ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਮੁਸੀਬਤਾਂ ਦਾ ਹੜ੍ਹ ਆਇਆ

ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਮੁਸੀਬਤਾਂ ਦਾ ਹੜ੍ਹ ਆਇਆ

ਜਲੰਧਰ- ਇਸ ਖੇਤਰ ਵਿੱਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਮੁਸੀਬਤਾਂ ਦਾ ਹੜ੍ਹ ਆ ਗਿਆ ਹੈ। ਪਾਣੀ ਦੀ ਮਾਰ ਹੇਠ ਆਉਣ ਵਾਲੇ ਖੇਤਰ ਵਿੱਚ ਬਿਮਾਰੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਘਰਾਂ ਵਿੱਚ ਪਾਣੀ ਭਰਨ ਮਗਰੋਂ ਪੀਣ ਲਈ ਸਾਫ਼ ਪਾਣੀ ਦੀ ਘਾਟ ਆ ਗਈ ਹੈ, ਜਿਸ ਕਾਰਨ ਉਕਤ ਇਲਾਕਿਆਂ ਵਿੱਚ ਪੇਟ ਦੀਆਂ ਬਿਮਾਰੀਆਂ, ਚਮੜੀ ਰੋਗਾਂ, ਬੁਖਾਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਕੇਸ ਵਧਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੰਢਾਲਾ ਛੰਨਾ ਤੇ ਨੇੜਲੇ ਕੁਝ ਪਿੰਡਾਂ ਵਿੱਚ ਸਥਾਨਕ ਲੋਕਾਂ ਵੱਲੋਂ ਪੀੜਤਾਂ ਤੱਕ ਪੇਟ ਦੀਆਂ ਬਿਮਾਰੀਆਂ ਤੇ ਚਮੜੀ ਰੋਗ ਆਦਿ ਲਈ ਦਵਾਈਆਂ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਸਥਾਨਕ ਪਿੰਡ ਦੀ ਵਸਨੀਕ ਔਰਤ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਕਾਰਨ ਲੋਕਾਂ ਨੂੰ ਚਮੜੀ ’ਤੇ ਖਾਰਸ਼ ਹੋਣ ਤੇ ਪੇਟ ਖਰਾਬ ਹੋਣ ਦੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਮੱਛਰ ਵਧਣ ਕਰਕੇ ਡੇਂਗੂ ਦੇ ਮਾਮਲੇ ਵੀ ਵਧਣੇ ਸ਼ੁਰੂ ਹੋ ਗਏ ਹਨ। ਸਿਹਤ ਅਧਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲੇ ਹੋਰ ਵਧਣ ਦੀ ਸੰਭਾਵਨਾ ਹੈ। ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਪਾਣੀ ਦਾ ਪੱਧਰ ਘਟਣ ਮਗਰੋਂ ਕਈ ਕਿਸਮ ਦੀਆਂ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 24 ਪਿੰਡਾਂ ਦੇ ਲਗਪਗ ਨੌਂ ਹਜ਼ਾਰ ਬਾਸ਼ਿੰਦੇ ਇਸ ਹੜ੍ਹ ਦੀ ਮਾਰ ਹੇਠ ਆਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕਰਨ ਲਈ 13 ਮੋਬਾਈਲ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਇਸ ਵੇਲੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਪੇਟ ਦੀਆਂ ਬਿਮਾਰੀਆਂ ਅਤੇ ਚਮੜੀ ਰੋਗਾਂ ਨਾਲ ਸਬੰਧਤ ਕੇਸਾਂ ਵਿੱਚ ਕਾਫ਼ੀ ੲਿਜਾਫ਼ਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਿਹਤ ਜਾਂਚ ਕਰਵਾਉਣ ਲਈ ਸਮੇਂ ਸਮੇਂ ’ਤੇ ਮੁਨਾਦੀ ਵੀ ਕਰਵਾਈ ਜਾ ਰਹੀ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟਣ ਨਾਲ ਆਏ ਹੜ੍ਹ ਨੇ ਇਲਾਕੇ ਭਰ ਵਿੱਚ ਭਾਰੀ ਤਬਾਹੀ ਮਚਾਈ ਹੈ। ਪਾੜ ਦੀ ਚੌੜਾਈ 150 ਤੋਂ ਵੱਧ ਕੇ 300 ਫੁੱਟ ਹੋ ਗਈ ਹੈ। ਲੋਹੀਆਂ ਇਲਾਕੇ ’ਚ ਦੋ ਦਰਜਨ ਤੋਂ ਵੱਧ ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਹਨ, ਜਿਸ ਕਰਕੇ ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਲੋਕਾਂ ਨੂੰ ਦਵਾਈਆਂ, ਮੱਛਰਦਾਨੀਆਂ ਤੇ ਤਰਪਾਲਾਂ ਆਦਿ ਦੀ ਸਖ਼ਤ ਲੋੜ ਹੈ। ਵੱਡੀ ਗਿਣਤੀ ਲੋਕਾਂ ਨੇ ਹਾਲੇ ਵੀ ਆਪਣੇ ਘਰ ਨਹੀਂ ਛੱਡੇ ਹਨ, ਜਿਸ ਕਰਕੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪਾਣੀ ਦਾ ਪੱਧਰ ਤਿੰਨ ਤੋਂ ਚਾਰ ਫੁੱਟ ਘਟਿਆ ਹੈ।