿਵੇਸ਼ ਕਰਨ ਲਈ ਆਖਿਆ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਜਿੰਦਲ ਸਟੀਲ ਨੂੰ ਸੂਬੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਮਾਨ ਨੇ ਕਪਿਲ ਸ਼ਰਮਾ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਦੇ ਦੋ ਰੋਜ਼ਾ ਦੌਰੇ ਦੌਰਾਨ ਅੱਜ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਮਾਨ ਅਤੇ ਸ਼ਰਮਾ ਨੇ ਆਪਣੇ ਪੁਰਾਣੇ ਦਿਨ ਯਾਦ ਕੀਤੇ। ਸ਼ਰਮਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਪਿਲ ਸ਼ਰਮਾ ਪਹਿਲਾਂ ਕਈ ਵਾਰ ਇਕੱਠੇ ਕੰਮ ਕਰ ਚੁੱਕੇ ਹਨ।