ਸਨਅਤਕਾਰਾਂ ਵੱਲੋਂ ‘ਸਰਕਾਰ-ਸਨਅਤਕਾਰ ਮਿਲਣੀ’ ਦੇ ਉਪਰਾਲੇ ਦੀ ਸ਼ਲਾਘਾ

ਸਨਅਤਕਾਰਾਂ ਵੱਲੋਂ ‘ਸਰਕਾਰ-ਸਨਅਤਕਾਰ ਮਿਲਣੀ’ ਦੇ ਉਪਰਾਲੇ ਦੀ ਸ਼ਲਾਘਾ

ਜਲੰਧਰ – ਪੰਜਾਬ ਸਰਕਾਰ ਵੱਲੋਂ ਕਰਵਾਈ ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਸਥਾਨਕ ਸਨਅਤਕਾਰਾਂ ਨੇ ਅੱਜ ਸੂਬਾ ਭਰ ਵਿੱਚ ਅਜਿਹੀਆਂ ਮਿਲਣੀਆਂ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਸਨਅਤਕਾਰਾਂ ਵੱਲੋਂ ਉਠਾਏ ਵੱਖ-ਵੱਖ ਮਸਲਿਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਕੇ ’ਤੇ ਹੀ ਕਈ ਐਲਾਨ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਸਨਅਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਢੁਕਵੇਂ ਕਦਮ ਚੁੱਕਣ ਲਈ ਆਖਿਆ। ਅਲਫ਼ਾ ਪੈਕੇਜਿੰਗ ਇੰਡਸਟਰੀ ਦੇ ਮਨੀਸ਼ ਅਰੋੜਾ ਨੇ ਮੁੱਖ ਮੰਤਰੀ ਦਾ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੈਦਰ ਕੰਪਲੈਕਸ ਵਿੱਚ ਉਦਯੋਗਿਕ ਇਕਾਈਆਂ ਨੂੰ ਜਾਣ ਵਾਲੀ ਮੁੱਖ ਸੜਕ ਖਸਤਾ ਹਾਲਤ ਵਿੱਚ ਸੀ, ਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਰੋਜ਼ਾਨਾ ਆਉਣ ਵਾਲੇ ਯਾਤਰੀਆਂ ਅਤੇ ਮਜ਼ਦੂਰਾਂ ਨੂੰ ਵੱਡੀ ਰਾਹਤ ਮਿਲੇਗੀ।

ਉਦਯੋਗਪਤੀ ਗੁਰਸ਼ਰਨ ਸਿੰਘ ਨੇ ਸਨਅਤਕਾਰਾਂ ਦੀਆਂ ਮੰਗਾਂ ਗੌਰ ਨਾਲ ਸੁਣਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਸਨਅਤਕਾਰ ਨਰਿੰਦਰ ਸਿੰਘ ਸੱਗੂ ਅਤੇ ਗੌਤਮ ਕਪੂਰ ਨੇ ਮੰਗ ਕੀਤੀ ਕਿ ਇਹ ਮੀਟਿੰਗਾਂ ਕੁਝ ਮਹੀਨਿਆਂ ਦੇ ਵਕਫੇ ਬਾਅਦ ਨਿਯਮਤ ਤੌਰ ‘ਤੇ ਕਰਵਾਈਆਂ ਜਾਣ। ਗੌਤਮ ਕਪੂਰ ਨੇ ਕਿਹਾ ਕਿ ਸਨਅਤਕਾਰਾਂ ਨਾਲ ਅੱਜ ਦੀ ਮੁਲਾਕਾਤ ਪਿਛਲੇ 43 ਸਾਲਾਂ ਵਿੱਚ ਪਹਿਲੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਸਾਵੀ ਇੰਟਰਨੈਸ਼ਨਲ ਦੇ ਮੁਕੁਲ ਵਰਮਾ ਨੇ ਜ਼ਿਲ੍ਹੇ ਵਿੱਚ ਖੇਡਾਂ ਅਤੇ ਹੈਂਡ ਟੂਲ ਉਦਯੋਗ ਨੂੰ ਹੋਰ ਵਿਕਸਤ ਕਰਨ ਲਈ ਜ਼ਮੀਨ ਦੇ ਇੱਕ ਵੱਡੇ ਹਿੱਸੇ ਦੀ ਮੰਗ ਕੀਤੀ। ਇਸ ਦੌਰਾਨ ਗੁਰਚਰਨ ਸਿੰਘ ਨੇ ਐੱਮਐੱਸਐੱਮਈਜ਼ ਦੀ ਬਾਂਹ ਫੜਨ ਲਈ ਸਰਕਾਰ ਦਾ ਧੰਨਵਾਦ ਕੀਤਾ।

