ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਦੋ ਪੰਜਾਬੀ ਨੌਜਵਾਨ

ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਦੋ ਪੰਜਾਬੀ ਨੌਜਵਾਨ

ਫ਼ਿਰੋਜ਼ਪੁਰ- ਸਤਲੁਜ ਦਰਿਆ ’ਚ ਰੁੜ੍ਹ ਕੇ ਦੋ ਭਾਰਤੀ ਨੌਜਵਾਨ ਪਾਕਿਸਤਾਨ ਦੇ ਇਲਾਕੇ ਵਿਚ ਦਾਖਲ ਹੋ ਗਏ ਜਿੱਥੇ ਇਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਨੂੰ ਅਜੇ ਤੱਕ ਛੱਡਿਆ ਨਹੀਂ ਗਿਆ ਹੈ। ਲੁਧਿਆਣਾ ਦੇ ਕਸਬਾ ਸਿੱਧਵਾਂ ਬੇਟ ’ਚ ਪੈਂਦੇ ਪਿੰਡ ਪਰਜੀਆ ਭਿਹਾਰੀ ਦੇ ਇਹ ਨੌਜਵਾਨ ਸ਼ਨਿਚਰਵਾਰ ਸਤਲੁਜ ਦਰਿਆ ਵਿਚ ਰੁੜ੍ਹ ਗਏ ਸਨ ਤੇ ਇੱਥੇ ਗਜਨੀ ਵਾਲਾ ਦੇ ਕੋਲੋਂ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਪਹੁੰਚ ਗਏ ਸਨ। ਇਨ੍ਹਾਂ ਦੀ ਸ਼ਨਾਖ਼ਤ ਰਤਨਪਾਲ ਸਿੰਘ (25) ਪੁੱਤਰ ਮਹਿੰਦਰ ਸਿੰਘ ਅਤੇ ਹਰਵਿੰਦਰ ਸਿੰਘ (26) ਪੁੱਤਰ ਮੁਖ਼ਤਿਆਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪਾਕਿਸਤਾਨੀ ਰੇਂਜਰ ਪੁੱਛਗਿੱਛ ਕਰ ਰਹੇ ਹਨ। ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਸ਼ਨਿਚਰਵਾਰ ਪਾਕਿਸਤਾਨੀ ਰੇਂਜਰਾਂ ਨੇ ਜਾਣੂ ਕਰਾਇਆ ਹੈ। ਇਸ ਬਾਰੇ ਦੋਵਾਂ ਧਿਰਾਂ ਵਿਚਾਲੇ ਫ਼ਲੈਗ ਮੀਟਿੰਗ ਵੀ ਹੋਈ ਹੈ, ਜਿਸ ਵਿਚ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਣ ਲਈ ਕਿਹਾ ਗਿਆ ਸੀ। ਜਵਾਬ ਵਿਚ ਪਾਕਿਸਤਾਨੀ ਰੇਂਜਰਾਂ ਨੇ ਪੁੱਛਗਿੱਛ ਪੂਰੀ ਹੋਣ ਮਗਰੋਂ ਇਨ੍ਹਾਂ ਨੂੰ ਵਾਪਸ ਭੇਜਣ ਦੀ ਹਾਮੀ ਵੀ ਭਰੀ ਸੀ, ਪਰ ਅਜੇ ਤੱਕ ਦੋਵਾਂ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਹਵਾਲੇ ਨਹੀਂ ਕੀਤਾ ਗਿਆ। ਫੌਜ ਅਧਿਕਾਰੀ ਨੇ ਆਸ ਜਤਾਈ ਕਿ ਛੇਤੀ ਹੀ ਦੋਵੇਂ ਨੌਜਵਾਨ ਭਾਰਤ ਨੂੰ ਸੌਂਪ ਦਿੱਤੇ ਜਾਣਗੇ।