ਸਤਲੁਜ ਦਰਿਆ ਕੰਢੇ ਵਸਦੇ ਪਿੰਡਾਂ ’ਚ ਮੀਂਹ ਕਾਰਨ ਭਾਰੀ ਨੁਕਸਾਨ

ਸਤਲੁਜ ਦਰਿਆ ਕੰਢੇ ਵਸਦੇ ਪਿੰਡਾਂ ’ਚ ਮੀਂਹ ਕਾਰਨ ਭਾਰੀ ਨੁਕਸਾਨ

ਸ੍ਰੀ ਆਨੰਦਪੁਰ ਸਾਹਿਬ- ਪੰਜਾਬ ਸਣੇ ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਨਿ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸਵਾਂ ਨਦੀ ਵਿੱਚ 74636 ਕਿਊਸਿਕ ਪਾਣੀ ਭਰ ਗਿਆ ਹੈ ਅਤੇ ਜਲ ਪੱਧਰ ਵਧਣ ਕਾਰਨ ਸਤਲੁਜ ਕਨਿਾਰੇ ਵਸਦੇ ਪਿੰਡਾਂ ਤੇ ਇਲਾਕਿਆਂ ਵਿੱਚ ਲੋਕਾਂ ਦੇ ਘਰੇਲੂ ਸਾਮਾਨ ਨੂੰ ਕਾਫੀ ਨੁਕਸਾਨ ਹੋਇਆ ਹੈ। ਇਥੋਂ ਦੀਆਂ ਸਾਰੀਆਂ ਹੀ ਬਰਸਾਤੀ ਨਦੀਆਂ ਪਾਣੀ ਨਾਲ ਨੱਕੋ ਨੱਕ ਭਰ ਗਈਆਂ ਹਨ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ, ਕਾਂਗੜਾ, ਹਮੀਰਪੁਰ, ਬਿਲਾਸਪੁਰ ਤੇ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਚ ਭਾਰੀ ਮੀਂਹ ਪੈਣ ਕਾਰਨ ਜਿੱਥੇ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ ਉੱਥੇ ਹੀ ਬੁਨਿਆਦੀ ਢਾਂਚੇ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਹਾਲਾਂਕਿ ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਫਲੱਡ ਕੰਟਰੋਲ ਰੂਮਾਂ ਨੂੰ 24 ਘੰਟੇ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ, ਉੱਥੇ ਹੀ ਸਾਰੇ ਹੀ ਅਫਸਰਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਸਟੇਸ਼ਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਇਸ ਕੁਦਰਤੀ ਕਹਿਰ ਕਾਰਨ ਰੇਲਵੇ ਟਰੈਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਦਿੱਲੀ ਤੋਂ ਊਨਾ ਜਾਣ ਵਾਲੀਆਂ ਅਹਿਮ ਰੇਲ ਗੱਡੀਆਂ ਜਨਿ੍ਹਾਂ ਵਿੱਚ ਵੰਦੇ ਭਾਰਤ, ਜਨ ਸ਼ਤਾਬਦੀ, ਹਿਮਾਚਲ ਐਕਸਪ੍ਰੈਸ ਆਦਿ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਰੇਲਵੇ ਅਧਿਕਾਰੀ ਦਲਜੀਤ ਸਿੰਘ ਵੱਲੋਂ ਕੀਤੀ ਗਈ ਹੈ। ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ’ਤੇ ਸਥਿਤ ਅਗੰਮਪੁਰ ਰੇਲਵੇ ਫਾਟਕ ਵੀ ਬਰਸਾਤੀ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਪਿੰਡ ਬੱਢਲ, ਮੁਹੱਲਾ ਬੜੀ ਸਰਕਾਰ ਵਿਚ ਕਈ ਘਰਾਂ ਦਾ ਨੁਕਸਾਨ ਹੋਣ ਦੀਆਂ ਖਬਰਾਂ ਹਨ।

ਕੈਬਨਿਟ ਮੰਤਰੀ ਨੇ ਲੋਕਾਂ ਤੋਂ ਸਹਿਯੋਗ ਮੰਗਿਆ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਆਨੰਦਪੁਰ ਸਾਹਿਬ ਹਲਕਾ ਤੇ ਜ਼ਿਲ੍ਹਾ ਰੂਪਨਗਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਵਿੱਚ ਲੱਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣਾ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਫਲੱਡ ਕੰਟਰੋਲ ਰੂਮ ਸਥਾਪਿਤ ਕਰਕੇ 24 ਘੰਟੇ ਕਾਰਜਸ਼ੀਲ ਕੀਤੇ ਗਏ ਹਨ, ਜਨਿ੍ਹਾਂ ਦੇ ਟੈਲੀਫੋਨ ਨੰਬਰ ਵੀ ਜਨਤਕ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ, ਮਾਲ ਤੇ ਪਸ਼ੂ ਧਨ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ, ਇਸ ਲਈ ਅਧਿਕਾਰੀ ਤੇ ਕਰਮਚਾਰੀ ਹਰ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਅਫਵਾਹਾਂ ’ਤੇ ਭਰੋਸਾ ਨਾ ਕਰਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਰੂਪਨਗਰ- 01881221157, ਤਹਿਸੀਲ ਦਫਤਰ ਸ੍ਰੀ ਆਨੰਦਪੁਰ ਸਾਹਿਬ 01887-232015, ਬੀ.ਡੀ.ਪੀ.ਓ ਨੂਰਪੁਰ ਬੇਦੀ 01887-240424, ਤਹਿਸੀਲ ਦਫਤਰ ਨੰਗਲ 01887-221030 ਜਾਰੀ ਕੀਤੇ ਗਏ ਹਨ।