ਸਨਅਤਕਾਰ ਦੂਜੇ ਰਾਜਾਂ ’ਚ ਜਾਣ ਲਈ ਮਜਬੂਰ: ਸੁਖਬੀਰ

ਸਨਅਤਕਾਰ ਦੂਜੇ ਰਾਜਾਂ ’ਚ ਜਾਣ ਲਈ ਮਜਬੂਰ: ਸੁਖਬੀਰ

ਹਸਪਤਾਲ ਵਿੱਚ ਜ਼ੇਰੇ ਇਲਾਜ ਸਨਅਤਕਾਰ ਸੰਭਵ ਜੈਨ ਨਾਲ ਕੀਤੀ ਮੁਲਾਕਾਤ
ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਡੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੌਜ਼ਰੀ ਕਾਰੋਬਾਰੀ ਸੰਭਵ ਜੈਨ ਨਾਲ ਮੁਲਾਕਾਤ ਕਰ ਕੇ ਉਸ ਦਾ ਹਾਲ ਜਾਣਿਆ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ‘ਆਪ’ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਇੰਨੀ ਵਿਗੜ ਚੁੱਕੀ ਹੈ ਕਿ ਸਨਅਤਕਾਰਾਂ ਨੂੰ ਮਜਬੂਰੀ ਵਿੱਚ ਉੱਤਰ ਪ੍ਰਦੇਸ਼ ਤੇ ਹੋਰਨਾਂ ਰਾਜਾਂ ਵੱਲ ਰੁਖ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਸ੍ਰੀ ਬਾਦਲ ਨੇ ਹੌਜ਼ਰੀ ਸਨਅਤ ਦੇ ਪ੍ਰਮੁੱਖ ਪ੍ਰਤੀਨਿਧਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਸਨਅਤਕਾਰ ਪੰਜਾਬ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਰੋਸ ਵਜੋਂ ਆਪਣੀਆਂ ਸਨਅਤਾਂ ਦੀਆਂ ਚਾਬੀਆਂ ਮੁੱਖ ਮੰਤਰੀ ਦੇ ਹੱਥ ਸੌਂਪਣ ਨੂੰ ਵੀ ਤਿਆਰ ਹਨ। ਉਨ੍ਹਾਂ ਦੱਸਿਆ ਕਿ ਨਾ ਸਿਰਫ਼ ਗੁੰਡਾ ਅਨਸਰਾਂ ਵੱਲੋਂ ਸਗੋਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਸਨਅਤਕਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਕੇ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦੇ ਇੱਕ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਕਾਰੋਬਾਰੀਆਂ ਨੂੰ ਫਿਰੌਤੀ ਲਈ ਮਿਲਣ ਵਾਲੀਆਂ ਧਮਕੀਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਦੂਜੇ ਪਾਸੇ, ਗੈਂਗਸਟਰ ਜੇਲ੍ਹਾਂ ਵਿੱਚੋਂ ਵੀ ਆਪਣਾ ਨੈੱਟਵਰਕ ਚਲਾ ਰਹੇ ਹਨ। ਪਿਛਲੇ ਦਿਨੀਂ ਬਰਨਾਲਾ ਵਿੱਚ ਹੋਏ ਕਾਂਸਟੇਬਲ ਦੇ ਕਤਲ ਅਤੇ ਅੰਮ੍ਰਿਤਸਰ ਵਿੱਚ ਹੋਏ ਏਐੱਸਆਈ ਦੇ ਕਤਲ ਦਾ ਹਵਾਲਾ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸੂਬੇ ’ਚ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਹੁਣ ਪੁਲੀਸ ਅਮਲਾ ਵੀ ਸੁਰੱਖਿਅਤ ਨਹੀਂ ਰਿਹਾ।