ਸਤਲੁਜ ਦੀ ਮਾਰ: ਫ਼ਸਲਾਂ ਤਬਾਹ, ਲੋਕ ਤਿਹਾਏ

ਸਤਲੁਜ ਦੀ ਮਾਰ: ਫ਼ਸਲਾਂ ਤਬਾਹ, ਲੋਕ ਤਿਹਾਏ

ਤਰਨ ਤਾਰਨ- ਜ਼ਿਲ੍ਹੇ ਦੇ ਪਿੰਡ ਘੜੂੰਮ ਨੇੜੇ ਸਤਲੁਜ ਦਰਿਆ ਦੇ ਬੰਨ੍ਹ ਵਿੱਚ ਪਾੜ ਕਾਰਨ ਜਿੱਥੇ ਕਈ ਪਿੰਡਾਂ ’ਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਈ ਗਈ, ਉਥੇ ਹੀ ਖੇਤਰ ਦੇ ਲੋਕ ਬਿਜਲੀ ਅਤੇ ਪੀਣ ਵਾਲੇ ਪਾਣੀ ਸਣੇ ਹੋਰ ਸਹੂਲਤਾਂ ਨੂੰ ਤਰਸ ਰਹੇ ਹਨ। ਖੇਤਰ ਦੇ ਪਿੰਡ ਕੁੱਤੀ ਵਾਲਾ ਵਾਸੀ ਰੇਸ਼ਮ ਸਿੰਘ ਤੇ ਸਤਿੰਦਰਪਾਲ ਸਿੰਘ ਸਣੇ ਹੋਰਾਂ ਨੇ ਦੱਸਿਆ ਕਿ ਦਰਿਆ ਦੇ ਬੰਨ੍ਹ ’ਚ ਪਾੜ ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਬਿਜਲੀ ਵਿਭਾਗ ਨੇ ਪਿੰਡ ਘੜੂੰਮ, ਕੁੱਤੀਵਾਲਾ, ਕੋਟ ਬੁੱਢਾ ਤੇ ਸਭਰਾ ਸਮੇਤ ਲਗਪਗ 19 ਪਿੰਡਾਂ ’ਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ| ਇਸ ਦੌਰਾਨ ਕਈ ਕੁਝ ਲੋਕ ਉਨ੍ਹਾਂ ਦੇ ਘਰਾਂ ਅੰਦਰ ਪਾਣੀ ਆਉਣ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਨੂੰ ਚਲੇ ਗਏ ਸਨ, ਪਰ ਜਿਹੜੇ ਲੋਕ ਪਾਣੀ ਅੰਦਰ ਘਿਰ ਗਏ ਉਹ ਬਿਜਲੀ ਆਦਿ ਦੀ ਸਹੂਲਤ ਤੋਂ ਵਾਂਝੇ ਹਨ| ਰੇਸ਼ਮ ਸਿੰਘ, ਸਤਿੰਦਰਪਾਲ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕੁੱਤੀਵਾਲਾ ਦੀ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਉਨ੍ਹਾਂ ਦੇ ਘਰਾਂ ਤੱਕ ਪਾਣੀ ਦੀ ਸਪਲਾਈ ਨਹੀਂ ਹੋ ਸਕੀ| ਉਨ੍ਹਾਂ ਕਿਹਾ ਕਿ ਬਾਬਾ ਬਿਧੀ ਚੰਦ ਸੰਪਰਦਾ ਨੇ ਸੁਣਦਿਆਂ ਆਪਣੇ ਹਰੀਕੇ ਦੇ ਡੇਰੇ ਤੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਤੱਕ ਪੀਣ ਵਾਲੇ ਪਾਣੀ ਦੇ ਟੈਂਕਰ ਭੇਜਣੇ ਸ਼ੁਰੂ ਕੀਤੇ ਹਨ| ਟੈਂਕਰ ਬਾਰੇ ਗੁਰਦੁਆਰੇ ਤੋਂ ਮੁਨਾਦੀ ਕਰਵਾਈ ਜਾਂਦੀ ਹੈ ਤੇ ਲੋਕ ਬਾਲਟੀਆਂ ’ਚ ਪਾਣੀ ਲੈਕੇ ਜਾਂਦੇ ਹਨ। ਕੁਝ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਸਬਮਰਸਿਬਲ ਜਾਮ ਹੋ ਗਏ ਹਨ ਜਾਂ ਫਿਰ ਉਨ੍ਹਾਂ ’ਚੋਂ ਗਾਰ ਵਾਲਾ ਪਾਣੀ ਆਉਂਦਾ ਹੈ|

ਪ੍ਰਭਾਵਿਤ ਕਿਸਾਨਾਂ ਕਿਹਾ ਕਿ ਸਮੁੱਚਾ ਪ੍ਰਸ਼ਾਸਨ ਘੜੂੰਮ ਦੇ ਪਾੜ ਨੂੰ ਪੂਰਨ ਵੱਲ ਹੋ ਗਿਆ ਹੈ ਅਤੇ ਖੇਤਾਂ ਵਿੱਚ ਭਰੇ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਵਿਸਾਰ ਦਿੱਤਾ ਹੈ| ਇਲਾਕੇ ਦੇ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਆ ਰਹੀ ਮੁਸ਼ਕਲ ਬਾਰੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਇੰਨਾ ਹੀ ਕਿਹਾ ਕਿ ‘ਉਹ ਦੇਖਣਗੇ’| ਪੀੜਤ ਕਿਸਾਨਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਸਰਕਾਰ ਵਲੋਂ ਭੇਜਿਆ ਮੁਆਵਜ਼ੇ ਦਾ ਇਕ ਧੇਲਾ ਤੱਕ ਵੀ ਨਹੀਂ ਆਇਆ| ਨਹਿਰੀ ਵਿਭਾਗ ਦੇ ਅਧਿਕਾਰੀਆਂ ਕਿਹਾ ਕਿ ਪਾੜ ਦੇ ਅੱਜ ਰਾਤ ਜਾਂ ਫਿਰ ਭਲਕੇ ਸੋਮਵਾਰ ਤੱਕ ਪੂਰ ਲਏ ਜਾਣ ਦੀ ਉਮੀਦ ਹੈ|