ਉਦਯੋਗਪਤੀ ਸ਼ਰਦ ਅਗਰਵਾਲ, ਜੋ ਹੈਂਡਟੂਲਜ਼ ਅਤੇ ਆਟੋ ਕੰਪੋਨੈਂਟਸ ਉਦਯੋਗ ਵਿੱਚ 200 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ, ਨੇ ਵੀ ਰਾਜ ਵਿੱਚ ਨਿਵੇਸ਼ ਲਈ ਆਪਣੀ ਯੋਜਨਾ ਸਾਂਝੀ ਕੀਤੀ। ਗੌਰਵ ਕੈਥਵਾਲ ਨੇ ਉਦਯੋਗ ਪੱਖੀ ਪਹਿਲਕਦਮੀਆਂ ਲਈ ਰਾਜ ਸਰਕਾਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਉਦਯੋਗ ਪੱਖੀ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਵੱਲੋਂ ਮੁੱਖ ਮੰਤਰੀ ਦੀ ਸ਼ਲਾਘਾ

ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਇੱਥੇ ਅੱਜ ਗੋਇੰਦਵਾਲ ਇੰਡਸਟਰੀ ਨਾਲ ਜੁੜੇ ਸਨਅਤਕਾਰਾਂ ਦੀ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਮੁਸ਼ਕਿਲਾਂ ਨੂੰ ਮੌਕੇ ਤੇ ਹੱਲ ਕਰਦਿਆਂ ਰਹਿੰਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਨਅਤਕਾਰਾਂ ਦੇ ਸਮੁੱਚੇ ਵਫ਼ਦ ਨੂੰ ਚੰਡੀਗੜ੍ਹ ਬੁਲਾਇਆ ਹੈ। ਐਸੋਈਸ਼ੇਸਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਾਵਰਕੌਮ ਵਿਭਾਗ ਅਤੇ ਡੀਆਈਸੀ ਨਾਲ ਸਬੰਧਤ ਮੰਗਾਂ ਨੂੰ ਤਰੁੰਤ ਹੱਲ ਕਰਵਾਉਂਦੇ ਹੋਏ ਭਰੋਸਾ ਦਿੱਤਾ ਕਿ ਪੰਜਾਬ ਲਘੂ ਉਦਯੋਗ ਚੰਡੀਗੜ ਨਾਲ ਜੁੜੀਆਂ ਮੁਸ਼ਕਲਾਂ ਆਉਣ ਵਾਲੇ ਹਫ਼ਤੇ ਵਿੱਚ ਹੀ ਐਸੋਈਸ਼ੇਸਨ ਦੇ ਵਫ਼ਦ ਦੀ ਹਾਜ਼ਰੀ ਚ ਸਬੰਧਤ ਅਫਸਰਾਂ ਨੂੰ ਬੁਲਾ ਕੇ ਹੱਲ ਕੀਤੀਆਂ ਜਾਣਗੀਆਂ। ਵਫ਼ਦ ਵਿੱਚ ਸ਼ਾਮਲ ਸੁਰਿੰਦਰਪਾਲ ਸਿੰਘ ਸੈਣੀ, ਹਰਪਿੰਦਰ ਸਿੰਘ ਗਿੱਲ, ਅਜੀਤ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।